ਪੇਪਰ ਦੇਣ ਜਾ ਰਹੀਆਂ ਵਿਦਿਆਰਥਣਾਂ ਦੀ ਗੱਡੀ ''ਤੇ ਨੌਜਵਾਨਾਂ ਵਲੋਂ ਹਮਲਾ
Saturday, Mar 30, 2019 - 11:04 AM (IST)
ਗੁਰਦਾਸਪੁਰ (ਹਰਮਨਪ੍ਰੀਤ) : ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੱਟੀਆਂ 'ਚ ਇਕ ਗੱਡੀ 'ਤੇ ਸਵਾਰ ਹੋ ਕੇ 10ਵੀਂ ਜਮਾਤ ਦਾ ਪੇਪਰ ਦੇਣ ਜਾ ਰਹੀਆਂ ਵਿਦਿਆਰਥਣਾਂ ਨਾਲ ਛੇੜ-ਛਾੜ ਕਰਨ ਵਾਲੇ ਕੁਝ ਸ਼ਰਾਰਤੀ ਅਤੇ ਵਿਗੜੇ ਹੋਏ ਵਿਦਿਆਰਥੀਆਂ ਤੋਂ ਇਲਾਵਾ ਉਨ੍ਹਾਂ ਦੇ ਸਾਥੀਆਂ ਵਲੋਂ ਸਕੂਲ ਸਾਹਮਣੇ ਗੁੰਡਾਗਰਦੀ ਕਰਨ ਅਤੇ ਗੱਡੀ ਦੀ ਭੰਨ-ਤੋੜ ਕਰ ਕੇ ਡਰਾਈਵਰ ਨੂੰ ਜ਼ਖਮੀ ਕਰਨ ਦਾ ਸਮਾਚਾਰ ਹੈ। ਇਹ ਘਟਨਾ ਵਾਪਰਨ ਤੋਂ ਬਾਅਦ ਜਿਥੇ ਪੀੜਤ ਵਿਦਿਆਰਥਣਾਂ ਪੇਪਰ ਦੇਣ ਤੋਂ ਪਹਿਲਾਂ ਬੁਰੀ ਤਰ੍ਹਾਂ ਡਰ ਗਈਆਂ, ਉਥੇ ਸਕੂਲ ਦੇ ਸਾਹਮਣੇ ਵੀ ਤਣਾਅ ਦਾ ਮਾਹੌਲ ਬਣ ਗਿਆ, ਜਿਸ ਕਾਰਨ ਭਾਰੀ ਗਿਣਤੀ 'ਚ ਪੁਲਸ ਫੋਰਸ ਨੇ ਪਹੁੰਚ ਕੇ ਮਾਮਲੇ ਨੂੰ ਸ਼ਾਂਤ ਕੀਤਾ। ਇਸੇ ਦੌਰਾਨ ਲੜਕੀਆਂ ਦੇ ਮਾਪੇ ਅਤੇ ਉਨ੍ਹਾਂ ਦੇ ਪਿੰਡ ਵਾਲਿਆਂ ਨੇ ਵੀ ਮੌਕੇ 'ਤੇ ਪਹੁੰਚ ਕੇ ਰੋਸ-ਪ੍ਰਦਰਸ਼ਨ ਕੀਤਾ ਅਤੇ ਚਿਤਾਵਨੀ ਦਿੱਤੀ ਕਿ ਜੇਕਰ ਇਨ੍ਹਾਂ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਸਾਥੀਆਂ ਖਿਲਾਫ ਸਖਤ ਕਾਰਵਾਈ ਨਾ ਹੋਈ ਤਾਂ ਉਹ ਧਰਨਾ ਦੇਣਗੇ।
ਕੀ ਹੈ ਮਾਮਲਾ?
ਜਾਣਕਾਰੀ ਅਨੁਸਾਰ ਪਿੰਡ ਕੋਟ ਟੋਡਰਮੱਲ ਦੇ ਸਰਕਾਰੀ ਹਾਈ ਸਕੂਲ ਦੀਆਂ ਵਿਦਿਆਰਥਣਾਂ ਦੇ 10ਵੀਂ ਜਮਾਤ ਦੇ ਪੇਪਰਾਂ ਲਈ ਪਿੰਡ ਭੱਟੀਆਂ ਦੇ ਸਰਕਾਰੀ ਸਕੂਲ 'ਚ ਪ੍ਰੀਖਿਆ ਕੇਂਦਰ ਬਣਿਆ ਹੋਇਆ ਹੈ, ਜਿਥੇ ਪ੍ਰੀਖਿਆ ਦੇਣ ਲਈ ਜਾਣ ਵਾਲੀਆਂ ਲੜਕੀਆਂ ਦੇ ਮਾਪਿਆਂ ਨੇ ਪਿੰਡ ਦੇ ਹੀ ਇਕ ਡਰਾਈਵਰ ਗੁਰਪ੍ਰੀਤ ਸਿੰਘ ਪੁੱਤਰ ਸੰਤੋਖ ਸਿੰਘ ਦੀ ਗੱਡੀ ਬੁੱਕ ਕੀਤੀ ਹੋਈ ਹੈ। ਗੁਰਪ੍ਰੀਤ ਸਿੰਘ ਪੇਪਰ ਵਾਲੇ ਦਿਨ ਲੜਕੀਆਂ ਨੂੰ ਲੈ ਕੇ ਪਿੰਡ ਕੋਟ ਟੋਡਰਮੱਲ ਤੋਂ ਭੱਟੀਆਂ ਤੱਕ ਲੈ ਕੇ ਜਾਂਦਾ ਸੀ। ਅੱਜ ਹੋਏ ਹਮਲੇ ਤੋਂ ਬਾਅਦ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਕੁਝ ਨੌਜਵਾਨ, ਜੋ ਇਸੇ ਸੈਂਟਰ 'ਚ ਪੇਪਰ ਦਿੰਦੇ ਹਨ, ਉਹ ਇਸ ਗੱਡੀ ਦਾ ਪਿੱਛਾ ਕਰਕੇ ਲੜਕੀਆਂ ਨੂੰ ਅਸ਼ਲੀਲ ਇਸ਼ਾਰੇ ਕਰ ਕੇ ਪ੍ਰੇਸ਼ਾਨ ਕਰਦੇ ਸਨ। ਇਸ ਕਾਰਨ ਉਸ ਨੇ ਇਨ੍ਹਾਂ ਨੌਜਵਾਨਾਂ ਨੂੰ ਰੋਕਿਆ ਵੀ ਸੀ, ਜਿਸ ਉਪਰੰਤ ਇਹ ਨੌਜਵਾਨ ਗੁੱਸੇ 'ਚ ਆ ਕੇ ਪਿੱਛਾ ਕਰਦੇ ਹੋਏ ਉਸ ਦੇ ਪਿੰਡ ਤੱਕ ਪਹੁੰਚ ਗਏ ਸਨ ਪਰ ਪਿੰਡ ਵਾਸੀਆਂ ਦੇ ਇਕੱਠੇ ਹੋ ਜਾਣ ਕਾਰਨ ਉਹ ਵਾਪਸ ਚਲੇ ਗਏ ਸਨ ਪਰ ਅੱਜ ਜਦੋਂ ਪੇਪਰ ਦੇਣ ਲਈ ਉਕਤ ਲੜਕੀਆਂ ਉਸ ਦੀ ਗੱਡੀ 'ਤੇ ਸਵਾਰ ਹੋ ਕੇ ਆ ਰਹੀਆਂ ਸਨ ਤਾਂ ਇਨ੍ਹਾਂ ਸ਼ਰਾਰਤੀ ਵਿਦਿਆਰਥੀਆਂ ਨੇ ਆਪਣੇ ਹੋਰ ਕਈ ਸਾਥੀ ਨਾਲ ਲਿਆ ਕੇ ਪਹਿਲਾਂ ਅੱਪਰਬਾਰੀ ਦੁਆਬ ਨਹਿਰ ਦੇ ਪੁਲ ਨੇੜੇ ਉਨ੍ਹਾਂ ਨੂੰ ਰੋਕ ਕੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਪਰ ਕਿਸੇ ਤਰ੍ਹਾਂ ਉਹ ਗੱਡੀ ਭਜਾ ਕੇ ਸਕੂਲ ਤੱਕ ਪਹੁੰਚ ਗਿਆ ਪਰ ਸਕੂਲ ਪਹੁੰਚਦੇ ਉਕਤ ਹਮਲਾਵਰਾਂ ਨੇ ਰਾਡਾਂ ਅਤੇ ਹੋਰ ਹਥਿਆਰਾਂ ਨਾਲ ਉਸ 'ਤੇ ਹਮਲਾ ਕਰ ਦਿੱਤਾ ਅਤੇ ਗੱਡੀ ਦੀ ਬੁਰੀ ਤਰ੍ਹਾਂ ਭੰਨ-ਤੋੜ ਕਰਨ ਤੋਂ ਇਲਾਵਾ ਉਸ ਦੇ ਵੀ ਸੱਟਾਂ ਮਾਰ ਦਿੱਤੀਆਂ, ਜਿਸ ਕਾਰਨ ਉਸ ਦੀ ਬਾਂਹ ਵੀ ਟੁੱਟ ਗਈ ਹੈ।
ਪੁਲਸ ਨੇ ਹਿਰਾਸਤ 'ਚ ਲਏ 4 ਵਿਦਿਆਰਥੀ
ਸਕੂਲ ਸਾਹਮਣੇ ਲੜਕੀਆਂ ਦਾ ਸ਼ੌਰ ਸੁਣ ਕੇ ਮੌਕੇ 'ਤੇ ਮੌਜੂਦ ਲੋਕਾਂ ਅਤੇ ਕੁਝ ਸਟਾਫ ਨੇ ਡਰਾਈਵਰ ਨੂੰ ਬਚਾਇਆ, ਜਿਸ ਦੇ ਕੁਝ ਦੇਰ ਬਾਅਦ ਸੂਚਨਾ ਮਿਲਣ 'ਤੇ ਕਾਹਨੂੰਵਾਨ ਅਤੇ ਭੈਣੀ ਮੀਆਂ ਖਾਂ ਥਾਣੇ ਦੀ ਪੁਲਸ ਵੀ ਮੌਕੇ 'ਤੇ ਪਹੁੰਚ ਗਈ। ਇਸੇ ਦੌਰਾਨ ਪਿੰਡ ਟੋਡਰਮੱਲ ਦੇ ਸਰਪੰਚ ਜਸਬੀਰ ਸਿੰਘ ਅਤੇ ਹੋਰ ਮੋਹਤਬਰਾਂ ਨੂੰ ਲੈ ਕੇ ਲੜਕੀਆਂ ਦੇ ਮਾਪੇ ਵੀ ਸਕੂਲ 'ਚ ਪਹੁੰਚ ਗਏ, ਜਿਨ੍ਹਾਂ ਨੇ ਅਜਿਹੇ ਨੌਜਵਾਨਾਂ ਖਿਲਾਫ ਰੋਸ-ਪ੍ਰਦਰਸ਼ਨ ਕਰਦਿਆਂ ਕਿਹਾ ਕਿ ਜੇਕਰ ਪੁਲਸ ਨੇ ਇਸ ਮਾਮਲੇ 'ਚ ਕਿਸੇ ਵੀ ਤਰ੍ਹਾਂ ਦੀ ਢਿੱਲ ਵਰਤੀ ਤਾਂ ਉਹ ਬਰਦਾਸ਼ਤ ਨਹੀਂ ਕਰਨਗੇ। ਪੇਪਰ ਖਤਮ ਹੋਣ ਉਪਰੰਤ ਪੁਲਸ ਨੇ ਹਮਲਾ ਕਰਨ ਵਾਲੇ 4 ਵਿਦਿਆਰਥੀਆਂ ਨੂੰ ਕਾਬੂ ਕਰ ਲਿਆ ਹੈ, ਜਿਸ ਸਬੰਧੀ ਏ. ਐੱਸ. ਆਈ. ਤਰਲੋਕ ਚੰਦ ਨੇ ਦੱਸਿਆ ਕਿ ਜ਼ਖਮੀ ਹੋਏ ਡਰਾਈਵਰ ਗੁਰਪ੍ਰੀਤ ਸਿੰਘ ਦੇ ਬਿਆਨ ਦਰਜ ਕਰ ਕੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ।