ਸਿੱਖਿਆ ਕ੍ਰਾਂਤੀ ਸਦਕਾ ਪੰਜਾਬ ਦੇ ਸਰਕਾਰੀ ਸਕੂਲ ਦੇਸ਼ ਦੇ ਮੋਹਰੀ ਸਕੂਲ ਬਣਾਏ ਜਾਣਗੇ : ਸ਼ਮਸ਼ੇਰ ਸਿੰਘ

Wednesday, Feb 05, 2025 - 10:34 PM (IST)

ਸਿੱਖਿਆ ਕ੍ਰਾਂਤੀ ਸਦਕਾ ਪੰਜਾਬ ਦੇ ਸਰਕਾਰੀ ਸਕੂਲ ਦੇਸ਼ ਦੇ ਮੋਹਰੀ ਸਕੂਲ ਬਣਾਏ ਜਾਣਗੇ : ਸ਼ਮਸ਼ੇਰ ਸਿੰਘ

ਬਹਿਰਾਮਪੁਰ (ਗੋਰਾਇਆ) - ਸਿੱਖਿਆ ਦਾ ਮਿਆਰ ਉੱਚਾ ਚੁੱਕਣ ਲਈ ਸਰਕਾਰ ਅਤੇ ਅਧਿਆਪਕਾਂ ਦੇ ਨਾਲ-ਨਾਲ ਸਮਾਜ ਅਤੇ ਮਾਪਿਆ ਦਾ ਵੀ ਅਹਿਮ ਯੋਗਦਾਨ ਹੈ ਅਤੇ ਮਾਪਿਆਂ ਨੂੰ ਚਾਹੀਦਾ ਹੈ ਕਿ ਉਹ ਸਮੇਂ-ਸਮੇਂ ’ਤੇ ਆਪਣੇ ਬੱਚਿਆਂ ਦੇ ਸਿੱਖਿਆ ਦੇ ਮਿਆਰ ਬਾਰੇ ਜਾਣੂ ਹੋਣ ਤਾਂ ਕਿ ਅਧਿਆਪਕ ਅਤੇ ਮਾਪੇ ਮਿਲ ਕੇ ਪ੍ਰਭਾਵਸ਼ਾਲੀ ਸਿੱਖਿਆ ਢਾਂਚਾ ਤਿਆਰ ਕਰ ਸਕਣ। ਇਹ ਗੱਲਾਂ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਸ਼ਮਸ਼ੇਰ ਸਿੰਘ ਵੱਲੋਂ ਵਿਧਾਨ ਸਭਾ ਹਲਕਾ ਦੀਨਾਨਗਰ ਅਧੀਨ ਆਉਂਦੇ ਬਹਿਰਾਮਪੁਰ, ਦੋਰਾਂਗਲਾ, ਗਾਹਲੜੀ, ਸਮੇਤ ਦਰਜਨ ਤੋਂ ਵੱਧ ਇਲਾਕੇ ਦੇ ਸਰਕਾਰੀ ਸਕੂਲਾਂ ਵਿਖੇ ਅਧਿਆਪਕ ਮਾਪੇ ਮਿਲਣੀ ਦੌਰਾਨ ਸੰਬੋਧਨ ਕਰਦਿਆਂ ਕਹੀਆਂ।

ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਅਗਵਾਈ ਹੇਠ ਸਿੱਖਿਆ ਵਿਭਾਗ ਵੱਲੋਂ ਸਰਕਾਰੀ ਸਕੂਲਾਂ ਵਿਚ ਸਿੱਖਿਆ ਦਾ ਪੱਧਰ ਉੱਚਾ ਚੁੱਕਣ ਲਈ ਪੂਰੀ ਸੁਹਿਰਦਤਾ ਨਾਲ ਉਪਰਾਲੇ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਸੂਬੇ ਵਿਚ ਆਈ ਇਸ ਸਿੱਖਿਆ ਕ੍ਰਾਂਤੀ ਸਦਕਾ ਹੁਣ ਸੂਬੇ ਦੇ ਸਰਕਾਰੀ ਸਕੂਲ ਪੜ੍ਹਾਈ ਪੱਖੋਂ ਦੇਸ਼ ਦੇ ਮੋਹਰੀ ਸਕੂਲਾਂ ਵਿਚ ਸ਼ੁਮਾਰ ਹੁੰਦੇ ਹਨ।

ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲਾਂ ਅੰਦਰ ਮਾਪੇ ਅਧਿਆਪਕ ਮਿਲਣੀ ਨਾਲ ਜਿੱਥੇ ਅਧਿਆਪਕ, ਮਾਪੇ ਤੇ ਵਿਦਿਆਰਥੀਆਂ ਦੀ ਨੇੜਤਾ ਵੱਧਦੀ ਹੈ। ਉਸ ਦੇ ਨਾਲ ਹੀ ਸਕੂਲ ਦੀ ਪੜ੍ਹਾਈ ਲਈ ਮਾਹੌਲ ਸੁਖਾਵਾਂ ਬਣਦਾ ਹੈ ਅਤੇ ਵਿਦਿਆਰਥੀਆਂ ਦੇ ਜੀਵਨ ’ਤੇ ਚੰਗਾ ਅਸਰ ਪੈਂਦਾ ਹੈ। ਇਸ ਮੌਕੇ ’ਤੇ ਪ੍ਰਿੰਸੀਪਲ ਬਲਜਿੰਦਰ ਕੌਰ, ਆਮ ਆਦਮੀ ਪਾਰਟੀ ਦੇ ਆਗੂ ਗੁਰਨਾਮ ਸਿੰਘ ਤੂਰ, ਅਧਿਆਪਕ ਮੋਨਿਕਾ ਮਹਾਜਨ, ਲੈਕਚਰਾਰ ਮਨਿੰਦਰ ਪਾਲ, ਮੋਨਿਕਾ, ਗੁਰਸ਼ਰਨ ਕੌਰ, ਹਰੀਸ਼ ਕੁਮਾਰ, ਸਕੂਲ ਸਟਾਫ ਦੇ ਇਲਾਵਾ ਵੱਡੀ ਗਿਣਤੀ ’ਚ ਵਿਦਿਆਰਥੀਆਂ ਦੇ ਮਾਪੇ ਮੌਜੂਦ ਸਨ।


author

Inder Prajapati

Content Editor

Related News