ਸ਼ਹਿਰ ਨੂੰ ਸਾਫ਼-ਸੁਥਰਾ ਤੇ ਖੂਬਸੂਰਤ ਬਣਾਉਣ ਲਈ ਲੋਕ ਵੀ ਸਾਥ ਦੇਣ : ਈ. ਓ

Thursday, Feb 21, 2019 - 03:48 AM (IST)

ਸ਼ਹਿਰ ਨੂੰ ਸਾਫ਼-ਸੁਥਰਾ ਤੇ ਖੂਬਸੂਰਤ ਬਣਾਉਣ ਲਈ ਲੋਕ ਵੀ ਸਾਥ ਦੇਣ : ਈ. ਓ
ਗੁਰਦਾਸਪੁਰ (ਬੇਰੀ)-ਨਗਰ ਕੌਂਸਲ ਬਟਾਲਾ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਸ਼ਹਿਰ ਨੂੰ ਸਾਫ਼-ਸੁਥਰਾ ਅਤੇ ਖੂਬਸੂਰਤ ਬਣਾਉਣ ਲਈ ਪਲਾਸਟਿਕ ਦੇ ਲਿਫ਼ਾਫ਼ਿਆਂ ਦੀ ਵਰਤੋਂ ਬਿਲਕੁਲ ਨਾ ਕਰਨ। ਬਟਾਲਾ ਵਾਸੀਆਂ ਨੂੰ ਇਹ ਅਪੀਲ ਕਰਦਿਆਂ ਨਗਰ ਕੌਂਸਲ ਦੇ ਈ. ਓ. ਭੁਪਿੰਦਰ ਸਿੰਘ ਨੇ ਕਿਹਾ ਕਿ ਪਲਾਸਟਿਕ ਦੇ ਲਿਫਾਫੇ ਸ਼ਹਿਰ ’ਚ ਗੰਦਗੀ ਫੈਲਣ ਦਾ ਮੁੱਖ ਕਾਰਨ ਬਣਦੇ ਹਨ, ਜਿਨ੍ਹਾਂ ਦੀ ਵਰਤੋਂ ਤੋਂ ਹਰ ਕਿਸੇ ਨੂੰ ਗੁਰੇਜ਼ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪਲਾਸਿਟਕ ਦੇ ਲਿਫ਼ਾਫਿਆਂ ਕਾਰਨ ਸੀਵਰੇਜ ਬੰਦ ਹੋ ਜਾਂਦਾ ਹੈ, ਜਿਸ ਕਾਰਨ ਪਾਣੀ ਓਵਰਫਲੋਅ ਹੋ ਕੇ ਸਡ਼ਕਾਂ ਅਤੇ ਗਲੀਆਂ ’ਚ ਆ ਜਾਂਦਾ ਹੈ, ਜੋ ਕਿ ਗੰਦਗੀ ਅਤੇ ਸਡ਼ਕਾਂ, ਗਲੀਆਂ ਦੇ ਟੁੱਟਣ ਦਾ ਮੁੱਖ ਕਾਰਨ ਬਣਦਾ ਹੈ। ਭੁਪਿੰਦਰ ਸਿੰਘ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਬਾਜ਼ਾਰ ’ਚ ਖਰੀਦਦਾਰੀ ਕਰਨ ਜਾਣ ਮੌਕੇ ਆਪਣੇ ਘਰ ਤੋਂ ਥੈਲਾ ਲੈ ਕੇ ਜਾਣ ਤਾਂ ਜੋ ਉਨ੍ਹਾਂ ਨੂੰ ਲਿਫਾਫੇ ਦੀ ਵਰਤੋਂ ਨਾ ਕਰਨੀ ਪਵੇ ਅਤੇ ਉਹ ਆਪਣੇ ਘਰਾਂ ਤੇ ਦੁਕਾਨਾਂ ਦਾ ਕੂਡ਼ਾ ਨਗਰ ਕੌਂਸਲ ਵਲੋਂ ਨਿਰਧਾਰਤ ਥਾਵਾਂ ’ਤੇ ਹੀ ਸੁੱਟਣ ਤਾਂ ਜੋ ਸਫ਼ਾਈ ਨੂੰ ਯਕੀਨੀ ਬਣਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਨਗਰ ਕੌਂਸਲ ਵਲੋਂ ਸ਼ਹਿਰ ’ਚ ਵਿਸ਼ੇਸ਼ ਸਫ਼ਾਈ ਮੁਹਿੰਮ ਚਲਾਈ ਜਾ ਰਹੀ ਹੈ, ਜਿਸ ਨੂੰ ਕਾਮਯਾਬ ਕਰਨ ਲਈ ਲੋਕਾਂ ਦੇ ਸਾਥ ਦੀ ਬਹੁਤ ਲੋਡ਼ ਹੈ। ਉਨ੍ਹਾਂ ਕਿਹਾ ਕਿ ਬਟਾਲਾ ਦੇ ਲੋਕ ਆਪਣੇ ਸ਼ਹਿਰ ਨੂੰ ਸਾਫ਼ ਰੱਖਣ ਲਈ ਖੁਦ ਵੀ ਯਤਨ ਕਰਨ ਅਤੇ ਸਾਰੇ ਲੋਕ ਅਤੇ ਨਗਰ ਕੌਂਸਲ ਮਿਲ ਕੇ ਬਟਾਲਾ ਨੂੰ ਸਾਫ਼-ਸੁਥਰਾ ਤੇ ਖੂਬਸੂਰਤ ਸ਼ਹਿਰ ਬਣਾ ਸਕਦੇ ਹਨ।

Related News