ਪ੍ਰੇਸ਼ਾਨੀਆਂ ''ਚ ਘਿਰੇ ਕਿਸਾਨਾਂ ਨੇ ਡਿਪਟੀ ਕਮਿਸ਼ਨਰ ਦਫਤਰ ਅੱਗੇ ਦਿੱਤਾ ਧਰਨਾ
Wednesday, Nov 27, 2019 - 06:13 PM (IST)

ਗੁਰਦਾਸਪੁਰ (ਹਰਮਨਪ੍ਰੀਤ, ਵਿਨੋਦ) : ਵੱਖ-ਵੱਖ ਪ੍ਰੇਸ਼ਾਨੀਆਂ 'ਚ ਘਿਰੇ ਕਿਸਾਨਾਂ ਨੇ ਅੱਜ ਆਪਣੀਆਂ ਮੰਗਾਂ ਨੂੰ ਲੈ ਕੇ ਕੁਲ ਹਿੰਦ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਦੀ ਅਗਵਾਈ ਹੇਠ ਸੁੱਕਾ ਤਲਾਅ ਗੁਰਦਾਸਪੁਰ ਵਿਖੇ ਰੈਲੀ ਕਰਨ ਤੋਂ ਬਾਅਦ ਸ਼ਹਿਰ 'ਚ ਰੋਸ ਮਾਰਚ ਕੀਤਾ। ਇਸ ਉਪਰੰਤ ਇਨ੍ਹਾਂ ਆਗੂਆਂ ਨੇ ਡਿਪਟੀ ਕਮਿਸ਼ਨਰ ਦੇ ਦਫਤਰ ਅੱਗੇ ਧਰਨਾ ਦੇ ਕੇ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਅਤੇ ਡੀ. ਸੀ. ਰਾਹੀਂ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਮੰਗ-ਪੱਤਰ ਭੇਜਿਆ। ਇਸ ਮੌਕੇ ਕਿਸਾਨ ਆਗੂਆਂ ਨੇ ਕਿਹਾ ਕਿ ਕਿਸਾਨਾਂ ਦੀ ਹਾਲਤ ਦਿਨੋ-ਦਿਨ ਪਤਲੀ ਹੁੰਦੀ ਜਾ ਰਹੀ ਹੈ ਪਰ ਸਰਕਾਰਾਂ ਵਲੋਂ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਕੀਤੀ ਜਾ ਰਹੀ। ਉਨ੍ਹਾਂ ਕਿਹਾ ਕਿ ਫਸਲੀ ਵਿਭਿੰਨਤਾ ਲਿਆਉਣ ਵਾਲੇ ਗੰਨਾ ਕਾਸ਼ਤਕਾਰਾਂ ਨੂੰ ਨਾ ਤਾਂ ਪੂਰੇ ਰੇਟ ਮਿਲਦੇ ਹਨ ਅਤੇ ਨਾ ਹੀ ਸਮੇਂ ਸਿਰ ਅਦਾਇਗੀਆਂ ਹੁੰਦੀਆਂ ਹਨ। ਕਿਸਾਨਾਂ ਦੇ ਕਰਜ਼ੇ ਮੁਆਫ ਨਹੀਂ ਹੋਏ ਅਤੇ ਮਹਿੰਗਾਈ ਨੇ ਕਿਸਾਨਾਂ ਦਾ ਕਚੂੰਮਰ ਕੱਢ ਕੇ ਰੱਖ ਦਿੱਤਾ ਹੈ। ਇਸੇ ਤਰ੍ਹਾਂ ਉਨ੍ਹਾਂ ਬਾਸਮਤੀ, ਮੱਕੀ, ਨਰਮੇ ਅਤੇ ਹੋਰ ਫਸਲਾਂ ਦੀ ਕਾਸ਼ਤ ਕਰਨ ਵਾਲੇ ਕਿਸਾਨਾਂ ਦੀਆਂ ਸਮੱਸਿਆਵਾਂ ਦਾ ਜ਼ਿਕਰ ਕੀਤਾ ਅਤੇ ਨਾਲ ਹੀ ਫਸਲਾਂ ਦੇ ਸਮਰਥਨ ਮੁੱਲਾਂ 'ਚ ਵਾਧਾ ਨਾ ਕੀਤੇ ਜਾਣ ਵਿਰੁੱਧ ਵੀ ਭੜਾਸ ਕੱਢੀ।
ਕਿਹੜੀਆਂ-ਕਿਹੜੀਆਂ ਹਨ ਪ੍ਰਮੁੱਖ ਮੰਗਾਂ
* ਗੰਨੇ ਦਾ ਪਿਛਲਾ ਬਕਾਇਆ 15 ਫੀਸਦੀ ਵਿਆਜ ਸਮੇਤ ਦਿੱਤਾ ਜਾਵੇ।
* ਸੂਬੇ ਅੰਦਰ ਨਵੀਆਂ ਸ਼ੂਗਰ ਮਿੱਲਾਂ ਲਾਉਣ ਦੇ ਨਾਲ-ਨਾਲ ਪੁਰਾਣੀਆਂ ਮਿੱਲਾਂ ਅਪਗ੍ਰੇਡ ਕੀਤੀਆਂ ਜਾਣ।
* ਚੁਕੰਦਰ ਦੀ ਸਮਰਥਨ ਕੀਮਤ ਗੰਨੇ ਦੇ ਬਰਾਬਰ 500 ਰੁਪਏ ਪ੍ਰਤੀ ਕੁਇੰਟਲ ਐਲਾਨੀ ਜਾਵੇ।
* ਬਾਸਮਤੀ ਦਾ ਘੱਟੋਂ-ਘੱਟ ਸਮਰਥਨ ਮੁੱਲ 5000 ਰੁਪਏ ਪ੍ਰਤੀ ਕੁਇੰਟਲ ਤੈਅ ਕੀਤਾ ਜਾਵੇ ਅਤੇ ਸਰਕਾਰੀ ਖਰੀਦ ਯਕੀਨੀ ਬਣਾਈ ਜਾਵੇ।
* ਖੇਤਾਂ 'ਚ ਅੱਗ ਨਾ ਲਾਉਣ ਕਾਰਣ ਕਿਸਾਨ 'ਤੇ ਪਏ ਬੋਝ ਕਾਰਣ 200 ਰੁਪਏ ਪ੍ਰਤੀ ਕੁਇੰਟਲ ਮੁਆਵਜ਼ਾ ਦਿੱਤਾ ਜਾਵੇ ਅਤੇ ਕਿਸਾਨਾਂ ਨੂੰ ਕੀਤੇ ਜੁਰਮਾਨੇ ਅਤੇ ਪਰਚੇ ਵਾਪਸ ਲਏ ਜਾਣ।
* ਨਰਮੇ ਦੀ ਖਰੀਦ ਘੱਟੋਂ-ਘੱਟ ਸਮਰਥਨ ਮੁੱਲ ਅਨੁਸਾਰ ਯਕੀਨੀ ਬਣਾਈ ਜਾਵੇ ਅਤੇ ਨਰਮੇ ਦਾ ਸਮਰਥਨ ਮੁੱਲ 7500 ਰੁਪਏ ਪ੍ਰਤੀ ਕੁਇੰਟਲ ਐਲਾਨਿਆ ਜਾਵੇ।
* ਪੰਜਾਬ ਦੇ ਸਾਰੇ ਕਿਸਾਨਾਂ ਦਾ ਸਾਰਾ ਕਰਜ਼ਾ ਮੁਆਫ ਕੀਤਾ ਜਾਵੇ।
* ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਪੂਰੀ ਤਰ੍ਹਾਂ ਲਾਗੂ ਕੀਤੀ ਜਾਵੇ।
ਇਹ ਕਿਸਾਨ ਆਗੂ ਅਤੇ ਜਥੇਬੰਦੀਆਂ ਸਨ ਮੌਜੂਦ
ਕੁਲ ਹਿੰਦ ਕਿਸਾਨ ਸਭਾ ਦੇ ਆਲ ਇੰਡੀਆ ਦੇ ਪ੍ਰਧਾਨ ਭੁਪਿੰਦਰ ਸਿੰਘ ਸਾਂਵਰ, ਬਲਬੀਰ ਸਿੰਘ ਕੱਤੋਵਾਲ, ਕੁਲ ਹਿੰਦ ਕਿਸਾਨ ਸਭਾ (ਗੁਰਚੇਤਨ ਗਰੁੱਪ) ਦੇ ਕਾਮਰੇਡ ਲਖਵਿੰਦਰ ਸਿੰਘ ਮਰੜ, ਅਵਤਾਰ ਸਿੰਘ ਕਿਰਤੀ, ਜਮਹੂਰੀ ਕਿਸਾਨ ਸਭਾ ਦੇ ਸੁਖਦੇਵ ਸਿੰਘ ਔਲਖ, ਸੁਖਦੇਵ ਸਿੰਘ ਗੁਰਾਇਆ, ਪੰਜਾਬ ਕਿਸਾਨ ਯੂਨੀਅਨ ਦੇ ਸੁਖਦੇਵ ਸਿੰਘ ਭਾਗੋਕਾਵਾਂ, ਅਸ਼ਵਨੀ ਕੁਮਾਰ ਲੱਖਨਕਲਾਂ, ਕਿਰਤੀ ਕਿਸਾਨ ਯੂਨੀਅਨ ਦੇ ਸਤਬੀਰ ਸਿੰਘ ਸੁਲਤਾਨੀ, ਤਰਲੋਕ ਸਿੰਘ ਬਹਿਰਾਮਪੁਰ, ਸੁਰਜੀਤ ਘੁੰਮਣ, ਸੁਖਦੇਵ ਸਿੰਘ, ਚੰਨਣ ਸਿੰਘ ਦੋਰਾਂਗਲਾ ਆਦਿ ਮੌਜੂਦ ਸਨ।