ਗੁਰਦਾਸਪੁਰ ’ਚ ਫਿਰ ਲੱਗੇ ਸੰਨੀ ਦਿਓਲ ਦੀ ਗੁੰਮਸ਼ੁਦਗੀ ਵਾਲੇ ਪੋਸਟਰ

Tuesday, Jun 08, 2021 - 05:23 PM (IST)

ਗੁਰਦਾਸਪੁਰ ’ਚ ਫਿਰ ਲੱਗੇ ਸੰਨੀ ਦਿਓਲ ਦੀ ਗੁੰਮਸ਼ੁਦਗੀ ਵਾਲੇ ਪੋਸਟਰ

ਗੁਰਦਾਸਪੁਰ (ਹਰਮਨ) : ਲੋਕ ਸਭਾ ਹਲਕਾ ਗੁਰਦਾਸਪੁਰ ਨਾਲ ਸਬੰਧਤ ਸੰਸਦ ਮੈਂਬਰ ਸੰਨੀ ਦਿਓਲ ਦੀ ਹਲਕੇ ਵਿਚ ਲੰਮੀ ਗੈਰ-ਮੌਜੂਦਗੀ ਦੇ ਚੱਲਦਿਆਂ ਅੱਜ ਨੌਜਵਾਨਾਂ ਨੇ ਇਕੱਤਰ ਹੋ ਕੇ ਸ਼ਹਿਰ ਅੰਦਰ ਸੰਨੀ ਦਿਉਲ ਦੀ ਗੁੰਮਸ਼ੁਦਗੀ ਦੇ ਪੋਸਟਰ ਲਗਾਏ। ਇਸ ਮੌਕੇ ਇਕੱਤਰ ਹੋਏ ਨੌਜਵਾਨਾਂ ਨੇ ਸੰਨੀ ਦਿਓਲ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਨੌਜਵਾਨਾਂ ਨੇ ਕਿਹਾ ਕਿ ਸੰਨੀ ਦਿਓਲ ਨੂੰ ਇਸ ਹਲਕੇ ਦੇ ਲੋਕਾਂ ਨੇ ਕੀਮਤੀ ਵੋਟਾਂ ਪਾ ਕੇ ਸਾਂਸਦ ਬਣਾਇਆ ਹੈ ਪਰ ਹੈਰਾਨੀ ਦੀ ਗੱਲ ਹੈ ਕਿ ਸੰਨੀ ਦਿਓਲ ਨੇ ਪਿਛਲੇ ਲੰਮੇ ਸਮੇ ਤੋਂ ਗੁਰਦਾਸਪੁਰ ਹਲਕੇ ਦੇ ਲੋਕਾਂ ਦੀ ਕੋਈ ਸਾਰ ਨਹੀਂ ਲਈ ਅਤੇ ਨਾ ਹੀ ਕਰੋਨਾ ਮਹਾਮਾਰੀ ਦੌਰਾਨ ਲੋਕਾਂ ਦੀ ਕੋਈ ਮਦਦ ਕੀਤੀ। ਉਨ੍ਹਾਂ ਕਿਹਾ ਕਿ ਜੇਕਰ ਸੰਨੀ ਦਿਓਲ ਕੋਲ ਆਪਣੇ ਹਲਕੇ ਦੇ ਲੋਕਾਂ ਲਈ ਸਮਾਂ ਹੀ ਨਹੀਂ ਸੀ ਅਤੇ ਉਸ ਨੂੰ ਆਮ ਲੋਕਾਂ ਦੀਆਂ ਦੁੱਖ ਤਕਲੀਫਾਂ ਨਾਲ ਕੋਈ ਸਰੋਕਾਰ ਹੀ ਨਹੀਂ ਹੈ ਤਾਂ ਉਨਾਂ ਨੂੰ ਲੋਕ ਸਭਾ ਮੈਂਬਰ ਰਹਿਣ ਦਾ ਕੋਈ ਅਧਿਕਾਰ ਨਹੀਂ ਹੈ।

ਇਹ ਵੀ ਪੜ੍ਹੋ : ਜੇ ਤੁਹਾਡਾ ਬੱਚਾ ਵੀ ਮੋਬਾਇਲ ’ਤੇ ਖੇਡਦਾ ਹੈ ਗੇਮ ਤਾਂ ਹੋ ਜਾਓ ਸਾਵਧਾਨ, ਹੈਰਾਨ ਕਰ ਦੇਵੇਗੀ ਇਹ ਘਟਨਾ

ਉਨ੍ਹਾਂ ਕਿਹਾ ਕਿ ਸੰਨੀ ਦਿਓਲ ਨੇ ਕਿਸਾਨੀ ਸੰਘਰਸ਼ ਦੌਰਾਨ ਦਿਨ ਰਾਤ ਜੂਝ ਰਹੇ ਕਿਸਾਨਾਂ ਕਿਸਾਨਾਂ ਦੀ ਬਾਂਹ ਵੀ ਨਹੀਂ ਫੜੀ ਅਤੇ ਨਾ ਹੀ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਾਂ ਨਾਲ ਕੋਈ ਹਮਦਰਦੀ ਜ਼ਾਹਿਰ ਕੀਤੀ। ਇਥੋਂ ਤੱਕ ਸੰਨੀ ਦਿਓਲ ਨੇ ਆਪਣੇ ਹਲਕੇ ਦੇ ਸ਼ਹੀਦ ਸੈਨਿਕਾਂ ਦੇ ਪਰਿਵਾਰਾਂ ਨੂੰ ਹੌਂਸਲਾਂ ਲਈ ਵੀ ਕਦੇ ਸਮਾਂ ਨਹੀਂ ਕੱਢਿਆ। ਉਨ੍ਹਾਂ ਕਿਹਾ ਕਿ ਸਰਹੱਦੀ ਜ਼ਿਲ੍ਹਾ ਗੁਰਦਾਸਪੁਰ ਅਤੇ ਪਠਾਨਕੋਟ ਸਿਹਤ, ਸਿੱਖਿਆ ਅਤੇ ਰੁਜ਼ਗਾਰ ਸਮੇਤ ਕਈ ਮਾਮਲਿਆਂ ਵਿਚ ਬੁਰੀ ਤਰ੍ਹਾਂ ਪੱਛੜਿਆ ਹੋਇਆ ਹੈ ਪਰ ਇਸ ਦੇ ਬਾਵਜੂਦ ਸੰਨੀ ਦਿਓਲ ਕੇਂਦਰ ਸਰਕਾਰ ਕੋਲੋਂ ਆਪਣੇ ਹਲਕੇ ਲਈ ਕੋਈ ਪ੍ਰਾਜੈਕਟ ਨਹੀਂ ਲਿਆ ਸਕੇ। ਉਨ੍ਹਾਂ ਕਿਹਾ ਕਿ ਸੰਨੀ ਦੀ ਇਸ ਬੇਧਿਆਨੀ ਅਤੇ ਬੇਰੁਖੀ ਕਾਰਨ ਇਸ ਹਲਕੇ ਦੇ ਸਮੁੱਚੇ ਵਰਗਾਂ ਦੇ ਲੋਕ ਉਸ ਤੋਂ ਖਫ਼ਾ ਹੋ ਚੁੱਕੇ ਹਨ ਅਤੇ ਅੱਜ ਸਾਰੇ ਲੋਕ ਸੰਨੀ ਦੇ ਅਸਤੀਫ਼ੇ ਦੀ ਮੰਗ ਕਰਨ ਲੱਗ ਪਏ ਹਨ।

ਇਹ ਵੀ ਪੜ੍ਹੋ : ਲੁਧਿਆਣਾ ’ਚ ਬੋਰੀ ’ਚੋਂ ਮਿਲੀ ਨੌਜਵਾਨ ਕੁੜੀ ਦੀ ਅਰਧ ਨਗਨ ਲਾਸ਼, ਮੂੰਹ ਤੇ ਗੁਪਤ ਅੰਗਾਂ ’ਤੇ ਸੁੱਟਿਆ ਤੇਜ਼ਾਬ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

Gurminder Singh

Content Editor

Related News