ਗੁਰਦਾਸਪੁਰ ਨਾਲ ਸਬੰਧਿਤ 3 ਇੰਸਪੈਕਟਰ ਬਣੇ ਡੀਐੱਸਪੀ, ਮੁੱਖ ਮੰਤਰੀ ਨੇ ਜਾਰੀ ਕੀਤੇ ਹੁਕਮ
Wednesday, Feb 05, 2025 - 07:24 PM (IST)
ਗੁਰਦਾਸਪੁਰ (ਹਰਮਨ) : ਗੁਰਦਾਸਪੁਰ ਜ਼ਿਲ੍ਹੇ ਨਾਲ ਸਬੰਧਿਤ ਪੰਜਾਬ ਪੁਲਸ ਦੇ ਤਿੰਨ ਇੰਸਪੈਕਟਰਾਂ ਨੂੰ ਅੱਜ ਡੀਐੱਸਪੀ ਵਜੋਂ ਤਰੱਕੀ ਮਿਲੀ ਹੈ। ਇਹ ਤਿੰਨੇ ਇੰਸਪੈਕਟਰ ਪੁਲਸ ਵਿਭਾਗ ਵਿਚ ਵੱਖ-ਵੱਖ ਅਹੁੱਦਿਆਂ ਅਤੇ ਵਿੰਗਾਂ ਵਿੱਚ ਕੰਮ ਕਰਦਿਆਂ ਆਪਣੀ ਵਿਲੱਖਣ ਪਹਿਚਾਣ ਸਥਾਪਿਤ ਕਰ ਚੁੱਕੇ ਹਨ ਜਿਨ੍ਹਾਂ ਵਿਚ ਕਪਿਲ ਕੌਸ਼ਲ ਅਤੇ ਰਾਜ ਕੁਮਾਰ ਸ਼ਹੀਦ ਭਗਤ ਸਿੰਘ ਜੂਡੋ ਟ੍ਰੇਨਿੰਗ ਸੈਂਟਰ ਗੁਰਦਾਸਪੁਰ ਨਾਲ ਜੁੜੇ ਰਹੇ ਹਨ ਅਤੇ ਇਹ ਦੋਵੇਂ ਚੰਗੇ ਖਿਡਾਰੀ ਸਨ। ਇਸੇ ਤਰ੍ਹਾਂ ਡੀਐੱਸਪੀ ਦੀ ਤਰੱਕੀ ਹਾਸਿਲ ਕਰਨ ਵਾਲੀ ਇੰਸਪੈਕਟਰ ਸੀਮਾ ਦੇਵੀ ਨੇ ਵੀ ਕਈ ਪ੍ਰਾਪਤੀਆਂ ਕੀਤੀਆਂ ਹਨ।
ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਇਨ੍ਹਾਂ ਨਾਲ ਮੁਲਾਕਾਤ ਵੀ ਕੀਤੀ ਗਈ ਅਤੇ ਬਕਾਇਦਾ ਡਿਪਟੀ ਸੁਪਰਡੈਂਟ ਪੁਲਸ ਦੀ ਤਰੱਕੀ ਦੇ ਹੁਕਮ ਜਾਰੀ ਕਰ ਦਿੱਤੇ ਹਨ। ਸ਼ਹੀਦ ਭਗਤ ਸਿੰਘ ਜੂਡੋ ਟਰੇਨਿੰਗ ਸੈਂਟਰ ਦੇ ਸੰਚਾਲਕ ਅਮਰਜੀਤ ਸ਼ਾਸਤਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼ਕਰਗੜ੍ਹ ਡੀਏਵੀ ਸਕੂਲ ਗੁਰਦਾਸਪੁਰ ਤੋਂ ਆਪਣੀ ਜੂਡੋ ਖੇਡ ਦਾ ਸਫ਼ਰ ਸ਼ੁਰੂ ਕਰਨ ਵਾਲੇ ਰਾਜ ਕੁਮਾਰ ਅਤੇ ਕਪਿਲ ਕੌਸ਼ਲ ਨੇ ਜਿਥੇ ਪੰਜਾਬ ਪੁਲਸ 'ਚ ਖੇਡਾਂ ਦੇ ਖੇਤਰ 'ਚ ਸ਼ਾਨਦਾਰ ਪ੍ਰਾਪਤੀਆਂ ਕੀਤੀਆਂ ਸਨ ਉਥੇ ਪੰਜਾਬ ਪੁਲਸ ਦੇ ਵੱਖ-ਵੱਖ ਖੇਤਰਾਂ 'ਚ ਡਿਊਟੀ ਦੌਰਾਨ ਆਪਣੀ ਇਤਿਹਾਸਕ ਪਹਿਚਾਣ ਵੀ ਬਣਾਈ। ਦੀਨਾਨਗਰ ਥਾਣੇ ਉਪਰ ਅੱਤਵਾਦੀ ਸੰਗਠਨ ਦੇ ਹਮਲੇ ਦੌਰਾਨ ਆਪਣੀ ਬਹਾਦਰੀ ਦੀ ਮਿਸਾਲ ਕਾਇਮ ਕੀਤੀ।
ਕਪਿਲ ਕੌਂਸਲ ਨੇ ਨਸ਼ਾ ਤਸਕਰਾਂ, ਸਮਾਜ ਵਿਰੋਧੀ ਅਨਸਰਾਂ ਨੂੰ ਨੱਥ ਪਾਉਣ ਲਈ ਅਹਿਮ ਭੂਮਿਕਾ ਨਿਭਾਈ। ਮੌਜੂਦਾ ਸਮੇਂ ਵਿਚ ਰਾਜ ਕੁਮਾਰ ਸ਼ਰਮਾ ਐੱਸਐੱਸਪੀ ਦਫਤਰ ਗੁਰਦਾਸਪੁਰ ਵਿਖੇ ਤਾਇਨਾਤ ਹਨ। ਜਦੋਂ ਕਿ ਕਪਿਲ ਕੌਂਸਲ ਸੀਆਈਏ ਸਟਾਫ ਦੇ ਇੰਚਾਰਜ ਹਨ। ਅਮਰਜੀਤ ਸ਼ਾਸਤਰੀ ਨੇ ਆਪਣੇ ਸੈਂਟਰ ਦੇ ਇਨ੍ਹਾਂ ਖਿਡਾਰੀਆਂ ਦੀ ਤਰੱਕੀ ’ਤੇ ਖੁਸ਼ੀ ਮਹਿਸੂਸ ਕੀਤੀ ਅਤੇ ਦੱਸਿਆ ਕਿ ਗਰੀਬ ਖਿਡਾਰੀਆਂ ਦੀ ਹੌਂਸਲਾ ਅਫਜ਼ਾਈ, ਆਰਥਿਕ ਮਦਦ ਕਰਨ ਵਾਲੇ ਇਹਨਾਂ ਖਿਡਾਰੀਆਂ ਤੋਂ ਵੱਡੀਆਂ ਆਸਾਂ ਹਨ। ਪੰਜਾਬ ਜੂਡੋ ਐਸੋਸੀਏਸ਼ਨ ਦੇ ਸੀਨੀਅਰ ਮੀਤ ਪ੍ਰਧਾਨ ਸਾਬਕਾ ਐੱਸਐੱਸਪੀ ਵਰਿੰਦਰ ਸੰਧੂ, ਟੈਕਨੀਕਲ ਚੇਅਰਮੈਨ ਸਤੀਸ਼ ਕੁਮਾਰ, ਜਨਰਲ ਸਕੱਤਰ ਸੁਰਿੰਦਰ ਕੁਮਾਰ, ਇੰਸਪੈਕਟਰ ਜਤਿੰਦਰ ਪਾਲ ਸਿੰਘ, ਸਾਹਿਲ ਪਠਾਣੀਆਂ, ਨਵੀਨ ਸਲਗੋਤਰਾ, ਬਲਵਿੰਦਰ ਕੌਰ, ਰਵੀ ਕੁਮਾਰ ਜੂਡੋ ਕੋਚ, ਦਿਨੇਸ਼ ਕੁਮਾਰ ਜੂਡੋ ਕੋਚ, ਏਡੀਓ ਹਰਦੀਪ ਕੁਮਾਰ, ਡਾ ਰਵਿੰਦਰ ਸਿੰਘ, ਵਿਸ਼ਾਲ ਕਾਲੀਆ, ਸਤਿੰਦਰ ਪਾਲ ਸਿੰਘ, ਗਗਨਦੀਪ ਸਿੰਘ ਨੇ ਵੀ ਸ਼ੁਭਕਾਮਨਾਵਾਂ ਦਿੱਤੀਆਂ।