ਬੱਚੇ ਹੱਥੋਂ ਗਈ ਦੂਜੇ ਬੱਚੇ ਦੀ ਜਾਨ! ਟਰਾਲੀ ਹੇਠਾਂ ਆ ਕੇ ਦਮ ਤੋੜ ਗਿਆ ਮਾਪਿਆਂ ਦਾ ਇਕਲੌਤਾ ਪੁੱਤ
Thursday, May 14, 2026 - 06:27 PM (IST)
ਲੁਧਿਆਣਾ (ਰਾਜ): ਭਾਮੀਆਂ ਕਲਾਂ ਇਲਾਕੇ ਵਿਚ ਸਥਿਤ ਇਕ ਇੱਟਾਂ ਦੇ ਭੱਠੇ 'ਤੇ ਬੁੱਧਵਾਰ ਦੁਪਹਿਰ ਨੂੰ ਉਸ ਵੇਲੇ ਚੀਕ-ਚਿਹਾੜਾ ਮੱਚ ਗਿਆ, ਜਦੋਂ ਇਕ ਡਰਾਈਵਰ ਦੀ ਭਾਰੀ ਲਾਪਰਵਾਹੀ ਨੇ 10 ਸਾਲ ਦੇ ਮਾਸੂਮ ਦੀ ਜਾਨ ਲੈ ਲਈ। ਚੌਥੀ ਜਮਾਤ ਵਿਚ ਪੜ੍ਹਨ ਵਾਲਾ ਰੋਹਨ, ਜੋ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਅਤੇ ਦੋ ਭੈਣਾਂ ਦਾ ਲਾਡਲਾ ਭਰਾ ਸੀ, ਇੱਟਾਂ ਨਾਲ ਭਰੀ ਟਰਾਲੀ ਹੇਠਾਂ ਦੱਬ ਕੇ ਦੁਨੀਆ ਨੂੰ ਅਲਵਿਦਾ ਕਹਿ ਗਿਆ। ਇਸ ਦਿਲ ਦਹਿਲਾ ਦੇਣ ਵਾਲੇ ਹਾਦਸੇ ਤੋਂ ਬਾਅਦ ਮੁਲਜ਼ਮ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ, ਜਿਸ ਕਾਰਨ ਲੋਕਾਂ ਵਿਚ ਭਾਰੀ ਗੁੱਸਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ, ਰਵਿੰਦਰ ਕੁਮਾਰ ਪਿਛਲੇ ਕਰੀਬ 8 ਮਹੀਨਿਆਂ ਤੋਂ ਇਸ ਭੱਠੇ 'ਤੇ ਕੰਮ ਕਰਦੇ ਹਨ ਅਤੇ ਪਰਿਵਾਰ ਸਮੇਤ ਉੱਥੇ ਹੀ ਰਹਿੰਦੇ ਹਨ। ਬੁੱਧਵਾਰ ਦੁਪਹਿਰ ਕਰੀਬ ਸਾਢੇ ਤਿੰਨ ਵਜੇ ਜਦੋਂ ਜੇ.ਸੀ.ਬੀ. ਦੀ ਮਦਦ ਨਾਲ ਮਿੱਟੀ ਨਾਲ ਭਰੀ ਟਰਾਲੀ ਖਾਲੀ ਕੀਤੀ ਜਾ ਰਹੀ ਸੀ, ਉਦੋਂ ਇਹ ਭਿਆਨਕ ਮੰਜ਼ਰ ਸਾਹਮਣੇ ਆਇਆ। ਦੱਸਿਆ ਜਾ ਰਿਹਾ ਹੈ ਕਿ ਟਰੈਕਟਰ ਚਾਲਕ ਨੇ ਪਹਿਲਾਂ ਰੋਹਨ ਨੂੰ ਪਾਣੀ ਲੈਣ ਭੇਜਿਆ ਅਤੇ ਜਦੋਂ ਉਹ ਵਾਪਸ ਆਇਆ, ਤਾਂ ਚਾਲਕ ਨੇ ਲਾਪਰਵਾਹੀ ਦੀਆਂ ਸਾਰੀਆਂ ਹੱਦਾਂ ਪਾਰ ਕਰਦਿਆਂ ਟਰੈਕਟਰ ਦਾ ਸਟੀਅਰਿੰਗ ਇਕ ਹੋਰ ਛੋਟੇ ਬੱਚੇ ਦੇ ਹੱਥ ਵਿਚ ਫੜਾ ਦਿੱਤਾ।
ਬੱਚੇ ਦੇ ਹੱਥਾਂ ਵਿਚ ਟਰੈਕਟਰ ਆਉਂਦਿਆਂ ਹੀ ਵਾਹਨ ਬੇਕਾਬੂ ਹੋ ਗਿਆ ਅਤੇ ਸਿੱਧਾ ਮਾਸੂਮ ਰੋਹਨ ਦੇ ਉੱਪਰ ਪਲਟ ਗਿਆ। ਹਾਦਸੇ ਤੋਂ ਬਾਅਦ ਉੱਥੇ ਮੌਜੂਦ ਲੋਕਾਂ ਨੇ ਰੌਲਾ ਪਾਇਆ, ਪਰ ਡਰਾਈਵਰ ਜ਼ਖਮੀ ਬੱਚੇ ਦੀ ਮਦਦ ਕਰਨ ਦੀ ਬਜਾਏ ਆਪਣੀ ਜਾਨ ਬਚਾ ਕੇ ਭੱਜ ਨਿਕਲਿਆ। ਕਰੀਬ 15 ਮਿੰਟ ਦੀ ਭਾਰੀ ਮੁਸ਼ੱਕਤ ਅਤੇ ਜੇ.ਸੀ.ਬੀ. ਦੀ ਮਦਦ ਨਾਲ ਰੋਹਨ ਨੂੰ ਟਰਾਲੀ ਦੇ ਹੇਠੋਂ ਕੱਢਿਆ ਗਿਆ, ਪਰ ਉਦੋਂ ਤੱਕ ਮਾਸੂਮ ਦੇ ਸਾਹ ਰੁਕ ਚੁੱਕੇ ਸਨ। ਇਕਲੌਤੇ ਪੁੱਤਰ ਦੀ ਮੌਤ ਦੀ ਖ਼ਬਰ ਮਿਲਦਿਆਂ ਹੀ ਪਰਿਵਾਰ 'ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ।
ਇਸ ਪੂਰੇ ਮਾਮਲੇ ਵਿਚ ਪੁਲਸ ਦੀ ਕਾਰਜਪ੍ਰਣਾਲੀ 'ਤੇ ਵੀ ਗੰਭੀਰ ਸਵਾਲ ਖੜ੍ਹੇ ਹੋ ਰਹੇ ਹਨ। ਪਰਿਵਾਰ ਵਾਲਿਆਂ ਦਾ ਦੋਸ਼ ਹੈ ਕਿ ਜਦੋਂ ਉਹ ਇਨਸਾਫ਼ ਦੀ ਗੁਹਾਰ ਲੈ ਕੇ ਥਾਣਾ ਜਮਾਲਪੁਰ ਪਹੁੰਚੇ, ਤਾਂ ਮਦਦ ਕਰਨ ਦੀ ਬਜਾਏ ਉਨ੍ਹਾਂ ਨੂੰ ਲਾਸ਼ ਖੁਦ ਹੀ ਹਸਪਤਾਲ ਲੈ ਕੇ ਜਾਣ ਲਈ ਕਹਿ ਦਿੱਤਾ ਗਿਆ। ਬੇਬੱਸ ਪਰਿਵਾਰ ਬਿਨਾਂ ਕਿਸੇ ਸਰਕਾਰੀ ਐਂਬੂਲੈਂਸ ਜਾਂ ਪੁਲਸ ਸਹਾਇਤਾ ਦੇ ਖੁਦ ਹੀ ਆਪਣੇ ਬੱਚੇ ਦੀ ਦੇਹ ਨੂੰ ਲੈ ਕੇ ਸਿਵਲ ਹਸਪਤਾਲ ਦੀ ਮੋਰਚਰੀ ਪਹੁੰਚੇ। ਜਿੱਥੇ ਇਕ ਪਾਸੇ ਡਰਾਈਵਰ ਦੀ ਲਾਪਰਵਾਹੀ ਨੇ ਇਕ ਘਰ ਦਾ ਚਿਰਾਗ ਬੁਝਾ ਦਿੱਤਾ, ਉੱਥੇ ਹੀ ਦੂਜੇ ਪਾਸੇ ਪੁਲਸ ਦੀ ਕਥਿਤ ਸੰਵੇਦਨਹੀਣਤਾ ਨੇ ਪ੍ਰਸ਼ਾਸਨ ਦੀ ਕਾਰਜਸ਼ੈਲੀ ਨੂੰ ਕਟਹਿਰੇ ਵਿਚ ਖੜ੍ਹਾ ਕਰ ਦਿੱਤਾ ਹੈ।
