ਕੁਕਰਮ ਦੀ ਸ਼ਿਕਾਰ ਲੜਕੀ ਨੇ ਗਰਭਪਾਤ ਦੌਰਾਨ ਤੋੜਿਆ ਦਮ

Saturday, Jul 20, 2019 - 10:23 AM (IST)

ਕੁਕਰਮ ਦੀ ਸ਼ਿਕਾਰ ਲੜਕੀ ਨੇ ਗਰਭਪਾਤ ਦੌਰਾਨ ਤੋੜਿਆ ਦਮ

ਗੁਰਦਾਸਪੁਰ (ਵਿਨੋਦ) : ਇਕ ਲੜਕੀ ਨਾਲ ਕੁਕਰਮ ਕਰਨ ਅਤੇ ਉਸ ਦੇ ਗਰਭਵਤੀ ਹੋ ਜਾਣ 'ਤੇ ਉਸ ਦਾ ਗਰਭਪਾਤ ਕਰਵਾਉਂਦੇ ਸਮੇਂ ਉਸਦੀ ਮੌਤ ਹੋ ਜਾਣ ਸਬੰਧੀ ਜਿਰਗਾ (ਪੰਚਾਇਤ) ਨੇ ਕੁਕਰਮ ਕਰਨ ਵਾਲੇ ਨੂੰ ਦੋਸ਼ੀ ਮੰਨਦੇ ਹੋਏ ਉਸ ਦੀ ਨਾਬਾਲਿਗ ਭੈਣ ਦਾ ਨਿਕਾਹ ਮ੍ਰਿਤਕ ਲੜਕੀ ਦੇ ਭਰਾ ਨਾਲ ਕਰਵਾ ਦਿੱਤਾ। ਪੁਲਸ ਨੇ ਇਸ ਸਬੰਧੀ ਦੁਸ਼ਕਰਮੀ ਲੜਕੇ ਅਤੇ ਗਰਭਪਾਤ ਕਰਨ ਵਾਲੇ ਨੀਮ-ਹਕੀਮ ਨੂੰ ਗ੍ਰਿਫਤਾਰ ਕਰ ਲਿਆ।

ਸਰਹੱਦ ਪਾਰ ਸੂਤਰਾਂ ਅਨੁਸਾਰ ਬਹਵਾਲਪੁਰ ਨਿਵਾਸੀ ਕਾਜੀ ਲਿਆਕਤ ਅਲੀ ਸ਼ਾਹ ਨੇ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਕਿ ਉਸ ਦੀ ਨਾਬਾਲਗ ਧੀ ਹਫੀਜਾ ਬੀਬੀ ਦਾ ਜਿਰਗਾ ਦੇ ਆਦੇਸ਼ 'ਤੇ ਇਕ ਨੌਜਵਾਨ ਵਾਜਿਦ ਨਾਲ ਜ਼ਬਰਦਸਤੀ ਨਿਕਾਹ ਕਰ ਦਿੱਤਾ ਗਿਆ ਹੈ। ਇਸ ਸਬੰਧੀ ਪੁਲਸ ਨੇ ਜਦੋਂ ਇਸ ਨਿਕਾਹ ਕਰਵਾਉਣ ਵਾਲੇ ਜਿਰਗੇ ਦੇ ਲੋਕਾਂ ਨੂੰ ਹਿਰਾਸਤ 'ਚ ਲੈ ਕੇ ਪੁੱਛਗਿੱਛ ਕੀਤੀ ਤਾਂ ਮਾਮਲਾ ਹੋਰ ਹੀ ਸਾਹਮਣੇ ਆਇਆ, ਜਿਸ ਲੜਕੀ ਹਫੀਜਾ ਬੀਬੀ ਦਾ ਜ਼ਬਰਦਸਤੀ ਨਿਕਾਹ ਕੀਤਾ ਗਿਆ ਹੈ, ਉਸ ਦੇ ਭਰਾ ਸਈਦ ਅੱਬਾਸ ਨੇ ਕਸਬੇ ਦੀ ਇਕ ਲੜਕੀ ਰਾਬਿਆ ਬੀਬੀ (18) ਪੁੱਤਰੀ ਗੁਲਾਮ ਫਰੀਦ ਨਾਲ ਕੁੱਝ ਮਹੀਨੇ ਪਹਿਲਾਂ ਕੁਕਰਮ ਕੀਤਾ ਸੀ, ਜਿਸ ਕਾਰਣ ਰਾਬਿਆ ਬੀਬੀ ਗਰਭਵਤੀ ਹੋ ਗਈ। ਰਾਬਿਆ ਦਾ ਗਰਭਪਾਤ ਉਸ ਨੇ ਇਕ ਨੀਮ-ਹਕੀਮ ਤੋਂ ਕਰਵਾ ਦਿੱਤਾ, ਜਿਸ ਦੌਰਾਨ ਰਾਬਿਆ ਨੇ ਦਮ ਤੋੜ ਦਿੱਤਾ।

ਰਾਬਿਆ ਬੀਬੀ ਦੀ ਮੌਤ ਤੋਂ ਬਾਅਦ ਰਾਬਿਆ ਦੇ ਪਿਤਾ ਗੁਲਾਮ ਫਰੀਦ ਨੇ ਆਪਣੀ ਧੀ ਦੀ ਮੌਤ ਦਾ ਮਾਮਲਾ ਪਿੰਡ ਦੀ ਪੰਚਾਇਤ (ਜਿਰਗਾ) 'ਚ ਚੁੱਕਿਆ, ਜਿਸ 'ਤੇ ਜਿਰਗਾ ਨੇ ਆਦੇਸ਼ ਦਿੱਤਾ ਕਿ ਸਈਦ ਅੱਬਾਸ ਹੀ ਰਾਬਿਆ ਦੀ ਮੌਤ ਲਈ ਦੋਸ਼ੀ ਹੈ ਅਤੇ ਸਈਦ ਅੱਬਾਸ ਦੀ ਛੋਟੀ ਭੈਣ ਹਫੀਜਾ ਬੀਬੀ ਦਾ ਨਿਕਾਹ ਰਾਬਿਆ ਦੇ ਭਰਾ ਵਜੀਦ ਨਾਲ ਕੀਤਾ ਜਾਵੇ। ਇਸ 'ਤੇ ਮੌਕੇ 'ਤੇ ਮੌਲਵੀ ਨੂੰ ਸੱਦ ਕੇ ਨਿਕਾਹ ਕਰ ਦਿੱਤਾ ਗਿਆ ਪਰ ਅਜੇ ਹਫੀਜਾ ਬੀਬੀ ਨੂੰ ਰੁਖਸਤ ਨਹੀਂ ਕੀਤਾ ਗਿਆ ਸੀ ਕਿ ਮਾਮਲਾ ਪੁਲਸ ਕੋਲ ਪਹੁੰਚ ਗਿਆ।

ਪੁਲਸ ਨੇ ਸਈਦ ਅੱਬਾਸ ਅਤੇ ਗਰਭਪਾਤ ਕਰਨ ਵਾਲੇ ਨੀਮ-ਹਕੀਮ ਹਨੀਫ ਨੂੰ ਰਾਬਿਆ ਦੀ ਮੌਤ ਦੇ ਸਬੰਧ 'ਚ ਗ੍ਰਿਫਤਾਰ ਕਰ ਲਿਆ ਹੈ ਜਦੋਂਕਿ ਹਫੀਜਾ ਬੀਬੀ ਦੇ ਜ਼ਬਰਦਸਤੀ ਨਿਕਾਹ ਦੇ ਸਬੰਧ 'ਚ ਪੁਲਸ ਨੇ ਕੋਈ ਕਾਰਵਾਈ ਨਹੀਂ ਕੀਤੀ ਹੈ।


author

Baljeet Kaur

Content Editor

Related News