ਈ. ਵੀ. ਐੱਮ. ਮਸ਼ੀਨਾਂ ਦੇ ਨਾਲ ਵੀ. ਵੀ. ਪੈਟ. ਮਸ਼ੀਨਾਂ ਲੱਗਣ ਨਾਲ ਵੋਟਰਾਂ ਦੀ ਇਲੈਕਟ੍ਰਾਨਿਕ ਵੋਟਿੰਗ ਪ੍ਰਣਾਲੀ ’ਚ ਭਰੋਸੇਯੋਗਤਾ ਹੋਰ ਵਧੇਗੀ : ਜਸਬੀਰ ਸਿੰਘ
Monday, Feb 18, 2019 - 04:05 AM (IST)
ਗੁਰਦਾਸਪੁਰ (ਬੇਰੀ, ਅਸ਼ਵਨੀ)-ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਤਹਿਤ ਵੋਟਰਾਂ ਨੂੰ ਵੱਲੋਂ ਇਲੈਕਟ੍ਰਾਨਿਕ ਵੋਟਿੰਗ ਮਸ਼ੀਨ (ਈ. ਵੀ. ਐੱਮ.) ਅਤੇ ਵੀ. ਵੀ. ਪੈਟ. ਬਾਰੇ ਜਾਣਕਾਰੀ ਦੇਣ ਲਈ ਅੱਜ ਐੱਸ. ਡੀ. ਐੱਮ. ਦਫ਼ਤਰ ਬਟਾਲਾ ਦੇ ਬਾਹਰਵਾਰ ਵਿਸ਼ੇਸ਼ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ ਸੈਕਟਰ ਅਫ਼ਸਰ ਅਤੇ ਮਾਸਟਰ ਟਰੇਨਰ ਸ. ਜਸਬੀਰ ਸਿੰਘ, ਚੋਣ ਦਫ਼ਤਰ ਤੋਂ ਸਤਿੰਦਰ ਸਿੰਘ ਅਤੇ ਬੀ. ਡੀ. ਪੀ. ਓ. ਦਫ਼ਤਰ ਦੇ ਨੁਮਾਇੰਦੇ ਹਾਜ਼ਰ ਸਨ। ਸੈਕਟਰ ਅਫ਼ਸਰ ਅਤੇ ਮਾਸਟਰ ਟਰੇਨਰ ਸ. ਜਸਬੀਰ ਸਿੰਘ ਨੇ ਇਕੱਤਰ ਹੋਏ ਲੋਕਾਂ ਨੂੰ ਦੱਸਿਆ ਕਿ ਭਾਰਤੀ ਚੋਣ ਕਮਿਸ਼ਨ ਵਲੋਂ ਇਸ ਵਾਰ ਚੋਣਾਂ ਵਿੱਚ ਈ. ਵੀ. ਐੱਮ. ਮਸ਼ੀਨਾਂ ਦੇ ਨਾਲ ਵੀ. ਵੀ. ਪੈਟ. ਮਸ਼ੀਨਾਂ ਵੀ ਲਗਾਈਆਂ ਜਾਣਗੀਆਂ ਤਾਂ ਜੋ ਇਲੈਕਟ੍ਰਾਨਿਕ ਵੋਟਿੰਗ ਪ੍ਰਣਾਲੀ ਵਿੱਚ ਲੋਕਾਂ ਦੀ ਭਰੋਸੇਯੋਗਤਾ ਨੂੰ ਮਜ਼ਬੂਤ ਕੀਤਾ ਜਾ ਸਕੇ। ਉਨ੍ਹਾਂ ਦੱਸਿਆ ਕਿ ਚੋਣਾਂ ਦੌਰਾਨ ਈ. ਵੀ. ਐੱਮ. ਦੇ ਨਾਲ ਵੀ. ਵੀ. ਪੈਟ ਦੀ ਵਰਤੋਂ ਵੀ ਇਕ ਅਜਿਹਾ ਕਦਮ ਹੈ, ਜਿਸ ਨਾਲ ਮਤਦਾਤਾਵਾਂ ਦਾ ਭਰੋਸਾ ਚੋਣ ਪ੍ਰਕਿਰਿਆ ’ਤੇ ਹੋਰ ਵੀ ਜ਼ਿਆਦਾ ਵਧੇਗਾ ਅਤੇ ਚੋਣਾਂ ਵਿੱਚ ਉਨ੍ਹਾਂ ਦੀ ਪਾਤਰਤਾ ਵੀ ਵਧੇਗੀ। ਉਨ੍ਹਾਂ ਕਿਹਾ ਕਿ ਇਹ ਮੰਨਿਆ ਜਾ ਸਕਦਾ ਹੈ ਕਿ ਇਸ ਦੇ ਅਸਰ ਨਾਲ ਚੋਣ ਪ੍ਰਤੀਸ਼ਤ ਵਿੱਚ ਵੀ ਵਾਧਾ ਹੋਵੇਗਾ। ਸ. ਜਸਬੀਰ ਸਿੰਘ ਨੇ ਦੱਸਿਆ ਕਿ ਜ਼ਿਆਦਾ ਜਗ੍ਹਾ ’ਤੇ ਚੋਣਾਂ ਦੌਰਾਨ ਅਜੇ ਵੀ. ਵੀ. ਪੈਟ ਦਾ ਇਸਤੇਮਾਲ ਨਹੀਂ ਹੋਇਆ, ਇਸ ਲਈ ਵੀ. ਵੀ. ਪੈਟ ਕੀ ਹੈ ਅਤੇ ਕਿਸ ਤਰ੍ਹਾਂ ਨਾਲ ਕੰਮ ਕਰਦੀ ਹੈ, ਇਹ ਸਵਾਲ ਲੋਕਾਂ ਵਿੱਚ ਅੱਜ ਕੱਲ ਆਮ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਸੈਕਟਰ ਅਫ਼ਸਰ ਨੇ ਕਿਹਾ ਕਿ ਲੋਕਾਂ ਦੇ ਸ਼ੰਕਿਆਂ ਦੀ ਨਵਿਰਤੀ ਲਈ ਅੱਜ ਦਾ ਇਹ ਸੈਮੀਨਾਰ ਲਗਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਵੀ. ਵੀ. ਪੈਟ ਇਕ ਅਜਿਹਾ ਸਿਸਟਮ ਹੈ, ਜਿਸ ਨਾਲ ਮਤਦਾਤਾ ਪੇਪਰ ਸਲਿੱਪ ਦੇ ਰੂਪ ਵਿੱਚ ਆਪਣੇ ਵੱਲੋਂ ਪਾਏ ਗਏ ਮਤ ਦੀ ਪੁਸ਼ਟੀ ਕਰ ਸਕਦਾ ਹੈ। ਉਨ੍ਹਾਂ ਲੋਕਾਂ ਨੂੰ ਦੱਸਿਆ ਕਿ ਚੋਣਾਂ ਲਈ ਵਰਤੀ ਜਾਣ ਵਾਲੀ ਈ. ਵੀ. ਐੱਮ. (ਇਲੈਕਟ੍ਰਾਨਿਕ ਵੋਟਿੰਗ ਮਸ਼ੀਨ) ਦੇ ਹੁਣ ਤਿੰਨ ਹਿੱਸੇ ਹੋਣਗੇ। ਪਹਿਲਾ ਕੰਟ੍ਰੋਲ ਯੂਨਿਟ, ਜੋ ਕਿ ਮੌਕੇ ਦੇ ਪ੍ਰੀਜ਼ਾਈਡਿੰਗ ਅਫਸਰ ਕੋਲ ਰੱਖਿਆ ਜਾਂਦਾ ਹੈ, ਦੂਸਰਾ ਬੈਲੇਟ ਯੂਨਿਟ ਜੋ ਕਿ ਵੋਟਿੰਗ ਕੰਪਾਰਟਮੈਂਟ ਵਿੱਚ ਰੱਖਿਆ ਜਾਂਦਾ ਹੈ ਅਤੇ ਤੀਸਰਾ ਵੀ. ਵੀ. ਪੈਟ। ਸੈਕਟਰ ਅਫ਼ਸਰ ਨੇ ਦੱਸਿਆ ਕਿ ਚੋਣਾਂ ਦੌਰਾਨ ਵੀ. ਵੀ. ਪੈਟ. ਵੋਟਿੰਗ ਕੰਪਾਰਟਮੈਂਟ ਵਿੱਚ ਬੈਲੇਟ ਯੂਨਿਟ ਦੇ ਨਾਲ ਇਸ ਤਰ੍ਹਾਂ ਰੱਖਿਆ ਜਾਂਦਾ ਹੈ ਕਿ ਬੈਲੇਟ ਬਟਨ ਦਬਾੳੁਣ ਸਮੇੇਂ ਮਤਦਾਤਾ ਦੀ ਨਜ਼ਰ ਨਾਲ ਪਈ ਹੋਈ ਵੀ. ਵੀ. ਪੈਟ. ਦੀ ਸਕਰੀਨ ’ਤੇ ਪਏ। ਚੋਣਾਂ ਦੀ ਗੋਪਨੀਅਤਾ ਨੂੰ ਬਰਕਰਾਰ ਰੱਖਣ ਲਈ ਇਸ ਗੱਲ ਦਾ ਖਾਸ ਧਿਆਨ ਰੱਖਿਆ ਜਾਂਦਾ ਹੈ ਕਿ ਮਤਦਾਤਾ ਤੋਂ ਇਲਾਵਾ ਕੋਈ ਹੋਰ ਇਸ ਨੂੰ ਨਾ ਦੇਖ ਸਕੇ। ਆਪਣੀ ਵੋਟ ਪਾਉਣ ਵੇਲੇ ਮਤਦਾਤਾ ਜਦੋਂ ਬੈਲੇਟ ਬਟਨ ਦਬਾਉਂਦਾ ਹੈ ਤਾਂ ਵੀ. ਵੀ. ਪੈਟ. ਤੁਰੰਤ ਹਰਕਤ ਵਿੱਚ ਆ ਜਾਂਦੀ ਹੈ। ਉਸ ਦੀ ਸਕਰੀਨ ਦੇ ਅੰਦਰ ਬੱਤੀ ਜੱਗਦੀ ਹੈ ਅਤੇ ਉਸ ਅੰਦਰ ਇਕ ਪਰਚੀ ਛੱਪ ਕੇ ਦਿਖਣ ਲੱਗ ਜਾਂਦੀ ਹੈ। ਇਸ ਪਰਚੀ ਉੱਪਰ ਮਤਦਾਤਾ ਵੱਲੋਂ ਚੁਣੇ ਗਏ ਉਮੀਦਵਾਰ ਦਾ ਨਾਂ, ਲਡ਼ੀ ਨੰਬਰ ਅਤੇ ਚੋਣ ਨਿਸ਼ਾਨ ਛਪਿਆ ਹੁੰਦਾ ਹੈ। ਇਸ ਨੂੰ ਦੇਖ ਕੇ ਮਤਦਾਤਾ ਨੂੰ ਇਹ ਸੁਨਿਸ਼ਚਿਤ ਹੋ ਜਾਂਦਾ ਹੈ ਕਿ ਜਿਸ ਉਮੀਦਵਾਰ ਦੇ ਹੱਕ ਵਿੱਚ ਉਸਨੇ ਵੋਟ ਪਾਈ ਹੈ, ਉਹ ਵੋਟ ਉਸ ਨੂੰ ਹੀ ਪਈ ਹੈ। ਉਨ੍ਹਾਂ ਦੱਸਿਆ ਕਿ ਸੱਤ ਸੈਕਿੰਡ ਦਿਖਣ ਤੋਂ ਬਾਅਦ ਆਪਣੇ ਆਪ ਹੀ ਇਹ ਪਰਚੀ ਕੱਟਕੇ ਥੱਲੇ ਬਣੇ ਡਰਾਪ ਬਾਕਸ ਵਿੱਚ ਡਿੱਗ ਜਾਂਦੀ ਹੈ। ਇਹ ਡਰਾਪ ਬਾਕਸ ਪਹਿਲਾਂ ਹੀ ਚੋਣ ਅਧਿਕਾਰੀਆਂ ਵੱਲੋਂ ਸੀਲ ਕੀਤਾ ਗਿਆ ਹੁੰਦਾ ਹੈ। ਜ਼ਿਕਰਯੋਗ ਹੈ ਕਿ ਮਤਦਾਤਾ ਇਸ ਪਰਚੀ ਨੂੰ ਸਿਰਫ ਸਕਰੀਨ ਅੰਦਰ ਦੇਖ ਹੀ ਸਕਦਾ ਹੈ ਅਤੇ ਕਿਸੇ ਵੀ ਤਰ੍ਹਾਂ ਪਰਚੀ ਤਕ ਪਹੁੰਚ ਨਹੀਂ ਕਰ ਸਕਦਾ। ਪਰਚੀ ਦੇ ਡਰਾਪ ਬਾਕਸ ਵਿੱਚ ਡਿੱਗਣ ਤੋਂ ਬਾਅਦ ਬੀਪ ਦੀ ਆਵਾਜ਼ ਹੁੰਦੀ ਹੈ ਅਤੇ ਇਸ ਤਰ੍ਹਾਂ ਵੋਟ ਪਾਉਣ ਦੀ ਪ੍ਰਕਿਰਿਆ ਪੂਰੀ ਹੋ ਜਾਂਦੀ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧ ਵਿਚ ਵਧੇਰੇ ਜਾਣਕਾਰੀ ਭਾਰਤੀ ਚੋਣ ਕਮਿਸ਼ਨ ਦੀ ਵੈਬ ਸਾਈਟ ਤੋਂ ਲਈ ਜਾ ਸਕਦੀ ਹੈ। ਇਸ ਮੌਕੇ ਹਾਜ਼ਰ ਲੋਕਾਂ ਨੇ ਈ. ਵੀ. ਐੱਮ. ਅਤੇ ਵੀ. ਵੀ. ਪੈਟ. ਮਸ਼ੀਨਾਂ ’ਤੇ ਪ੍ਰੈਕਟੀਕਲ ਕਰਕੇ ਵੀ ਦੇਖਿਆ।