ਮਹਿਕਦੇ ਗੁਲਾਬ ਵਾਂਗ ਕਾਬਲੀਅਤ ਦੀ ਮਹਿਕ ਵੰਡਣ ਵਾਲਾ ਗਭਰੂ ਸੀ ''ਮਨਿੰਦਰ ਅਤਰੀ''
Saturday, Feb 23, 2019 - 12:02 PM (IST)
ਗੁਰਦਾਸਪੁਰ (ਹਰਮਨਪ੍ਰੀਤ) : ਪੁਲਵਾਮਾ 'ਚ ਅੱਤਵਾਦੀਆਂ ਵੱਲੋਂ ਕੀਤੇ ਹਮਲੇ ਦੌਰਾਨ ਭਰ ਜਵਾਨੀ 'ਚ ਸ਼ਹਾਦਤ ਦਾ ਜਾਮ ਪੀਣ ਵਾਲਾ ਮਨਿੰਦਰ ਸਿੰਘ ਅਤਰੀ (29) ਆਪਣੀ ਪਰਿਵਾਰਿਕ ਫੁੱਲਵਾੜੀ ਦਾ ਅਜਿਹਾ ਮਹਿਕਦਾ ਗੁਲਾਬ ਸੀ ਜੋ ਆਪਣੀ ਕਾਬਲੀਅਤ ਅਤੇ ਪਿਆਰ ਦੀਆਂ ਮਹਿਕਾਂ ਵੰਡਣ ਲਈ ਜਾਣਿਆ ਜਾਂਦਾ ਸੀ, ਮਨਿੰਦਰ ਦੀ ਬਹੁਪੱਖੀ ਹਸਤੀ ਨੂੰ ਅੱਜ ਸਮੁੱਚਾ ਦੇਸ਼ ਹੱਦਾਂ-ਸਰਹੱਦਾਂ ਦੀ ਰਾਖੀ ਕਰਨ ਵਾਲੇ ਇਕ ਸ਼ਹੀਦ ਵਜੋਂ ਸਲਾਮ ਕਰ ਰਿਹਾ ਹੈ। ਮਨਿੰਦਰ ਸਿੰਘ ਦੀ ਕਾਬਲੀਅਤ ਅਤੇ ਗੁਣਾਂ ਦੀ ਕਹਾਣੀ ਸਿਰਫ ਇਕ ਸੈਨਿਕ ਹੋਣ ਤੱਕ ਹੀ ਸੀਮਤ ਨਹੀਂ ਹੈ, ਉਹ ਬਚਪਨ ਤੋਂ ਹੀ ਇਕ ਵਧੀਆ ਆਰਟਿਸਟ ਵੀ ਸੀ, ਜੋ ਪੜ੍ਹਈ 'ਚ ਅੱਵਲ ਰਹਿਣ ਦੇ ਨਾਲ-ਨਾਲ ਖੇਡਾਂ ਵਿਚ ਮੱਲਾਂ ਮਾਰਨ ਵਾਲਾ ਖਿਡਾਰੀ ਵੀ ਸੀ। ਸਮਾਜ ਸੇਵਾ ਤੋਂ ਇਲਾਵਾ ਪਰਿਵਾਰਕ ਮੈਂਬਰਾਂ ਤੇ ਰਿਸ਼ਤੇਦਾਰਾਂ ਨਾਲ ਪਿਆਰ ਦੀਆਂ ਡੂੰਘੀਆਂ ਤੰਦਾਂ ਗੰਢਣ ਵਾਲੇ ਇਸ ਗਭਰੂ ਦੇ ਵਿਛੋੜੇ ਕਾਰਨ ਉਸ ਨੂੰ ਨੇੜਿਓਂ ਜਾਨਣ ਤੇ ਦੇਖਣ ਵਾਲੀ ਸ਼ਾਇਦ ਹੀ ਕੋਈ ਅੱਖ ਹੋਵੇਗੀ, ਜੋ ਦੁੱਖ ਦੇ ਵੈਰਾਗ 'ਚ ਦਿਨ-ਰਾਤ ਰੋਈ ਨਹੀਂ ਹੋਵੇਗੀ। ਸ਼ਹੀਦ ਮਨਿੰਦਰ ਸਿੰਘ ਅਤਰੀ ਦੀ ਆਤਮਿਕ ਸ਼ਾਂਤੀ ਨਮਿੱਤ ਰਖਵਾਏ ਗਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਦੇ ਭੋਗ 23 ਫਰਵਰੀ ਨੂੰ ਉਨ੍ਹਾਂ ਦੇ ਘਰ 'ਚ ਪਾਏ ਜਾਣਗੇ। ਉਪਰੰਤ ਗੁਰਦੁਆਰਾ ਯਾਦਗਾਰ ਸ਼ੇਰੇ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ, ਨੇੜੇ ਪੁਲਸ ਥਾਣਾ ਦੀਨਾਨਗਰ ਵਿਖੇ ਸ਼ਰਧਾਂਜਲੀ ਸਮਾਗਮ ਅਤੇ ਅੰਤਿਮ ਅਰਦਾਸ 12 ਤੋਂ 1 ਵਜੇ ਤਕ ਹੋਵੇਗੀ।
ਬਚਪਨ ਤੋਂ ਹੀ ਮਾਰਦਾ ਰਿਹੈ ਮੱਲਾਂ
ਮਨਿੰਦਰ ਸਿੰਘ ਆਰੀਆ ਨਗਰ ਦੀਨਾਨਗਰ ਦਾ ਵਸਨੀਕ ਸੀ, ਜਿਸ ਦਾ ਜਨਮ 21 ਜੂਨ 1988 ਨੂੰ ਪੰਜਾਬ ਰੋਡਵੇਜ਼ ਦੇ ਟ੍ਰੈਫਿਕ ਮੈਨੇਜਰ ਸਤਪਾਲ ਅਤਰੀ ਦੇ ਘਰ ਹੋਇਆ। ਨਰਸਰੀ ਤੋਂ 5ਵੀਂ ਤੱਕ ਦੀ ਪੜ੍ਹਾਈ ਸਵਾਮੀ ਵਿਵੇਕਾਨੰਦ ਸਕੂਲ ਦੀਨਾਨਗਰ ਤੋਂ ਕਰਨ ਉਪਰੰਤ 6ਵੀਂ ਤੋਂ 12ਵੀਂ ਤੱਕ ਦੀ ਪੜ੍ਹਾਈ ਨਵੋਦਿਆ ਸਕੂਲ ਨਾਜੋਚੱਕ ਤੋਂ ਕੀਤੀ ਅਤੇ 11ਵੀਂ, 12ਵੀਂ ਜਮਾਤ 'ਚ ਨਾਨ ਮੈਡੀਕਲ ਵਿਸ਼ੇ ਪੜ੍ਹਨ ਉਪਰੰਤ ਉਸ ਨੇ ਅੰਮ੍ਰਿਤਸਰ ਤੋਂ ਆਈ. ਟੀ. ਵਿਚ ਬੀ. ਟੈੱਕ ਕੀਤੀ। ਇਸ ਉਪਰੰਤ ਗੁੜਗਾਓਂ ਵਿਖੇ ਪ੍ਰਾਈਵੇਟ ਕੰਪਨੀ 'ਚ ਨੌਕਰੀ ਕਰਨ ਦੇ ਨਾਲ-ਨਾਲ ਉਸ ਨੇ ਐੱਮ. ਬੀ. ਏ. ਦੀ ਪੜ੍ਹਈ ਵੀ ਸ਼ੁਰੂ ਕਰ ਲਈ।ਉਹ 10ਵੀਂ ਜਮਾਤ ਤੱਕ ਹਮੇਸ਼ਾਂ ਪਹਿਲੀਆਂ ਤਿੰਨ ਪੁਜ਼ੀਸ਼ਨਾਂ 'ਤੇ ਆਉਂਦਾ ਰਿਹਾ ਹੈ ਪਰ 2009 'ਚ ਮਾਤਾ ਦੀ ਮੌਤ ਉਪਰੰਤ ਉਸ ਨੂੰ ਕਾਫੀ ਸਦਮਾ ਲੱਗਾ। ਜਲਦੀ ਬਾਅਦ ਉਸ ਨੇ ਆਪਣੇ ਆਪ ਨੂੰ ਸੰਭਾਲਦਿਆਂ ਮੁੜ ਇਕ ਵੱਡਾ ਅਫਸਰ ਬਣਨ ਦੀ ਚਾਹਤ ਨਾਲ ਸਖਤ ਮਿਹਨਤ ਸ਼ੁਰੂ ਕਰ ਦਿੱਤੀ। ਮਨਿੰਦਰ ਨੇ ਯੂ. ਪੀ. ਐੱਸ. ਈ. ਅਤੇ ਬੈਕਿੰਗ ਸਮੇਤ ਅਨੇਕਾਂ ਖੇਤਰਾਂ ਵਿਚ ਕਈ ਪ੍ਰਵੇਸ਼ ਤੇ ਮੁਕਾਬਲਾ ਪ੍ਰੀਖਿਆਵਾਂ ਦਿੱਤੀਆਂ, ਜਿਨ੍ਹਾਂ ਦੀ ਤਿਆਰੀ ਲਈ ਉਸ ਨੇ ਭਰਤੀ ਹੋਣ ਤੋਂ ਪਹਿਲਾਂ ਕਰੀਬ 6 ਮਹੀਨੇ ਘਰ ਰਹਿ ਕੇ ਹੀ ਤਿਆਰੀ ਕੀਤੀ।
ਬਾਸਕਟਬਾਲ ਤੇ ਕਬੱਡੀ ਦਾ ਖਿਡਾਰੀ
ਛੋਟੇ ਭਰਾ ਲਖਬੀਰ ਸਿੰਘ ਨੇ ਦੱਸਿਆ ਕਿ ਮਨਿੰਦਰ ਨੇ ਸਕੂਲ 'ਚ 8ਵੀਂ ਜਮਾਤ ਦੀ ਪੜ੍ਹਾਈ ਦੌਰਾਨ ਬਾਸਕਟਬਾਲ ਤੇ ਕਬੱਡੀ ਖੇਡਣੀ ਸ਼ੁਰੂ ਕਰ ਦਿੱਤੀ ਸੀ। ਪੇਂਡੂ ਮੇਲਿਆਂ ਸਮੇਤ ਕਈ ਥਾਵਾਂ 'ਤੇ ਕਬੱਡੀ ਦੇ ਜੌਹਰ ਦਿਖਾਉਣ ਤੋਂ ਇਲਾਵਾ ਉਹ ਕੌਮੀ ਪੱਧਰ 'ਤੇ ਬਾਸਕਟਬਾਲ ਵੀ ਖੇਡ ਚੁੱਕਾ ਹੈ। ਖਾਸ ਤੌਰ 'ਤੇ ਸੀ. ਆਰ. ਪੀ. ਐੱਫ. 'ਚ ਭਰਤੀ ਹੋਣ ਦੇ ਬਾਅਦ ਉਹ ਸੀ. ਆਰ. ਪੀ. ਐੱਫ. ਵੱਲੋਂ ਵੀ ਕੇਰਲਾ 'ਚ ਖੇਡ ਕੇ ਆਇਆ ਸੀ, ਜਿਥੇ ਉਨ੍ਹਾਂ ਦੀ ਟੀਮ ਦੀ ਜਿੱਤ 'ਚ ਉਸ ਦਾ ਵੱਡਾ ਯੋਗਦਾਨ ਰਿਹਾ। ਉਹ ਜਦੋਂ ਵੀ ਆਪਣੇ ਘਰ ਛੁੱਟੀ 'ਤੇ ਆਉਂਦਾ ਸੀ ਤਾਂ ਕਰੀਬ 25 ਤੋਂ 30 ਬੱਚਿਆਂ ਦੇ ਗਰੁੱਪ ਨੂੰ ਬਾਸਕਟਬਾਲ ਦੀ ਕੋਚਿੰਗ ਦਿੰਦਾ ਹੁੰਦਾ ਸੀ।ਮਨਿੰਦਰ ਸਿੰਘ ਨੂੰ ਪੇਂਟਿੰਗ ਅਤੇ ਡਰਾਇੰਗ ਦਾ ਵੀ ਬਹੁਤ ਸ਼ੌਕ ਸੀ, ਜਿਸ ਨੇ 6ਵੀਂ ਜਮਾਤ ਵਿਚ ਹੀ ਗੁਰੂ ਗੋਬਿੰਦ ਸਿੰਘ ਦੀ ਤਸਵੀਰ ਬਣਾ ਦਿੱਤੀ ਸੀ। ਹੁਣ ਵੀ ਉਹ ਕਦੇ-ਕਦੇ ਵਿਹਲੇ ਸਮੇਂ 'ਚ ਤਸਵੀਰ ਜਾਂ ਚਿਹਰੇ ਵੱਲ ਵੇਖ ਕੇ ਤਸਵੀਰਾਂ ਬਣਾਉਂਦਾ ਰਹਿੰਦਾ ਸੀ।
ਵੱਡਾ ਅਫਸਰ ਬਣਨ ਦਾ ਇੱਛਕ ਸੀ ਪਿਤਾ ਦਾ ਲਾਡਲਾ
ਮਨਿੰਦਰ ਸਿੰਘ 2 ਮਾਰਚ 2017 ਸੀ. ਆਰ. ਪੀ. ਐੱਫ. 'ਚ ਬਤੌਰ ਸਿਪਾਹੀ ਸ਼ਾਮਲ ਹੋਇਆ, ਜਿਸ ਨੇ ਭਰਤੀ ਹੋਣ ਦੇ ਬਾਅਦ ਹੀ ਆਪਣੇ ਪਿਤਾ ਨੂੰ ਇਸ ਨੌਕਰੀ ਬਾਰੇ ਦੱਸ ਕੇ ਹੈਰਾਨ ਕਰ ਦਿੱਤਾ ਸੀ। ਉਹ ਨੌਕਰੀ 'ਚ ਆਉਣ ਦੇ ਬਾਅਦ ਵੀ ਤਰੱਕੀ ਅਤੇ ਵੱਡਾ ਅਫਸਰ ਬਣਨ ਦੀ ਚਾਹਤ ਪੂਰੀ ਕਰਨ ਲਈ ਯਤਨਸ਼ੀਲ ਸੀ, ਜਿਸ ਨੇ ਸੀ. ਆਰ. ਪੀ. ਐੱਫ ਵਿਚੋਂ ਸੀ. ਬੀ. ਆਈ. ਵਿਚ ਡੈਪੂਟੇਸ਼ਨ 'ਤੇ ਜਾਣ ਲਈ ਪਹਿਲਾ ਟੈਸਟ ਵੀ ਪਾਸ ਕਰ ਲਿਆ ਸੀ ਪਰ ਅਗਲੇਰੀਆਂ ਕਾਰਵਾਈਆਂ ਮੁਕੰਮਲ ਕਰਨ ਤੋਂ ਪਹਿਲਾਂ ਹੀ ਉਹ ਪ੍ਰਮਾਤਮਾ ਕੋਲ ਚਲਾ ਗਿਆ। ਵੱਡਾ ਅਫਸਰ ਬਣਨ ਦੀ ਇੱਛਾ ਕਾਰਨ ਹੀ ਉਸ ਨੇ 29 ਸਾਲਾਂ ਦੀ ਉਮਰ ਹੋਣ ਦੇ ਬਾਵਜੂਦ ਵਿਆਹ ਨਹੀਂ ਕਰਵਾਇਆ। ਮਾਤਾ ਦੀ ਮੌਤ ਉਪਰੰਤ ਮਨਿੰਦਰ ਸਿੰਘ ਦਾ ਆਪਣੇ ਪਿਤਾ ਨਾਲ ਬਹੁਤ ਡੂੰਘਾ ਪਿਆਰ ਸੀ ਅਤੇ ਉਹ ਆਪਣੀਆਂ ਤਿੰਨਾਂ ਭੈਣਾਂ ਅਤੇ ਇਕ ਛੋਟੇ ਭਰਾ ਵਿਚੋਂ ਆਪਣੇ ਪਿਤਾ ਲਈ ਸਭ ਤੋਂ ਲਾਡਲਾ ਪੁੱਤਰ ਸੀ ।