ਗੁਰਦਾਸਪੁਰ : ਛੁੱਟੀ ਕੱਟਣ ਆਏ ਫੌਜੀ ''ਤੇ ਲੁਟੇਰਿਆਂ ਨੇ ਚਲਾਈਆਂ ਗੋਲੀਆਂ

Monday, Oct 28, 2019 - 05:56 PM (IST)

ਗੁਰਦਾਸਪੁਰ : ਛੁੱਟੀ ਕੱਟਣ ਆਏ ਫੌਜੀ ''ਤੇ ਲੁਟੇਰਿਆਂ ਨੇ ਚਲਾਈਆਂ ਗੋਲੀਆਂ

ਗੁਰਦਾਸਪੁਰ (ਹਰਮਨਪ੍ਰੀਤ, ਵਿਨੋਦ) : ਆਪਣੇ ਪਰਿਵਾਰ ਨਾਲ ਦੀਵਾਲੀ ਮਨਾਉਣ ਲਈ ਛੁੱਟੀ ਕੱਟਣ ਆਏ ਇਕ ਫੌਜੀ 'ਤੇ ਤਿੰਨ ਅਣਪਛਾਤੇ ਲੁਟੇਰਿਆਂ ਵਲੋਂ ਗੋਲੀਆਂ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਕਾਰਨ ਉਕਤ ਫੌਜੀ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ। ਇਸ ਸਬੰਧੀ ਪੁਲਸ ਨੂੰ ਦਿੱਤੇ ਬਿਆਨਾਂ 'ਚ ਅਨੀਤਾ ਦੇਵਾ ਪਤਨੀ ਹਕੀਕਤ ਸਿੰਘ ਪਿੰਡ ਚੌਤਾਂ ਨੇ ਦੱਸਿਆ ਕਿ ਉਸ ਦਾ ਪਤੀ ਹਕੀਕਤ ਸਿੰਘ ਹਿਮਾਚਲ ਪ੍ਰਦੇਸ਼ ਅੰਦਰ ਸੋਲਨ ਵਿਖੇ ਆਰਮੀ 'ਚ ਨੌਕਰੀ ਕਰਦਾ ਹੈ ਅਤੇ ਉਹ ਛੁੱਟੀ 'ਤੇ ਘਰ ਆਇਆ ਹੈ। ਐਤਵਾਰ ਨੂੰ ਉਹ ਅਤੇ ਉਸ ਦਾ ਪਤੀ ਆਪਣੀ ਬੇਟੀ ਨੂੰ ਲੈ ਕੇ ਸਕੂਟਰੀ 'ਤੇ ਪਿੰਡ ਪੱਖੋਵਾਲ ਕੁੱਲੀਆਂ ਤੋਂ ਆਪਣੇ ਪਿੰਡ ਚੌਤਾ ਜਾ ਰਹੇ ਸਨ। ਇਸੇ ਦੌਰਾਨ ਜਦੋਂ ਉਹ ਦਲੇਰਪੁਰ ਖੇੜਾ ਨੂੰ ਜਾਂਦੀ ਸੜਕ ਨੇੜੇ ਪਹੁੰਚੇ ਤਾਂ ਇਕ ਕਾਲੇ ਰੰਗ ਦੀ ਸਕੂਟਰੀ 'ਤੇ ਆਏ ਤਿੰਨ ਨੌਜਵਾਨ ਨੇ ਉਨ੍ਹਾਂ ਨੂੰ ਇਸ਼ਾਰਾ ਕਰਕੇ ਰੋਕ ਲਿਆ ਅਤੇ ਪੈਸਿਆ ਦੀ ਮੰਗ ਕਰਨ ਲੱਗੇ, ਜਿਸ 'ਤੇ ਉਸ ਦੇ ਪਤੀ ਨੇ ਆਪਣਾ ਪਰਸ ਕੱਢ ਕੇ ਫੜਾ ਦਿੱਤਾ। ਇਸੇ ਦੌਰਾਨ ਦੂਸਰੇ ਨੌਜਵਾਨ ਨੇ ਉਸ ਦੇ ਮੋਢੇ 'ਤੇ ਟੰਗਿਆ ਪਰਸ ਵੀ ਫੜ ਲਿਆ ਅਤੇ ਦੇਖਦੇ ਹੀ ਦੇਖਦੇ ਉਹ ਨੌਜਵਾਨ ਉਸ ਦੇ ਪਤੀ ਨਾਲ ਹੱਥੋਪਾਈ ਹੋ ਗਏ ਤੇ ਇਕ ਨੌਜਵਾਨ ਨੇ ਉਨ੍ਹਾਂ 'ਤੇ ਗੋਲੀਆਂ ਚਲਾ ਦਿੱਤੀਆਂ, ਜਿਸ ਕਾਰਨ ਦੋ ਗੋਲੀਆਂ ਉਸ ਦੇ ਪਤੀ ਦੇ ਪੇਟ 'ਚ ਲੱਗ ਗਈਆਂ ਤੇ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ ਜਦਕਿ ਲੁਟੇਰੇ ਮੌਕੇ ਤੋਂ ਫਰਾਰ ਹੋ ਗਏ। ਜ਼ਖਮੀ ਹਾਲਤ 'ਚ ਉਸ ਨੇ ਆਪਣੇ ਪਤੀ ਨੂੰ ਹਸਪਤਾਲ ਪਹੁੰਚਾਇਆ।

ਇਸ ਸਬੰਧੀ ਥਾਣਾ ਪੁਰਾਣਾ ਸ਼ਾਲਾ ਦੇ ਮੁਖੀ ਕੁਲਵਿੰਦਰ ਸਿੰਘ ਨੇ ਦੱਸਿਆ ਇਕ ਉਕਤ ਤਿੰਨ ਅਣਪਛਾਤੇ ਹਮਲਾਵਰਾਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਬਹੁਤ ਜਲਦੀ ਦੋਸ਼ੀਆਂ ਨੂੰ ਗ੍ਰ੍ਰਿਫਤਾਰ ਕਰ ਲਿਆ ਜਾਵੇਗਾ।


author

Baljeet Kaur

Content Editor

Related News