ਐਕਸ਼ਨ ਮੋਡ ’ਚ ਆਏ ਗੁਰਦਾਸਪੁਰ ਦੇ ਨਵੇਂ ਐੱਸਐੱਸਪੀ
Tuesday, Feb 25, 2025 - 06:02 PM (IST)

ਗੁਰਦਾਸਪੁਰ (ਹਰਮਨ) : ਗੁਰਦਾਸਪੁਰ ਜ਼ਿਲ੍ਹੇ ਅੰਦਰ ਨਵਨਿਯੁਕਤ ਐੱਸਐੱਸਪੀ ਅਦਿੱਤਿਆ ਅਹੁਦਾ ਸੰਭਾਲਣ ਦੇ ਤੁਰੰਤ ਬਾਅਦ ਐਕਸ਼ਨ ਮੋਡ ਵਿਚ ਦਿਖਾਈ ਦੇ ਰਹੇ ਹਨ ਜਿਨ੍ਹਾਂ ਨੇ ਆਪਣਾ ਅਹੁਦਾ ਸੰਭਾਲਣ ਤੋਂ ਬਾਅਦ ਅਗਲੀਆਂ ਦੋਵੇਂ ਰਾਤਾਂ ਵੱਖ ਵੱਖ ਥਾਵਾਂ ’ਤੇ ਅਚਨਚੇਤ ਚੈਕਿੰਗ ਕਰਕੇ ਪੁਲਸ ਨੂੰ ਸਰਗਰਮ ਕਰਨ ਦੀ ਕੋਸ਼ਿਸ਼ ਕੀਤੀ ਹੈ। ਅਹੁਦਾ ਸੰਭਾਲਣ ਉਪਰੰਤ ਐੱਸਐੱਸਪੀ ਨੇ ਜ਼ਿਲ੍ਹਾ ਗੁਰਦਾਸਪੁਰ ਦੀ ਸਮੁੱਚੀ ਪੁਲਸ ਫੋਰਸ ਅਤੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਸਨ ਕਿ ਉਹ ਆਪਣੀ ਡਿਊਟੀ ਪ੍ਰਤੀ ਸੰਜੀਦਾ ਰਹਿਣ ਅਤੇ ਜ਼ਿਲ੍ਹੇ ਅੰਦਰ ਅਮਨ ਕਾਨੂੰਨ ਦੀ ਵਿਵਸਥਾ ਨੂੰ ਬਣਾਈ ਰੱਖਣ ਅਤੇ ਲੋਕਾਂ ਦੀ ਜਾਨ ਮਾਲ ਦੀ ਸੁਰੱਖਿਆ ਵਿਚ ਕੋਈ ਵੀ ਕਮੀ ਨਾ ਰਹਿਣ ਦੇਣ। ਇਸ ਦੇ ਨਾਲ ਹੀ ਉਨ੍ਹਾਂ ਨਸ਼ਾ ਤਸਕਰਾਂ ਨੂੰ ਨੱਥ ਪਾਉਣ ਅਤੇ ਸਰਹੱਦੀ ਖੇਤਰ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਵੀ ਪੁਲਸ ਨੂੰ ਮੁਸ਼ਤੈਦ ਰਹਿਣ ਦੀਆਂ ਹਿਦਾਇਤਾਂ ਕੀਤੀਆਂ ਸਨ। ਐੱਸਐੱਸਪੀ ਨੇ ਪੁਲਸ ਅਧਿਕਾਰੀਆਂ ਨੂੰ ਜਾਰੀ ਕੀਤੇ ਨਿਰਦੇਸ਼ਾਂ ਦੇ ਬਾਅਦ ਪਹਿਲੀ ਰਾਤ ਹੀ ਗੁਰਦਾਸਪੁਰ ਜ਼ਿਲ੍ਹੇ ਦੀਆਂ ਵੱਖ-ਵੱਖ ਪੁਲਸ ਚੌਕੀਆਂ ਥਾਣਿਆਂ ਅਤੇ ਹਾਈ ਟੈਕ ਨਾਕਿਆਂ ਦਾ ਦੌਰਾ ਕੀਤਾ ਅਤੇ ਵੱਖ-ਵੱਖ ਥਾਵਾਂ ’ਤੇ ਸੁਰੱਖਿਆ ਪ੍ਰਬੰਧਾਂ ਦੀ ਜਾਂਚ ਕੀਤੀ।
ਰਾਤ ਸਮੇਂ ਡਿਊਟੀ ’ਤੇ ਤਾਇਨਾਤ ਪੁਲਸ ਫੋਰਸ ਨੂੰ ਸਰਗਰਮ ਰਹਿਣ ਦੀਆਂ ਹਿਦਾਇਤਾਂ ਜਾਰੀ ਕੀਤੀਆਂ। ਉਨ੍ਹਾਂ ਜ਼ਿਲ੍ਹਾ ਹੁਸ਼ਿਆਰਪੁਰ ਵਾਲੀ ਸਾਈਡ ਤੋਂ ਗੁਰਦਾਸਪੁਰ ਜ਼ਿਲ੍ਹੇ ਦੇ ਐਂਟਰੀ ਪੁਆਇੰਟ ਦਾਊਵਾਲ ਨਾਕੇ ’ਤੇ ਪਹੁੰਚ ਕੇ ਸੁਰੱਖਿਆ ਵਿਵਸਥਾ ਦਾ ਜਾਇਜ਼ਾ ਲਿਆ। ਇਸ ਦੇ ਨਾਲ ਹੀ ਥਾਣਾ ਪੁਰਾਣਾ ਸ਼ਾਲਾ ਸਮੇਤ ਹੋਰ ਥਾਣਿਆਂ ਅਧੀਨ ਵੱਖ-ਵੱਖ ਥਾਵਾਂ ਦਾ ਦੌਰਾ ਕੀਤਾ। ਅਗਲੀ ਰਾਤ ਐੱਸਐੱਸਪੀ ਵੱਲੋਂ ਰਾਤ ਸਮੇਂ ਸਰਹੱਦੀ ਖੇਤਰ ਅੰਦਰ ਸੈਕੰਡ ਲਾਈਨ ਆਫ ਡਿਫੈਂਸ ਦਾ ਦੌਰਾ ਕੀਤਾ ਅਤੇ ਰਾਤ ਸਮੇਂ ਲਗਾਏ ਗਏ ਹਾਈ ਟੈਕ ਨਾਕਿਆਂ ਸਮੇਤ ਹੋਰ ਨਾਕਿਆਂ ਦੀ ਚੈਕਿੰਗ ਕੀਤੀ। ਉਨ੍ਹਾਂ ਨਾਈਟ ਪੈਟਰੋਲਿੰਗ ਪਾਰਟੀਆਂ ਦੀ ਲੋਕੇਸ਼ਨ ਵੀ ਚੈੱਕ ਕੀਤੀ ਅਤੇ ਪੁਲਸ ਮੁਲਾਜ਼ਮਾਂ ਨੂੰ ਕਾਨੂੰਨ ਵਿਵਸਥਾ ਨੂੰ ਬਣਾਈ ਰੱਖਣਾ ਅਤੇ ਸਮਾਜ ਵਿਰੋਧੀ ਅਨਸਰਾਂ ਦੀਆਂ ਗਤੀਵਿਧੀਆਂ ਨੂੰ ਰੋਕਣ ਲਈ ਹਿਦਾਇਤਾਂ ਜਾਰੀ ਕੀਤੀਆਂ। ਉਨ੍ਹਾਂ ਕਿਹਾ ਕਿ ਸ਼ੱਕੀ ਵਾਹਨਾਂ ਅਤੇ ਵਿਅਕਤੀਆਂ ਦੀ ਜਾਂਚ ਕਰਨ ਵਿਚ ਕੋਈ ਢਿਲ ਮੱਠ ਨਾ ਵਰਤੀ ਜਾਵੇ। ਇਸ ਦੌਰਾਨ ਉਨਾਂ ਦੇ ਨਾਲ ਐੱਸਪੀ ਜੁਗਰਾਜ ਸਿੰਘ ਅਤੇ ਹੋਰ ਅਧਿਕਾਰੀ ਵੀ ਮੌਜੂਦ ਸਨ।