ਜ਼ਿਲੇ ''ਚ 64 ਫੀਸਦੀ ਨੌਜਵਾਨ ਨਸ਼ਿਆਂ ਦੇ ਆਦੀ!

08/21/2019 5:30:08 PM

ਗੁਰਦਾਸਪੁਰ (ਵਿਨੋਦ) : ਇਕ ਸਰਵੇ ਅਤੇ ਰੈੱਡ ਕਰਾਸ ਨਸ਼ਾ ਮੁਕਤੀ ਸੈਂਟਰ ਗੁਰਦਾਸਪੁਰ ਵਲੋਂ ਤਿਆਰ ਕੀਤੇ ਗਏ ਰਿਕਾਰਡ ਅਨੁਸਾਰ ਜ਼ਿਲਾ ਗੁਰਦਾਸਪੁਰ 'ਚ ਲਗਭਗ 64 ਫੀਸਦੀ ਨੌਜਵਾਨ ਨਸ਼ਿਆਂ ਦੇ ਆਦੀ ਪਾਏ ਜਾਣ ਕਾਰਣ ਪ੍ਰਸ਼ਾਸਨ ਅਤੇ ਨਸ਼ਾ ਵਿਰੋਧੀ ਸੰਗਠਨਾਂ ਨੇ ਪ੍ਰਸ਼ਾਸਨ ਤੋਂ ਸਖ਼ਤ ਕਦਮ ਚੁੱਕਣ ਦੀ ਮੰਗ ਕੀਤੀ ਹੈ। ਰੈੱਡ ਕਰਾਸ ਨਸ਼ਾ ਮੁਕਤੀ ਸੈਂਟਰ ਗੁਰਦਾਸਪੁਰ ਵਲੋਂ ਪੰਜਾਬ ਸਰਕਾਰ ਸਮੇਤ ਕੇਂਦਰ ਸਰਕਾਰ ਦੇ ਸਮਾਜਕ ਨਿਆਏ ਮੰਤਰਾਲੇ ਨੂੰ ਭੇਜੀ ਰਿਪੋਰਟ 'ਚ ਜੋ ਤੱਥ ਭੇਜੇ ਗਏ ਹਨ। ਉਹ ਬਹੁਤ ਹੀ ਚੌਂਕਾਉਣ ਵਾਲੇ ਹਨ। ਭੇਜੀ ਰਿਪੋਰਟ 'ਚ ਸਪੱਸ਼ਟ ਕੀਤਾ ਗਿਆ ਹੈ ਕਿ ਇਸ ਸੈਂਟਰ 'ਚ ਅਜੇ ਤੱਕ ਇਲਾਜ ਕਰਵਾਉਣ ਵਾਲਿਆਂ 'ਚੋਂ 15 ਤੋਂ 20 ਸਾਲ ਅਤੇ 20 ਤੋਂ 25 ਸਾਲ ਦੇ ਨੌਜਵਾਨ ਵਰਗ ਦਾ ਫੀਸਦੀ ਜ਼ਿਆਦਾ ਹੈ। ਜੋ ਸਪੱਸ਼ਟ ਹੁੰਦਾ ਹੈ ਕਿ ਨੌਜਵਾਨ ਵਰਗ ਨਸ਼ਿਆਂ ਦਾ ਜ਼ਿਆਦਾ ਆਦੀ ਹੋ ਰਿਹਾ ਹੈ।

ਸੈਂਟਰ ਦੇ ਪ੍ਰਾਜੈਕਟ ਅਧਿਕਾਰੀ ਰਮੇਸ਼ ਮਹਾਜਨ ਨੇ ਦੱਸਿਆ ਕਿ ਜ਼ਿਲਾ ਗੁਰਦਾਸਪੁਰ 'ਚ ਵੱਡੀ ਪ੍ਰੋਫੈਸ਼ਨਲ ਸਿੱਖਿਆ ਸੰਸਥਾਵਾਂ ਦੇ ਨੇੜੇ ਤੇੜੇ ਜਿੰਨੇ ਵੀ ਢਾਬੇ, ਰੈਸਟੋਰੈਂਟ ਆਦਿ ਚੱਲ ਰਹੇ ਹਨ। ਉਥੋਂ ਨਸ਼ਾ ਪੂਰਤੀ ਕਰਨ ਵਾਲਾ ਸਾਮਾਨ 24 ਘੰਟੇ ਆਸਾਨੀ ਨਾਲ ਮਿਲ ਜਾਂਦਾ ਹੈ, ਜਿਹੜਾ ਨੌਜਵਾਨ ਵਰਗ 'ਚ ਨਸ਼ਿਆਂ ਦੇ ਵਧ ਰਹੇ ਰੁਝਾਨ ਲਈ ਮੁੱਖ ਕਾਰਣ ਹੈ।

ਸਮਾਜਕ ਸੰਗਠਨਾਂ ਨੇ ਸਖਤ ਕਦਮ ਚੁੱਕਣ ਦੀ ਕੀਤੀ ਮੰਗ
ਰੋਟਰੀ ਕਲੱਬ ਦੇ ਪ੍ਰਧਾਨ ਰਾਕੇਸ਼ਵਰ ਕੌਂਡਲ, ਸਾਬਕਾ ਪ੍ਰਧਾਨ ਸੰਦੀਪ ਮਹਾਜਨ, ਐਡਵੋਕੇਟ ਸੁਭਾਸ਼ ਮਹਾਜਨ, ਕਿਰਨ ਬਾਂਸਲ, ਰੋਟਰੀ ਦੇ ਸਾਬਕਾ ਪ੍ਰਧਾਨ ਦੀਪਕ ਮਹਾਜਨ, ਗੋਲਡਨ ਸਿੱਖਿਆ ਸੰਸਥਾਵਾਂ ਦੇ ਚੇਅਰਮੈਨ ਮੋਹਿਤ ਮਹਾਜਨ ਅਤੇ ਸੁਖਜਿੰਦਰ ਸਿੱਖਿਆ ਸੰਸਥਾਵਾਂ ਦੇ ਚੇਅਰਮੈਨ ਸਵਿੰਦਰ ਗਿੱਲ ਨੇ ਸਰਕਾਰ ਤੇ ਜ਼ਿਲਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਨੌਜਵਾਨ ਵਰਗ 'ਚ ਨਸ਼ਿਆਂ ਦੇ ਵਧ ਦੇ ਰੁਝਾਨ 'ਤੇ ਕਾਬੂ ਪਾਉਣ ਲਈ ਠੋਸ ਯੋਜਨਾ ਬਣਾਈ ਜਾਵੇ। ਨਸ਼ਿਆਂ ਦਾ ਨਾਜਾਇਜ਼ ਕਾਰੋਬਾਰ ਕਰਨ ਵਾਲਿਆਂ ਦੇ ਵਿਰੁੱਧ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ।


Baljeet Kaur

Content Editor

Related News