ਐੱਨ.ਆਰ.ਆਈ. ਦੀ ਮਿਹਨਤ ਸਦਕਾ ਇਹ ਪਿੰਡ ਪਾਉਂਦਾ ਹੈ ਕੈਨੇਡਾ ਨੂੰ ਮਾਤ
Saturday, Mar 30, 2019 - 12:44 PM (IST)
ਗੁਰਦਾਸਪੁਰ (ਗੁਰਪ੍ਰੀਤ ਚਾਵਲਾ) : ਇਕ ਪਾਸੇ ਪੰਜਾਬ ਦੇ ਨੌਜਵਾਨਾਂ 'ਚ ਵਿਦੇਸ਼ਾਂ ਵੱਲ ਰੁਖ ਕਰ ਰਹੇ ਹਨ ਤੇ ਦੂਜੇ ਪਾਸੇ ਕੁਝ ਅਜਿਹੇ ਵੀ ਲੋਕ ਨੇ, ਜੋ ਵਿਦੇਸ਼ ਜਾ ਕੇ ਵੀ ਆਪਣੀਆਂ ਜੜ੍ਹਾਂ ਨਹੀਂ ਭੁੱਲਦੇ ਤੇ ਪੰਜਾਬ ਦੀ ਮਿੱਟੀ ਉਨ੍ਹਾਂ ਨੂੰ ਆਪਣੇ ਪਿੰਡ 'ਚ ਖਿੱਚ ਲਿਆਉਂਦੀ ਹੈ। ਅਜਿਹਾ ਹੀ ਨੌਜਵਾਨ ਗੁਰਦਾਸਪੁਰ ਦੇ ਪਿੰਡ ਬੁੱਲੇਵਾਲ ਦਾ ਰਹਿਣ ਵਾਲਾ ਗੁਰਜੀਤ ਸਿੰਘ ਹੈ, ਜੋ ਬੀਤੇ ਕਈ ਸਾਲਾਂ ਤੋਂ ਨਾਰਵੇ 'ਚ ਰਹਿ ਰਿਹਾ ਹੈ। ਪੰਜਾਬ ਆਉਂਦੇ ਹੀ ਗੁਰਜੀਤ ਨੇ ਜਦੋਂ ਆਪਣੇ ਪਿੰਡ ਦੇ ਹਾਲਾਤ ਦੇਖੇ ਤਾਂ ਉਸ ਨੇ ਸੋਚਿਆ ਕਿਉਂ ਨਾ ਉਹ ਆਪਣੇ ਪਿੰਡ ਨੂੰ ਸੰਵਾਰਨ ਦਾ ਕੰਮ ਕਰੇ ਤੇ ਉਸ ਨੇ ਆਪਣੀ ਜਮਾਂ ਪੂੰਜੀ ਪਿੰਡ ਦੇ ਵਿਕਾਸ 'ਤੇ ਖਰਚਣੀ ਸ਼ੁਰੂ ਕਰ ਦਿੱਤੀ, ਜਿਸ ਦੇ ਨਤੀਜੇ ਵਜੋਂ ਪਿੰਡ ਨੂੰ ਇਕ ਸੁੰਦਰ ਦਿੱਖ ਮਿਲੀ।
ਗੁਰਜੀਤ ਦੇ ਦਿਲ 'ਚ ਸ਼ੁਰੂ ਤੋਂ ਹੀ ਪਿੰਡ ਦੀ ਸੇਵਾ ਕਰਨ ਦੀ ਇੱਛਾ ਸੀ ਤੇ ਜਦੋਂ ਉਸ ਕੋਲ ਪੈਸਾ ਆਇਆ ਤਾਂ ਉਸ ਨੇ ਸਭ ਤੋਂ ਪਹਿਲਾਂ ਇਸ ਸ਼ੌਂਕ ਨੂੰ ਹੀ ਪੂਰੀ ਕਰਨ ਦਾ ਸੋਚਿਆ। ਪਿੰਡ ਵਾਸੀਆਂ ਦੀ ਮਦਦ ਨਾਲ ਹੁਣ ਤੱਕ ਉਹ ਪਿੰਡ 'ਚ ਹਜ਼ਾਰਾਂ ਰੁੱਖ ਲਗਾ ਚੁੱਕੇ ਹੈ। ਪਿੰਡ ਦਾ ਸਟ੍ਰੀਟ ਲਾਈਟ ਸਿਸਟਮ ਸ਼ਹਿਰਾਂ ਨੂੰ ਵੀ ਮਾਤ ਪਾਉਂਦਾ ਹੈ ਤੇ ਪੱਕੀਆਂ ਗਲੀਆਂ ਤੇ ਆਸ-ਪਾਸ ਬੈਠਣ ਲਈ ਬਣੇ ਬੈਂਚ ਕੈਨੇਡਾ ਵਰਗੇ ਦੇਸ਼ 'ਚ ਹੋਣ ਦਾ ਭੁਲੇਖਾ ਪਾਉਂਦੇ ਹਨ। ਪਿੰਡ ਵਾਸੀ ਆਪਣੇ ਪਿੰਡ ਦੀ ਬਦਲੀ ਹੋਈ ਤਸਵੀਰ ਦੇਖ ਕੇ ਬੇਹੱਦ ਖੁਸ਼ ਹਨ।
ਪਿੰਡ ਦੇ ਵਿਕਾਸ ਦੀ ਇਹ ਮੂੰਹ ਬੋਲਦੀ ਤਸਵੀਰ ਦੱਸਦੀ ਹੈ ਕਿ ਜੇਕਰ ਦਿਲ 'ਚ ਕੁਝ ਕਰਨ ਦਾ ਜਜ਼ਬਾ ਹੋਵੇ ਤਾਂ ਕੋਈ ਵੀ ਰੁਕਾਵਟ ਤੁਹਾਡੇ ਇਰਾਦੇ ਨਹੀਂ ਬਦਲ ਸਕਦੀ। ਗੁਰਜੀਤ ਨੇ ਆਪਣੇ ਵਰਗੇ ਹੋਰ ਐੱਨ. ਆਰ. ਆਈਜ਼ ਨੂੰ ਵੀ ਹਾਅ ਦਾ ਨਾਅਰਾ ਮਾਰਿਆ ਹੈ ਕਿ ਉਹ ਆਪਣੇ ਪਿੰਡਾਂ ਦੀ ਵੀ ਸਾਰ ਲੈਣ ਤੇ ਇਕ-ਇਕ ਐੱਨ. ਆਰ. ਆਈ. ਪਿੰਡ ਦਾ ਥੋੜ੍ਹਾ ਜਿਹਾ ਵੀ ਵਿਕਾਸ ਕਰੇ ਤਾਂ ਉਹ ਦਿਨ ਦੂਰ ਨਹੀਂ ਜਦੋਂ ਪੰਜਾਬ ਦੇ ਪਿੰਡ ਕੈਨੇਡਾ, ਅਮਰੀਕਾ ਨੂੰ ਮਾਤ ਪਾਉਣਗੇ।