ਡੇਰਾ ਬਾਬਾ ਨਾਨਕ ਦੇ ਵਿਕਾਸ ਕੰਮਾਂ ਲਈ 75 ਕਰੋੜ ਦੀ ਗ੍ਰਾਂਟ ਜਾਰੀ

07/22/2019 2:17:28 PM

ਗੁਰਦਾਸਪੁਰ : 550 ਸਾਲਾ ਸ਼ਤਾਬਦੀ ਦਿਵਸ ਨੂੰ ਲੈ ਕੇ ਇਤਿਹਾਸਕ ਕਸਬਾ ਡੇਰਾ ਬਾਬਾ ਨਾਨਕ ਦੇ ਨਾਲ ਲਗਦੇ ਪਿੰਡਾਂ ਦੇ ਸੁੰਦਰੀਕਰਨ ਕਰਨ ਦੇ ਕੀਤੇ ਜਾ ਰਹੇ ਉਪਰਾਲਿਆਂ ਤਹਿਤ ਅੱਜ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਪਿੰਡ ਚੰਦੂ ਨੰਗਲ ਅਤੇ ਜੋੜੀਆਂ ਖੁਰਦ ਦੇ ਛੱਪੜ ਨੂੰ ਸੀਚੇਵਾਲ ਮਾਡਲ ਤਹਿਤ ਤਿਆਰ ਕਰਨ ਦੇ ਕੰਮ ਦਾ ਬੀਤੇ ਸ਼ਨੀਵਾਰ ਨੀਂਹ-ਪੱਥਰ ਰੱਖਿਆ। ਇਸ ਮੌਕੇ ਵਿਪੁਲ ਉਜਵਲ ਡਿਪਟੀ ਕਮਿਸ਼ਨਰ ਗੁਰਦਾਸਪੁਰ ਅਤੇ ਬਾਬਾ ਸੁਖਜੀਤ ਸਿੰਘ ਸੀਚੇਵਾਲ ਵੀ ਮੌਜੂਦ ਸਨ।

ਇਸ ਮੌਕੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ 550 ਸਾਲਾ ਸ਼ਤਾਬਦੀ ਦਿਵਸ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਇਤਿਹਾਸਕ ਕਸਬਾ ਡੇਰਾ ਬਾਬਾ ਨਾਨਕ ਦਾ ਸੁੰਦਰੀਕਰਨ ਕੀਤਾ ਜਾ ਰਿਹਾ ਹੈ ਤੇ ਸੁੰਦਰੀਕਰਨ ਅਥਾਰਟੀ ਵੱਲੋਂ ਕਸਬੇ ਦੇ ਨਾਲ ਲਗਦੇ 8 ਪਿੰਡਾਂ ਦੀ ਚੋਣ ਕੀਤੀ ਗਈ ਹੈ ਅਤੇ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਦਾ ਵੀ ਸੁੰਦਰੀਕਰਨ ਕੀਤਾ ਜਾ ਰਿਹਾ ਹੈ। ਉੁਨ੍ਹਾਂ ਕਿਹਾ ਕਿ ਇਨ੍ਹਾਂ ਪਿੰਡਾਂ ਦਾ ਵਿਕਾਸ ਕਰਨ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ 75 ਕਰੋੜ ਰੁਪਏ ਦੀ ਗ੍ਰਾਂਟ ਜਾਰੀ ਕਰ ਦਿੱਤੀ ਗਈ ਹੈ ਅਤੇ ਵੱਖ-ਵੱਖ ਵਿਕਾਸ ਕੰਮ ਪ੍ਰਗਤੀ ਅਧੀਨ ਹਨ ਅਤੇ ਕੁਝ ਵਿਕਾਸ ਕੰਮਾਂ ਦੇ ਟੈਂਡਰ ਲੱਗ ਚੁੱਕੇ ਹਨ। ਉੁਨ੍ਹਾਂ ਕਿਹਾ ਕਿ ਸਬੰਧਿਤ ਮਹਿਕਮਿਆਂ ਵੱਲੋਂ ਇਨ੍ਹਾਂ ਵਿਕਾਸ ਕਾਰਜਾਂ ਨੂੰ ਨਿਰਧਾਰਿਤ ਸਮੇਂ ਅੰਦਰ ਮੁਕੰਮਲ ਕਰਨ ਦੀ ਹਦਾਇਤ ਕੀਤੀ ਜਾ ਚੁੱਕੀ ਹੈ।

ਕੈਬਨਿਟ ਵਜ਼ੀਰ ਨੇ ਦੱਸਿਆ ਕਿ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਇਨ੍ਹਾਂ ਪਿੰਡਾਂ ਦੇ ਛੱਪੜਾਂ ਦਾ ਸੀਚੇਵਾਲ ਮਾਡਲ ਤਹਿਤ ਸੁੰਦਰੀਕਰਨ ਕਰਨ ਵਾਸਤੇ 5 ਪਿੰਡਾਂ ਅੰਦਰ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ, ਜਦਕਿ ਰਹਿੰਦੇ ਪਿੰਡਾਂ ਦੇ ਛੱਪੜਾਂ ਦਾ ਕੰਮ ਵੀ ਨਵੰਬਰ ਤੋਂ ਪਹਿਲਾਂ-ਪਹਿਲਾਂ ਮੁਕੰਮਲ ਕਰ ਦਿੱਤਾ ਜਾਵੇਗਾ। ਡੇਰਾ ਬਾਬਾ ਨਾਨਕ ਦੀਆਂ ਸੜਕਾਂ ਦਾ 9 ਕਰੋੜ ਰੁਪਏ ਦਾ ਟੈਂਡਰ ਲੱਗ ਚੁੱਕਾ ਹੈ ਅਤੇ ਡੇਰਾ ਬਾਬਾ ਨਾਨਕ ਨੂੰ ਆਉਣ ਵਾਲੀਆਂ ਸੜਕਾਂ 'ਤੇ ਸਵਾਗਤੀ ਗੇਟ ਬਣਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ ਅਤੇ ਪਾਰਕ ਦਾ ਕੰਮ ਵੀ ਬਰਸਾਤਾਂ ਤੋਂ ਬਾਅਦ ਜਲਦੀ ਮੁਕੰਮਲ ਕਰ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਡੇਰਾ ਬਾਬਾ ਨਾਨਕ ਲੜਕਿਆਂ ਦੇ ਸਕੂਲ ਦੀ ਬਿਲਡਿੰਗ ਨੂੰ ਹੈਰੀਟੇਜ ਬਣਾ ਦਿੱਤਾ ਜਾਵੇਗਾ।

ਰੰਧਾਵਾ ਨੇ ਕਿਹਾ ਕਿ ਕਸਬਾ ਡੇਰਾ ਬਾਬਾ ਨਾਨਕ ਦਾ ਵਿਕਾਸ ਬਹੁਤ ਜਲਦੀ ਮੁਕੰਮਲ ਕਰ ਲਿਆ ਜਾਵੇਗਾ ਸ. ਰੰਧਾਵਾ ਨੇ ਅੱਗੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਕਰਤਾਰਪੁਰ ਕਾਰੀਡੋਰ ਦੇ ਵਿਕਾਸ ਕੰਮ ਨੂੰ ਨਿਸ਼ਚਿਤ ਸਮੇਂ ਅੰਦਰ ਮੁਕੰਮਲ ਕਰ ਲਿਆ ਜਾਵੇਗਾ ਅਤੇ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਦੀ ਹਰ ਸਹੂਲਤ ਦਾ ਪ੍ਰਬੰਧ ਕਰਨ ਲਈ ਪੰਜਾਬ ਸਰਕਾਰ ਵਚਨਬੱਧ ਹੈ। ਉਨ੍ਹਾਂ ਕਿਹਾ ਕਿ 550 ਸਾਲਾ ਸ਼ਤਾਬਦੀ ਦੇ ਸਬੰਧ ਵਿਚ ਰਾਜ ਭਰ ਵਿਚ ਸੂਬਾ ਸਰਕਾਰ ਵਲੋਂ ਹਰ ਪਿੰਡ ਅੰਦਰ 550-550 ਪੌਦੇ ਲਗਾਉਣ ਦੀ ਮੁਹਿੰਮ ਸਫਲਤਾਪੂਰਵਕ ਚੱਲ ਰਹੀ ਹੈ ਅਤੇ ਵਾਤਾਵਰਣ ਦੀ ਸਾਂਭ-ਸੰਭਾਲ ਪ੍ਰਤੀ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ।

ਇਸ ਮੌਕੇ ਗੁਰਸਿਮਰਨ ਸਿੰਘ ਢਿੱਲੋਂ ਐੱਸ. ਡੀ. ਐੱਮ. ਡੇਰਾ ਬਾਬਾ ਨਾਨਕ, ਰਮਨ ਕੋਛੜ ਸਹਾਇਕ ਕਮਿਸ਼ਨਰ (ਜ)-ਕਮ ਐੱਸ. ਡੀ. ਐੱਮ. ਦੀਨਾਨਗਰ, ਬਾਬਾ ਸੁਖਦੀਪ ਸਿੰਘ ਬੇਦੀ, ਐਡਵੋਕੇਟ ਪ੍ਰਮੀਤ ਸਿੰਘ ਬੇਦੀ ਪ੍ਰਧਾਨ ਨਗਰ ਕੌਂਸਲ, ਬੀ. ਡੀ. ਪੀ. ਓ. ਜਸਬੀਰ ਸਿੰਘ ਢਿੱਲੋਂ, ਨਾਇਬ ਤਹਿਸੀਲਦਾਰ ਨਵਕੀਰਤ ਸਿੰਘ ਰੰਧਾਵਾ ਬਲਦੇਵ ਸਿੰਘ ਐਕਸੀਅਨ ਪੰਚਾਇਤੀ ਰਾਜ, ਐੱਸ. ਡੀ. ਓ. ਪ੍ਰਸ਼ੋਤਮ ਲਾਲ, ਕਾਂਗਰਸੀ ਆਗੂ ਮੁਨੀਸ਼ ਮਹਾਜਨ, ਗੁਰਿੰਦਰ ਸਿੰਘ ਪੀ. ਏ., ਕਮਲਜੀਤ ਸਿੰਘ ਟੋਨੀ ਪੀ. ਏ. ਅਤੇ ਮਹਿੰਗਾ ਰਾਮ ਗਰੀਬ ਮੈਂਬਰ ਪੀ. ਪੀ. ਸੀ. ਸੀ. ਆਦਿ ਹਾਜ਼ਰ ਸਨ।


Baljeet Kaur

Content Editor

Related News