ਨਾਬਾਲਗ ਲੜਕੀ ਨੇ ਦਿੱਤਾ ਮਤਰੇਏ ਭਰਾ ਦੀ ਬੱਚੀ ਨੂੰ ਜਨਮ

01/31/2020 10:34:22 AM

ਗੁਰਦਾਸਪੁਰ (ਹਰਮਨ, ਜ.ਬ.) : ਥਾਣਾ ਪੁਰਾਣਾ ਸ਼ਾਲਾ ਅਧੀਨ ਪੈਂਦੇ ਇਕ ਪਿੰਡ 'ਚ ਇਕ ਨਾਬਾਲਗ ਲੜਕੀ ਨੇ ਆਪਣੇ ਹੀ ਮਤਰੇਏ ਭਰਾ ਵਲੋਂ ਬਣਾਏ ਗਏ ਨਾਜਾਇਜ਼ ਸਰੀਰਕ ਸਬੰਧਾਂ ਦੇ ਬਾਅਦ ਇਕ ਬੱਚੀ ਨੂੰ ਜਨਮ ਦਿੱਤਾ ਹੈ। ਇਸ ਮਾਮਲੇ 'ਚ ਕਾਰਵਾਈ ਕਰਦਿਆਂ ਪੁਲਸ ਨੇ ਉਕਤ ਲੜਕੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਇਸ ਸਬੰਧੀ ਥਾਣਾ ਪੁਰਾਣਾ ਸ਼ਾਲਾ ਦੇ ਮੁਖੀ ਕੁਲਜਿੰਦਰ ਸਿੰਘ ਨੇ ਦੱਸਿਆ ਕਿ ਪੁਰਾਣਾ ਸ਼ਾਲਾ ਨੇੜੇ ਇਕ ਪਿੰਡ 'ਚ ਪ੍ਰਵਾਸੀ ਮਜ਼ਦੂਰਾਂ ਦਾ ਇਕ ਪਰਿਵਾਰ ਪੱਕੇ ਤੌਰ 'ਤੇ ਰਹਿੰਦਾ ਹੈ। ਇਸ ਪਰਿਵਾਰ ਦੀ 17 ਸਾਲਾ ਦੀ ਪੀੜਤ ਲੜਕੀ ਪੁਰਾਣਾ ਸ਼ਾਲਾ ਨੇੜੇ ਇਕ ਪਿੰਡ ਦੇ ਸਰਕਾਰੀ ਸਕੂਲ 'ਚ 10ਵੀਂ ਜਮਾਤ 'ਚ ਪੜ੍ਹਦੀ ਸੀ। ਦੋ ਸਾਲ ਪਹਿਲਾਂ ਉਕਤ ਲੜਕੀ ਦੇ ਘਰਦਿਆਂ ਨੇ ਉਸ ਦਾ ਰਿਸ਼ਤਾ ਕਰ ਕੇ 20 ਦਸੰਬਰ 2018 ਨੂੰ ਉਸ ਦਾ ਵਿਆਹ ਵੀ ਨਿਰਧਾਰਿਤ ਕਰ ਦਿੱਤਾ ਸੀ ਪਰ ਉਸ ਦੇ ਸਕੂਲ ਸਟਾਫ ਨੂੰ ਨਾਬਾਲਗ ਲੜਕੀ ਦੇ ਕੀਤੇ ਜਾ ਰਹੇ ਵਿਆਹ ਸਬੰਧੀ ਪਤਾ ਲੱਗਣ 'ਤੇ ਉਨ੍ਹਾਂ ਇਹ ਵਿਆਹ ਰੁਕਵਾ ਦਿੱਤਾ ਸੀ। ਇਸ ਦੇ ਬਾਅਦ ਉਕਤ ਲੜਕੀ ਗਰਭਵਤੀ ਹੋ ਗਈ।

ਇਸ ਦੌਰਾਨ ਲੜਕੀ ਨੇ ਪਹਿਲਾਂ ਇਹ ਕਹਿ ਦਿੱਤਾ ਕਿ ਉਸ ਦੀ ਮਨਪ੍ਰੀਤ ਨਾਂ ਦੇ ਗੁਆਂਢੀ ਲੜਕੇ ਨਾਲ ਗੱਲਬਾਤ ਹੈ, ਜਿਸ ਕਾਰਣ ਇਹ ਬੱਚਾ ਵੀ ਉਸਦਾ ਹੀ ਹੈ। ਇਸ ਦੌਰਾਨ ਇਹ ਮਾਮਲਾ ਪੰਚਾਇਤ 'ਚ ਪਹੁੰਚਣ 'ਤੇ ਪੰਚਾਇਤ ਨੇ ਫੈਸਲਾ ਕਰ ਕੇ ਉਕਤ ਲੜਕੀ ਨੂੰ ਉਕਤ ਮਨਪ੍ਰੀਤ ਦੇ ਘਰ ਬਤੌਰ ਪਤੀ-ਪਤਨੀ ਰਹਿਣ ਲਈ ਭੇਜ ਦਿੱਤਾ ਪਰ ਮਨਪ੍ਰੀਤ ਅਤੇ ਉਸ ਦਾ ਪਰਿਵਾਰ ਸ਼ੁਰੂ ਤੋਂ ਹੀ ਕਹਿੰਦਾ ਰਿਹਾ ਸੀ ਕਿ ਇਹ ਬੱਚਾ ਮਨਪ੍ਰੀਤ ਦਾ ਨਹੀਂ ਹੈ। ਉਨ੍ਹਾਂ ਵੱਲੋਂ ਇਹ ਦੋਸ਼ ਲਾਇਆ ਜਾਂਦਾ ਸੀ ਕਿ ਜਿਸ ਲੜਕੇ ਨਾਲ ਉਕਤ ਲੜਕੀ ਦੀ ਮੰਗਣੀ ਹੋਈ ਸੀ, ਉਹ ਵੀ ਵਿਆਹ ਤੋਂ ਪਹਿਲਾਂ ਉਸ ਦੇ ਘਰ ਆਉਂਦਾ ਸੀ। ਇਸ ਕਾਰਣ ਇਹ ਬੱਚਾ ਉਸ ਲੜਕੇ ਦਾ ਹੋ ਸਕਦਾ ਹੈ, ਜਿਸ ਕਾਰਣ ਮਨਪ੍ਰੀਤ ਦੇ ਪਰਿਵਾਰ ਵੱਲੋਂ ਇਹ ਮਾਮਲਾ ਪੁਲਸ ਕੋਲ ਪਹੁੰਚਾ ਦਿੱਤਾ ਗਿਆ ਅਤੇ 20 ਜੁਲਾਈ 2019 ਦੀ ਰਾਤ ਨੂੰ ਉਸ ਨੇ ਇਕ ਲੜਕੀ ਨੂੰ ਜਨਮ ਦਿੱਤਾ। ਲੜਕੀ ਦੇ ਜਨਮ ਤੋਂ ਬਾਅਦ ਵੀ ਤਿੰਨੇ ਧਿਰਾਂ ਇਕ ਦੂਜੇ 'ਤੇ ਦੋਸ਼ ਲਾਉਂਦੀਆਂ ਰਹੀਆਂ ਜਿਸ ਦੌਰਾਨ ਲੜਕੀ ਨੇ ਖੁਲਾਸਾ ਕੀਤਾ ਕਿ ਉਸ ਦਾ ਮਤਰੇਆ ਭਰਾ ਪੰਕਜ ਵੀ ਉਸ ਨਾਲ ਸਰੀਰਕ ਸਬੰਧ ਬਣਾਉਂਦਾ ਰਿਹਾ ਸੀ। ਇਸ ਕਾਰਣ ਪੁਲਸ ਨੇ ਉਸ ਦੇ ਮੰਗੇਤਰ, ਗੁਆਂਢੀ ਮਨਪ੍ਰੀਤ ਅਤੇ ਮਤਰੇਏ ਭਰਾ ਪੰਕਜ ਦਾ ਡੀ. ਐੱਨ. ਏ. ਟੈਸਟ ਕਰਵਾਇਆ, ਜਿਸ 'ਚ ਖੁਲਾਸਾ ਹੋਇਆ ਹੈ ਕਿ ਉਕਤ ਲੜਕੀ ਉਸਦੇ ਭਰਾ ਵੱਲੋਂ ਬਣਾਏ ਸਰੀਰਕ ਸਬੰਧਾਂ ਕਾਰਣ ਪੈਦਾ ਹੋਈ ਹੈ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਡੀ. ਐੱਸ. ਪੀ. ਵੱਲੋਂ ਕੀਤੀ ਜਾ ਰਹੀ ਸੀ, ਜਿਸ ਤਹਿਤ ਪੰਕਜ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।


Baljeet Kaur

Content Editor

Related News