ਨੌਸ਼ਹਿਰਾ : ਪਰਿਵਾਰਕ ਮੈਂਬਰ ਦੀ ਲਾਸ਼ ਘਰ ''ਚ ਦਫ਼ਨਾਉਣ ਦਾ ਮਾਮਲਾ ਭਖਿਆ

Monday, Feb 04, 2019 - 04:31 PM (IST)

ਨੌਸ਼ਹਿਰਾ : ਪਰਿਵਾਰਕ ਮੈਂਬਰ ਦੀ ਲਾਸ਼ ਘਰ ''ਚ ਦਫ਼ਨਾਉਣ ਦਾ ਮਾਮਲਾ ਭਖਿਆ

ਗੁਰਦਾਸਪੁਰ (ਵਿਨੋਦ) - ਗੁਰਦਾਸਪੁਰ ਜ਼ਿਲੇ ਦੇ ਨੇੜਲੇ ਪਿੰਡ ਨੌਸ਼ਹਿਰਾ ਵਿਖੇ ਮਾਹੌਲ ਉਸ ਵੇਲੇ ਤਣਾਅ ਪੂਰਨ ਹੋ ਗਿਆ, ਜਦੋਂ ਇਕ ਵਿਅਕਤੀ ਦੀ ਮੌਤ ਹੋਣ 'ਤੇ ਉਸ ਦੇ ਪਰਿਵਾਰਿਕ ਮੈਂਬਰਾਂ ਨੇ ਘਰ ਦੇ ਵਿਹੜੇ 'ਚ ਹੀ ਲਾਸ਼ ਨੂੰ ਦਫ਼ਨਾਉਣ ਦੇ ਬਾਰੇ ਕਿਹਾ। ਇਸ ਗੱਲ ਦਾ ਪਤਾ ਲੱਗਣ 'ਤੇ ਪਿੰਡ ਵਾਸੀਆਂ ਨੇ ਜ਼ਬਰਦਸਤ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਜਾਣਕਾਰੀ ਅਨੁਸਾਰ ਰਮੇਸ਼ ਪੁੱਤਰ ਵਿਜੇ ਕੁਮਾਰ ਦੀ ਗੁਰਦੇ ਫ਼ੇਲ ਹੋਣ ਕਾਰਨ ਅਚਾਨਕ ਮੌਤ ਹੋਣ 'ਤੇ ਉਸ ਦੀ ਪਤਨੀ ਰਾਣੋ ਅਤੇ ਪੀੜਤ ਪਰਿਵਾਰਕ ਮੈਂਬਰਾਂ ਨੇ ਮ੍ਰਿਤਕ ਦੀ ਲਾਸ਼ ਨੂੰ ਆਪਣੇ ਘਰ ਦੇ ਵਿਹੜੇ 'ਚ ਦਫ਼ਨਾਉਣ ਦਾ ਫੈਸਲਾ ਕਰ ਲਿਆ। ਇਸ ਗੱਲ ਦਾ ਪਿੰਡ ਵਾਸੀਆਂ ਨੇ ਜ਼ਬਰਦਸਤ ਵਿਰੋਧ ਕਰਦਿਆਂ ਲਾਸ਼ ਨੂੰ ਦਫਨਾਉਣ ਤੋਂ ਇਨਕਾਰ ਕਰ ਦਿੱਤਾ।

ਮੌਕੇ 'ਤੇ ਪਹੁੰਚੇ ਥਾਣਾ ਮੁਖੀ ਇੰਸਪੈਕਟਰ ਕੁਲਵਿੰਦਰ ਸਿੰਘ ਦੀ ਸੂਝਬੂਝ ਕਾਰਨ ਇਹ ਮਾਮਲਾ ਥੋੜੀ ਦੇਰ ਬਾਅਦ ਸੁਲਝ ਗਿਆ। ਮ੍ਰਿਤਕ ਦੀ ਪੀੜਤ ਪਤਨੀ ਰਾਣੋ ਨੇ ਦੱਸਿਆ ਕਿ ਉਸ ਦਾ ਪਤੀ ਪਿਛਲੇ ਲੰਬੇ ਸਮੇਂ ਤੋਂ ਘਰ ਦੇ ਅੰਦਰ ਬਣੀ ਇਕ ਫ਼ਕੀਰ ਦੀ ਜਗ੍ਹਾ ਦਾ ਮੁੱਖ ਸੇਵਾਦਾਰ ਸੀ ਅਤੇ ਉਸ ਨੇ ਆਪਣੀ ਮੌਤ ਤੋਂ ਬਾਅਦ ਲਾਸ਼ ਨੂੰ ਘਰ 'ਚ ਦਫ਼ਨਾ ਕੇ ਕਬਰ ਬਣਾਉਣ ਲਈ ਆਪਣੀ ਪਤਨੀ ਨੂੰ ਪ੍ਰੇਰਿਤ ਕੀਤਾ ਸੀ। ਉਸ ਨੇ ਆਪਣੇ ਪਤੀ ਦੇ ਮੂੰਹੋ ਨਿਕਲੇ ਆਖ਼ਰੀ ਬੋਲਾਂ ਨੂੰ ਪੁਗਾਉਦਿਆਂ ਅਤੇ ਪਿੰਡ ਵਾਸੀਆਂ ਵਲੋਂ ਵਿਰੋਧ ਕਰਨ ਦੇ ਬਾਵਜੂਦ ਪਤੀ ਦੀ ਲਾਸ਼ ਨੂੰ ਘਰ ਦੇ ਵਿਹੜੇ 'ਚ ਦਫ਼ਨਾ ਦਿੱਤਾ। ਉਕਤ ਥਾਣਾ ਮੁਖੀ ਨੇ ਪਿੰਡ ਵਾਸੀਆ ਨੂੰ ਇਹ ਕਹਿ ਕੇ ਮਾਮਲਾ ਸੁਲਝਾ ਦਿੱਤਾ ਕਿ ਕਿਸੇ ਵੀ ਮ੍ਰਿਤਕ ਸਰੀਰ ਨੂੰ ਅੰਤਿਮ ਸੰਸਕਾਰ ਜਾ ਦਫ਼ਨਾਉਣ ਨੂੰ ਲੈ ਕੇ ਕਿਸੇ ਬਾਹਰੀ ਵਿਅਕਤੀ ਦੀ ਜ਼ਿਲਾ ਪ੍ਰਸਾਸ਼ਨ ਦੇ ਉੱਚ ਅਧਿਕਾਰੀਆਂ ਦੇ ਲਿਖਤੀ ਹੁਕਮਾਂ ਤੋਂ ਬਿਨਾਂ ਕੋਈ ਦਖ਼ਲ ਅੰਦਾਜ਼ੀ ਦੇਣੀ ਨਹੀਂ ਬਣਦੀ।


author

rajwinder kaur

Content Editor

Related News