ਆਮ ਆਦਮੀ ਪਾਰਟੀ ਦੀ ਪੁਲਸ ਪ੍ਰਸ਼ਾਸਨ ਨੂੰ ਦੋ ਟੁੱਕ

01/20/2019 12:28:32 PM

ਗੁਰਦਾਸਪੁਰ (ਬੇਰੀ, ਮਠਾਰੂ)-ਅੱਜ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਦੋ ਵੱਖ-ਵੱਖ ਮਾਮਲਿਆਂ ’ਚ ਪੀਡ਼ਤ ਪਰਿਵਾਰਾਂ ਨੂੰ ਇਨਸਾਫ ਦਿਵਾਉਣ ਨੂੰ ਲੈ ਕੇ ਪੁਲਸ ਪ੍ਰਸ਼ਾਸਨ ਨੂੰ ਦੋ ਟੁੱਕ ਸ਼ਬਦਾਂ ’ਚ ਸਪੱਸ਼ਟ ਕਹਿ ਦਿੱਤਾ ਹੈ ਕਿ ਜੇਕਰ ਦੋ ਮਾਮਲਿਆਂ ’ਚ ਪੀਡ਼ਤ ਪਰਿਵਾਰਾਂ ਨੂੰ ਬਟਾਲਾ ਪੁਲਸ ਨੇ ਨਿਆਂ ਨਾ ਦਿੱਤਾ ਤਾਂ ਉਹ ਐੱਸ. ਐੱਸ. ਪੀ. ਦਫਤਰ ਅੱਗੇ ਅਣਮਿੱਥੇ ਸਮੇਂ ਲਈ ਧਰਨਾ ਲਗਾ ਦੇਣਗੇ। ਪ੍ਰੈੱਸ ਕਾਨਫਰੰਸ ਦੌਰਾਨ ‘ਆਪ’ ਦੇ ਜ਼ਿਲਾ ਪ੍ਰਧਾਨ ਸ਼ੈਰੀ ਕਲਸੀ ਨੇ ਕਿਹਾ ਕਿ ਦੀਵਾਲੀ ਦੀ ਰਾਤ ਨੂੰ ਗਾਂਧੀ ਚੌਕ ਨੇਡ਼ੇ ਇਕ ਸਵਿਫਟ ਕਾਰ ਨੇ ਬਾਰ੍ਹਵੀਂ ਦੇ ਵਿਦਿਆਰਥੀ ਨੂੰ ਟੱਕਰ ਮਾਰ ਦਿੱਤੀ ਸੀ, ਜਿਸ ਨਾਲ ਉਸਦੀ ਮੌਤ ਹੋ ਗਈ ਸੀ। ਇਸ ਸਿਲਸਿਲੇ ’ਚ ਸਿੰਬਲ ਪੁਲਸ ਚੌਕੀ ਨੇ ਅਣਪਛਾਤੇ ਕਾਰ ਚਾਲਕ ਵਿਰੁੱਧ ਮਾਮਲਾ ਵੀ ਦਰਜ ਕਰ ਲਿਆ ਸੀ ਪਰ ਅਜੇ ਤੱਕ ਪੁਲਸ ਨੇ ਉਸ ਕਾਰ ਡਰਾਈਵਰ ਨੂੰ ਕਾਬੂ ਨਹੀਂ ਕੀਤਾ ਹੈ ਅਤੇ ਇਸ ਸਬੰਧੀ ਉਹ ਐੱਸ. ਐੱਸ. ਪੀ. ਬਟਾਲਾ ਨੂੰ ਵੀ ਮਿਲੇ ਸਨ ਪਰ ਕੋਈ ਹੱਲ ਨਹੀਂ ਹੋਇਆ। ਸ਼ੈਰੀ ਕਲਸੀ ਨੇ ਦੱਸਿਆ ਕਿ ਜਿਥੇ ਇਹ ਹਾਦਸਾ ਹੋਇਆ, ਉਸ ਦੇ ਆਸ-ਪਾਸ ਤੋਂ ਉਨ੍ਹਾਂ ਨੇ ਸੀ. ਸੀ. ਟੀ. ਵੀ. ਫੁੱਟੇਜ ਵੀ ਕੱਢਵਾਈ ਹੈ, ਜਿਸ ’ਚ ਹਾਦਸਾ ਹੁੰਦਾ ਸਾਫ ਨਜ਼ਰ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਪੁਲਸ ਜਲਦ ਤੋਂ ਜਲਦ ਕਾਰ ਡਰਾਈਵਰ ਨੂੰ ਗ੍ਰਿਫਤਾਰ ਕਰੇ ਅਤੇ ਪਰਿਵਾਰ ਨੂੰ ਇਨਸਾਫ ਦਿਵਾਇਆ ਜਾਵੇ। ®ਉਥੇ ਇਕ ਹੋਰ ਮੁੱਦੇ ਬਾਰੇ ਸ਼ੈਰੀ ਕਲਸੀ ਨੇ ਦੱਸਿਆ ਕਿ ਪਿਛਲੇ ਦਿਨੀਂ ਪਾਰਟੀ ਵਰਕਰ ਕੁਲਵੰਤ ਸਿੰਘ ਨੂੰ ਫਤਿਹਗਡ਼੍ਹ ਚੂਡ਼ੀਆਂ ’ਚ ਸਟੇਸ਼ਨ ਰੋਡ ਵਿਰੋਧੀ ਪਾਰਟੀ ਦੇ ਕੁਝ ਲੋਕਾਂ ਨੇ ਜਾਣਬੁੱਝ ਕੇ ਕੁੱਟ-ਮਾਰ ਕਰ ਕੇ ਜ਼ਖਮੀ ਕਰ ਦਿੱਤਾ ਸੀ ਅਤੇ ਕੁਲਵੰਤ ਸਿੰਘ ਦੇ ਖਿਲਾਫ ਭੱਦੀ ਸ਼ਬਦਾਵਲੀ ਵੀ ਬੋਲੀ ਗਈ। ਇਸ ਸਬੰਧੀ ਉਹ ਪੁਲਸ ਮੁਖੀ ਬਟਾਲਾ ਨੂੰ ਵੀ ਮਿਲੇ ਅਤੇ ਘਟਨਾ ਬਾਰੇ ਦੱਸਿਆ ਪਰ ਕੋਈ ਕਾਰਵਾਈ ਨਹੀਂ ਹੋਈ। ਇਸ ਦੇ ਬਾਅਦ ਕੁਲਵੰਤ ਸਿੰਘ ਨੇ ਆਈ. ਜੀ. ਬਾਰਡਰ ਰੇਂਜ ਨੂੰ ਮਿਲ ਕੇ ਕਾਰਵਾਈ ਦੀ ਮੰਗ ਕੀਤੀ, ਜਿਸਦੀ ਜਾਂਚ ਡੀ. ਐੱਸ. ਪੀ. ਫਤਿਹਗਡ਼੍ਹ ਚੂਡ਼ੀਆਂ ਨੂੰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਸਬੰਧੀ ਕੁਲਵੰਤ ਸਿੰਘ ’ਤੇ ਰਾਜੀਨਾਮੇ ਦਾ ਦਬਾਅ ਵੀ ਬਣਾਇਆ ਗਿਆ। ਸ਼ੈਰੀ ਕਲਸੀ ਨੇ ਕਿਹਾ ਕਿ ਜੇਕਰ ਉਕਤ ਦੋਵਾਂ ਮਾਮਲਿਆਂ ’ਚ ਬੁੱਧਵਾਰ ਤੱਕ ਇਨਸਾਫ ਨਾ ਮਿਲਿਆ ਤਾਂ ਉਹ ਅਣਮਿੱਥੇ ਸਮੇਂ ਲਈ ਪੁਲਸ ਮੁਖੀ ਦੇ ਦਫਤਰ ਅੱਗੇ ਧਰਨਾ ਲਗਾਉਣਗੇ। ਇਸ ਮੌਕੇ ਸਮੂਹ ਪਾਰਟੀ ਵਰਕਰ ਹਾਜ਼ਰ ਸਨ।

Related News