ਸੰਨੀ ਦਿਉਲ ਦੇ ਰੋਡ ਸ਼ੋਅ ''ਚ ਜੇਬ ਕਤਰਿਆਂ ਦੀ ਰਹੀ ਚਾਂਦੀ
Friday, May 03, 2019 - 11:38 AM (IST)

ਗੁਰਦਾਸਪੁਰ (ਵਿਨੋਦ) : ਸੰਨੀ ਦਿਉਲ ਦੇ ਰੋਡ ਸ਼ੋਅ ਪ੍ਰੋਗਰਾਮ 'ਚ ਜੇਬ ਕਤਰਿਆਂ ਦੀ ਚਾਂਦੀ ਰਹੀ। ਲਗਭਗ ਇਕ ਦਰਜਨ ਤੋਂ ਜ਼ਿਆਦਾ ਲੋਕਾਂ ਦੀਆਂ ਜੇਬਾਂ ਕੱਟੀਆ ਅਤੇ ਕੀਮਤੀ ਮੋਬਾਇਲ ਵੀ ਜੇਬ ਕਤਰੇ ਚੋਰੀ ਕਰਕੇ ਲੈ ਗਏ। ਜਿੰਨਾਂ ਲੋਕਾਂ ਦੀਆਂ ਜੇਬਾਂ ਕੱਟੀਆ ਉਨ੍ਹਾਂ 'ਚ ਭਾਜਪਾ ਦੇ ਜ਼ਿਲਾ ਪ੍ਰਧਾਨ ਬਾਲ ਕਿਸ਼ਨ ਮਿੱਤਲ ਵੀ ਸ਼ਾਮਲ ਹੈ। ਇਸ ਸਬੰਧੀ ਪੁਲਸ ਨੇ ਇਕ ਦੋਸ਼ੀ ਨੂੰ ਫੜਿਆ ਵੀ ਹੈ ਜਿਸ ਤੋਂ ਪੁਲਸ ਕਰਮਚਾਰੀ ਦਾ ਪਰਸ ਬਰਾਮਦ ਕੀਤਾ ਗਿਆ ਹੈ।
ਜਾਣਕਾਰੀ ਮੁਤਾਬਕ ਜੇਬ ਕਤਰਿਆ ਦਾ ਸਭ ਤੋਂ ਪਹਿਲਾ ਸ਼ਿਕਾਰ ਭਾਜਪਾ ਦੇ ਜ਼ਿਲਾ ਪ੍ਰਧਾਨ ਬਾਲ ਕਿਸ਼ਨ ਮਿੱਤਲ ਬਣੇ, ਜਿੰਨਾਂ ਦਾ ਪਰਸ ਧਿਆਨਪੁਰ 'ਚ ਹੀ ਕੱਢ ਲਿਆ ਗਿਆ, ਜਿਸ 'ਚ ਲਗਭਗ ਪੰਜ ਹਜ਼ਾਰ ਰੁਪਏ ਅਤੇ ਡਰਾਈਵਿੰਗ ਲਾਇਸੈਂਸ ਆਦਿ ਸੀ। ਇਸ ਤਰ੍ਹਾਂ ਗੁਰਦਾਸਪੁਰ 'ਚ ਸਬ ਇੰਸਪੈਕਟਰ ਰਾਜ ਕੁਮਾਰ ਦਾ ਪਰਸ 'ਤੇ ਵੀ ਜੇਬ ਕਤਰਿਆਂ ਨੇ ਹੱਥ ਸਾਫ ਕਰ ਦਿੱਤਾ, ਜਿਸ ਵਿਚ ਲਗਭਗ 2500 ਰੁਪਏ ਸਨ। ਇਸ ਦੇ ਇਲਾਵਾ ਡਿੱਕੀ ਸੈਣੀ, ਅਨਿਲ ਮਹਾਜਨ, ਡਿੰਪੀ ਨੰਦਾ, ਦੋ ਔਰਤਾਂ ਸਮੇਤ ਲਗਭਗ ਇਕ ਦਰਜਨ ਲੋਕਾਂ ਨੇ ਪਰਸ ਚੋਰੀ ਹੋਣ ਦੀ ਪੁਲਸ ਨੂੰ ਸ਼ਿਕਾਇਤ ਦਰ ਕਰਵਾਈ ਹੈ। ਇਸੇ ਤਰ੍ਹਾਂ ਗੁਰਦਾਸਪੁਰ ਦੇ ਇਕ ਵਪਾਰੀ ਅਬੀ ਮਹਾਜਨ ਦਾ ਮੋਬਾਇਲ ਨਗਰ ਕੌਂਸਲ ਦਫਤਰ ਦੇ ਬਾਹਰ ਰੋਡ ਸ਼ੋਅ 'ਚ ਜੇਬ ਕੱਟ ਦਿੱਤੀ, ਜਿਸ ਦੀ ਕੀਮਤ ਲਗਭਗ 1ਲੱਖ ਰੁਪਏ ਸੀ। ਇਕ ਔਰਤ ਦਾ ਮੋਬਾਇਲ ਵੀ ਹਨੂੰਮਾਨ ਚੌਂਕ 'ਚ ਉਸ ਦੀ ਸਕੂਟਰੀ ਤੋਂ ਜੇਬ ਕਤਰਿਆ ਨੇ ਕੱਢ ਲਿਆ।
ਪ੍ਰਾਪਤ ਜਾਣਕਾਰੀ ਦੇ ਅਨੁਸਾਰ ਗੁਰਦਾਸਪੁਰ ਨਿਵਾਸੀ ਨੀਟੂ ਨਾਮਕ ਇਕ ਦੋਸ਼ੀ ਜਦ ਇਕ ਗਲੀ 'ਚ ਇਕ ਪਰਸ 'ਚੋਂ ਪੈਸੇ ਕੱਢ ਕੇ ਪਰਸ ਸੁੱਟਣ ਦਾ ਯਤਨ ਕਰ ਰਿਹਾ ਸੀ ਤਾਂ ਲੋਕਾਂ ਨੇ ਉਸ ਤੇ ਕਾਬੂ ਪਾਇਆ ਅਤੇ ਪੁਲਸ ਨੂੰ ਸੂਚਿਤ ਕੀਤਾ, ਪਰ ਪੁਲਸ ਆਉਣ ਤੋਂ ਪਹਿਲਾ ਹੀ ਨੀਟੂ ਲੋਕਾਂ ਦੀ ਪਕੜ ਤੋਂ ਭੱਜਣ 'ਚ ਸਫਲ ਹੋ ਗਿਆ। ਪਤਾ ਲੱਗਾ ਹੈ ਕਿ ਸਿਟੀ ਪੁਲਸ ਗੁਰਦਾਸਪੁਰ ਨੇ ਉਕਤ ਨੀਟੂ ਜੋ ਕਿ ਮਾਹਿਰ ਜੇਬ ਕਤਰਾ ਮੰਨਿਆ ਜਾਂਦਾ ਹੈ, ਨੂੰ ਹਿਰਾਸਤ 'ਚ ਲੈ ਲਿਆ ਅਤੇ ਉਸ ਤੋਂ ਸਬ ਇੰਸਪੈਕਟਰ ਰਾਜ ਕੁਮਾਰ ਦਾ ਪਰਸ ਵੀ ਬਰਾਮਦ ਕਰ ਲਿਆ ਗਿਆ ਹੈ।