ਸੰਨੀ ਦਿਓਲ ਨੂੰ ਗੁਰਦਾਸਪੁਰੀਏ ਵੱਟੋ-ਵੱਟ ਬੰਬੇ ਭਜਾਉਣਗੇ : ਧਰਮਸੌਤ
Saturday, May 04, 2019 - 09:11 AM (IST)
![ਸੰਨੀ ਦਿਓਲ ਨੂੰ ਗੁਰਦਾਸਪੁਰੀਏ ਵੱਟੋ-ਵੱਟ ਬੰਬੇ ਭਜਾਉਣਗੇ : ਧਰਮਸੌਤ](https://static.jagbani.com/multimedia/2019_5image_09_08_516237521a1.jpg)
ਚੰਡੀਗੜ੍ਹ/ਗੁਰਦਾਸਪੁਰ (ਕਮਲ) : ਗੁਰਦਾਸਪੁਰ ਲੋਕ ਸਭਾ ਹਲਕੇ ਤੋਂ ਭਾਜਪਾ ਦੀ ਟਿਕਟ 'ਤੇ ਚੋਣ ਲੜ ਰਹੇ ਫਿਲਮੀ ਅਦਾਕਾਰ ਸੰਨੀ ਦਿਓਲ ਨੂੰ ਗੁਰਦਾਸਪੁਰੀਏ ਵੱਟੋ-ਵੱਟ ਬੰਬੇ ਭਜਾਉਣਗੇ, ਇਹ ਫਿਲਮ ਨਹੀਂ, ਸਗੋਂ ਰਾਜਨੀਤੀ ਹੈ, ਜਿਸ ਦਾ ਸੰਨੀ ਦਿਓਲ ਨੂੰ ਊੜਾ-ਐੜਾ ਵੀ ਨਹੀਂ ਆਉਂਦਾ। ਇਹ ਪ੍ਰਗਟਾਵਾ ਪੰਜਾਬ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੌਤ ਨੇ ਅੱਜ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਕੀਤਾ। ਉਨ੍ਹਾਂ ਟਿੱਪਣੀ ਕੀਤੀ ਕਿ ਸੰਨੀ ਦਿਓਲ ਨੂੰ ਤਾਂ ਇਹ ਵੀ ਪਤਾ ਨਹੀਂ ਕਿ ਪੰਜਾਬ ਜਾਂ ਗੁਰਦਾਸਪੁਰ ਹਲਕੇ ਦੇ ਲੋਕਾਂ ਦੇ ਕੀ ਮੁੱਦੇ ਹਨ? ਫਿਰ ਉੁਹ ਲੋਕਾਂ ਦੀਆਂ ਉਮੀਦਾਂ 'ਤੇ ਕਿਵੇਂ ਖਰੇ ਉਤਰਨਗੇ। ਉਨ੍ਹਾਂ ਕਿਹਾ ਕਿ ਇਹ ਫਿਲਮ ਨਹੀਂ, ਐਕਟਿੰਗ ਕੀਤੀ ਤੇ ਵਿਹਲੇ, ਸਗੋਂ ਰਾਜਨੀਤੀ 'ਚ ਤਾਂ ਲੋਕ ਹਰ ਵੇਲੇ ਆਪਣੇ ਕੰਮਾਕਾਰਾਂ ਲਈ ਘੇਰ ਕੇ ਰੱਖਦੇ ਹਨ।
ਉਨ੍ਹਾਂ ਕਿਹਾ ਕਿ ਸੰਨੀ ਦਿਓਲ ਬੰਬੇ ਰਹਿੰਦੇ ਹਨ, ਉਨ੍ਹਾਂ ਨੂੰ ਲੋਕ ਕਿੱਥੇ ਲੱਭਣਗੇ? ਉਨ੍ਹਾਂ ਸਵਾਲ ਕੀਤਾ ਕਿ ਜੇ ਮੋਦੀ ਨੋਟਬੰਦੀ ਤੇ ਜੀ. ਐੱਸ. ਟੀ. ਨੂੰ ਭਾਜਪਾ ਦੀ ਉਪਲਬਧੀ ਮੰਨਦੇ ਹਨ ਤਾਂ ਫਿਰ ਉਹ ਇਨ੍ਹਾਂ ਮੁੱਦਿਆਂ 'ਤੇ ਲੋਕਾਂ ਤੋਂ ਵੋਟਾਂ ਕਿਉਂ ਨਹੀਂ ਮੰਗਦੇ। ਧਰਮਸੌਤ ਨੇ ਮੁੜ ਦਾਅਵਾ ਕੀਤਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ 'ਚ ਮਿਸ਼ਨ 13 ਪੂਰਾ ਕਰਨਾ ਸਾਡਾ ਮੁੱਖ ਮਕਸਦ ਹੈ।