ਜਬਰ-ਜ਼ਨਾਹ ਦੇ ਕਥਿਤ ਦੋਸ਼ੀ ਨੂੰ ਫੜਨ ਜਾਣਾ ਪੁਲਸ ਨੂੰ ਪਿਆ ਭਾਰੀ
Saturday, Nov 10, 2018 - 04:29 PM (IST)

ਗੁਰਦਾਸਪੁਰ (ਵਿਨੋਦ) : ਕਾਹਨੂੰਵਾਲ ਪੁਲਸ ਨੇ ਇਕ ਵਿਧਵਾ ਨਾਲ ਜ਼ਬਰੀ ਸਰੀਰਕ ਸਬੰਧ ਬਣਾਉਣ ਦੀ ਕੋਸ਼ਿਸ਼ ਕਰਨ ਵਾਲੇ ਜੇਠ ਵਿਰੁੱਧ ਮਾਮਲਾ ਦਰਜ ਕੀਤਾ ਹੈ। ਇਸ ਮਾਮਲੇ ਸਬੰਧੀ ਜਦੋਂ ਪੁਲਸ ਦੋਸ਼ੀ ਨੂੰ ਗ੍ਰਿ੍ਰਫਤਾਰ ਕਰਨ ਗਈ ਤਾਂ ਦੋਸ਼ੀ ਦੀ ਪਤਨੀ ਸਮੇਤ ਇਕ ਲੜਕੀ ਨੇ ਪੁਲਸ ਪਾਰਟੀ 'ਤੇ ਹਮਲਾ ਕਰ ਦਿੱਤਾ ਤੇ ਵਰਦੀ ਪਾੜ ਦਿੱਤੀ। ਇਸ ਉਪਰੰਤ ਪੁਲਸ ਨੇ ਦੋਸ਼ੀ ਦੀ ਪਤਨੀ ਤੇ ਲੜਕੀ ਖਿਲਾਫ ਮਾਮਲਾ ਦਰਜ ਕਰਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਮੁਤਾਬਕ ਕਾਹਨੂੰਵਾਨ ਪੁਲਸ ਸਟੇਸ਼ਨ ਅਧੀਨ ਇਕ ਪਿੰਡ ਦੀ ਔਰਤ ਨੇ ਪੁਲਸ ਨੂੰ ਬਿਆਨ ਦਿੱਤਾ ਕਿ ਉਸ ਦੇ ਪਤੀ ਦੀ ਮੌਤ ਹੋ ਚੁੱਕੀ ਹੈ ਤੇ ਉਹ ਆਪਣੇ ਦੋ ਬੱਚਿਆਂ ਦੇ ਨਾਲ ਘਰ 'ਚ ਇਕੱਲੀ ਰਹਿੰਦੀ ਹੈ। ਔਰਤ ਨੇ ਦੋਸ਼ ਲਗਾਈਆ ਕਿ ਉਸ ਦਾ ਜੇਠ ਸਾਬਕਾ ਸੈਨਿਕ ਜਗਤਾਰ ਸਿੰਘ ਵਾਸੀ ਪਿੰਡ ਮਲਿਆਂ ਕੁਝ ਸਮੇਂ ਤੋਂ ਉਸ 'ਤੇ ਬੁਰੀ ਨਜ਼ਰ ਰੱਖਦਾ ਸੀ। ਵੀਰਵਾਰ ਦੀ ਰਾਤ ਉਹ ਰੋਜ਼ਾਨਾਂ ਦੀ ਤਰ੍ਹਾਂ ਰੋਟੀ ਖਾ ਕੇ ਆਪਣੇ ਘਰ 'ਚ ਸੁੱਤੀ ਪਈ ਸੀ ਤੇ ਰਾਤ ਲੱਗਭਗ 11: 30 ਵਜੇ ਉਸ ਦਾ ਜੇਠ ਜਗਤਾਰ ਸਿੰਘ ਉਸ ਦੇ ਘਰ ਆਇਆ ਤੇ ਉਸ ਨਾਲ ਜ਼ਬਰਦਸਤੀ ਕਰਨ ਲੱਗਾ ਤੇ ਉਸ ਦੇ ਕੱਪੜੇ ਵੀ ਪਾੜ ਦਿੱਤੇ, ਜਦ ਉਸ ਨੇ ਰੌਲਾ ਪਾਇਆ ਤਾਂ ਦੋਸ਼ੀ ਉਸ ਨੂੰ ਧਮਕੀਆਂ ਦਿੰਦਾ ਹੋਇਆ ਫਰਾਰ ਹੋ ਗਿਆ। ਇਸ ਸੰਬੰਧੀ ਕਾਹਨੂੰਵਾਨ ਪੁਲਸ ਨੇ ਪੀੜਤ ਦੇ ਬਿਆਨ ਦੇ ਆਧਾਰ 'ਤੇ ਦੋਸ਼ੀ ਜਗਤਾਰ ਸਿੰਘ ਦੇ ਵਿਰੁੱਧ ਧਾਰਾ 376, 511 ਤੇ 506 ਅਧੀਨ ਕੇਸ ਦਰਜ ਕਰਕੇ ਦੋਸ਼ੀ ਦੀ ਤਾਲਾਸ਼ ਸ਼ੁਰੂ ਕਰ ਦਿੱਤੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਬੀਤੀ ਰਾਤ ਜਦੋਂ ਕਾਹਨੂੰਵਾਨ ਪੁਲਸ ਸਟੇਸ਼ਨ ਨਾਲ ਸਬੰਧਤ ਇਕ ਪੁਲਸ ਪਾਰਟੀ ਨੇ ਸਹਾਇਕ ਸਬ ਇੰਸਪੈਕਟਰ ਅਮਰੀਕ ਸਿੰਘ ਦੀ ਅਗਵਾਈ 'ਚ ਜਗਤਾਰ ਸਿੰਘ ਦੇ ਘਰ ਛਾਪਾਮਾਰੀ ਕੀਤੀ ਤਾਂ ਉਥੇ ਇਕ ਸਿੱਖ ਨੌਜਵਾਨ ਬੈਠਾ ਸੀ, ਜਿਸ ਤੋਂ ਪੁੱਛਗਿੱਛ ਕਰਨ 'ਤੇ ਉਸ ਨੇ ਆਪਣਾ ਨਾਂ ਜਗਤਾਰ ਸਿੰਘ ਦੱਸਿਆ। ਪੁਲਸ ਪਾਰਟੀ ਨੇ ਜਦ ਉਸ ਨੂੰ ਕਿਹਾ ਕਿ ਉਸ ਦੇ ਵਿਰੁੱਧ ਕਾਹਨੂੰਵਾਨ ਪੁਲਸ ਸਟੇਸ਼ਨ 'ਚ ਕੇਸ ਦਰਜ ਹੈ ਤਾਂ ਦੋਸ਼ੀ ਜਗਤਾਰ ਸਿੰਘ, ਉਸ ਦੀ ਪਤਨੀ ਚਰਨਜੀਤ ਕੌਰ ਅਤੇ ਇਕ ਲੜਕੀ ਨੇ ਪੁਲਸ ਪਾਰਟੀ ਤੇ ਹਮਲਾ ਕਰ ਦਿੱਤਾ। ਇਸ ਹਮਲੇ ਦੌਰਾਨ ਸਹਾਇਕ ਸਬ ਇੰਸਪੈਕਟਰ ਅਮਰੀਕ ਸਿੰਘ ਦੀ ਵਰਦੀ ਫਾੜ ਦਿੱਤੀ ਤੇ ਪੁਲਸ ਕਰਮਚਾਰੀਆਂ ਨਾਲ ਧੱਕਾਮੁੱਕੀ ਕੀਤੀ ਪਰ ਜਗਤਾਰ ਸਿੰਘ, ਉਸ ਦੀ ਪਤਨੀ ਚਰਨਜੀਤ ਕੌਰ ਅਤੇ ਇਕ ਲੜਕੀ ਉਥੋਂ ਭੱਜਣ 'ਚ ਸਫਲ ਹੋ ਗਏ।
ਕੀ ਕਹਿਣਾ ਹੈ ਜ਼ਿਲਾ ਪੁਲਸ ਮੁਖੀ ਗੁਰਦਾਸਪੁਰ ਡਾ.ਸਵਰਨਜੀਤ ਸਿੰਘ ਦਾ
ਇਸ ਮਾਮਲੇ ਸੰਬੰਧੀ ਜਦ ਜ਼ਿਲਾ ਪੁਲਸ ਮੁਖੀ ਸਵਰਨਜੀਤ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਕਿਸੇ ਨੂੰ ਕਾਨੂੰਨ ਹੱਥ 'ਚ ਲੈਣ ਦੀ ਇਜਾਜਤ ਨਹੀਂ ਦਿੱਤੀ ਜਾ ਸਕਦੀ। ਇਸ ਸੰਬੰਧੀ ਸਹਾਇਕ ਸਬ ਇੰਸਪੈਕਟਰ ਅਮਰੀਕ ਸਿੰਘ ਦੇ ਬਿਆਨ ਦੇ ਆਧਾਰ ਤੇ ਦੋਸ਼ੀਆਂ ਦੇ ਵਿਰੁੱਧ ਇਕ ਹੋਰ ਕੇਸ ਦਰਜ਼ ਕਰਕੇ ਦੋਸ਼ੀਆਂ ਦੀ ਤਾਲਾਸ਼ ਕੀਤੀ ਜਾ ਰਹੀ ਹੈ।