ਗੁਰਦਾਸਪੁਰ : 11 ਸਾਲਾ ਬੱਚੇ ਨਾਲ ਕੁਕਰਮ
Saturday, Jul 06, 2019 - 04:33 PM (IST)

ਗੁਰਦਾਸਪੁਰ (ਵਿਨੋਦ) : ਇਕ ਨਾਬਾਲਗ ਲੜਕੇ ਨਾਲ ਕੁਕਰਮ ਕਰਨ ਵਾਲੇ ਵਿਅਕਤੀ ਵਿਰੁੱਧ ਘੁੰਮਣ ਕਲਾਂ ਪੁਲਸ ਨੇ ਧਾਰਾ 377 ਅਧੀਨ ਮਾਮਲਾ ਦਰਜ ਕੀਤਾ ਹੈ। ਮੁਲਜ਼ਮ ਫਰਾਰ ਦੱਸਿਆ ਜਾ ਰਿਹਾ ਹੈ। ਇਸ ਸਬੰਧੀ ਸਹਾਇਕ ਸਬ-ਇੰਸਪੈਕਟਰ ਬਲਬੀਰ ਸਿੰਘ ਨੇ ਦੱਸਿਆ ਕਿ ਪੁਲਸ ਸਟੇਸ਼ਨ ਅਧੀਨ ਆਉਂਦੇ ਪਿੰਡ ਵਾਸੀ ਵਿਅਕਤੀ ਨੇ ਦਿੱਤੀ ਸ਼ਿਕਾਇਤ 'ਚ ਕਿਹਾ ਕਿ ਉਹ ਲੁਧਿਆਣਾ ਵਿਖੇ ਮਜ਼ਦੂਰੀ ਕਰਦਾ ਹੈ ਅਤੇ ਬੀਤੇ ਦਿਨ ਆਪਣੇ ਪਿੰਡ ਵਾਪਸ ਆਇਆ ਸੀ। ਉਸ ਨੇ ਆਪਣੇ 11 ਸਾਲਾ ਬੇਟੇ ਨੂੰ ਪਿੰਡ ਦੀ ਹੀ ਇਕ ਦੁਕਾਨ ਤੋਂ ਸਾਮਾਨ ਲੈ ਕੇ ਆਉਣ ਲਈ ਕਿਹਾ ਤਾਂ ਬੱਚੇ ਨੇ ਮਨ੍ਹਾ ਕਰ ਦਿੱਤਾ ਅਤੇ ਰੌਣ ਲੱਗ ਪਿਆ। ਜਦੋਂ ਪਿਉ ਨੇ ਆਪਣੇ ਬੇਟੇ ਤੋਂ ਰੌਣ ਦਾ ਕਾਰਣ ਪੁੱਛਿਆ ਤਾਂ ਉਸਨੇ ਦੱਸਿਆ ਕਿ 20-22 ਦਿਨ ਪਹਿਲਾਂ ਉਹ ਦੁਪਹਿਰ ਨੂੰ ਗਲੀ 'ਚ ਜਾ ਰਿਹਾ ਸੀ ਤਾਂ ਇਕ ਵਿਅਕਤੀ ਉਸ ਨੂੰ ਦੁਕਾਨ ਪਿੱਛੇ ਖਾਲੀ ਘਰ 'ਚ ਲੈ ਗਿਆ ਅਤੇ ਬੰਦ ਕਮਰੇ 'ਚ ਉਸ ਨਾਲ ਕੁਕਰਮ ਕੀਤਾ ਅਤੇ ਬਾਅਦ 'ਚ ਧਮਕੀਆਂ ਦਿੱਤੀਆਂ ਕਿ ਜੇਕਰ ਉਸ ਨੇ ਕਿਸੇ ਨੂੰ ਦੱਸਿਆ ਤਾਂ ਜਾਨ ਤੋਂ ਮਾਰ ਦੇਵੇਗਾ।
ਪੁਲਸ ਅਧਿਕਾਰੀ ਨੇ ਦੱਸਿਆ ਕਿ ਇਸ ਸਬੰਧੀ ਜਾਂਚ ਤੋਂ ਬਾਅਦ ਉਕਤ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਅਤੇ ਮੁਲਜ਼ਮ ਅਜੇ ਫਰਾਰ ਹੈ।