ਅੱਧੀ ਰਾਤ ਉੱਤੋਂ ਕੋਹਰਾ ਵਰ੍ਹਿਆ, ਖੁੱਲ੍ਹੇ ਮੈਦਾਨ ''ਚ ''ਗੁਰੂ ਦਾ ਸਿੱਖ'' ਠਰਿਆ...

12/26/2017 1:36:19 AM

ਜਲੰਧਰ : ਸ਼ਹਿਰ ਦੇ ਖਾਂਬੜਾ ਅੱਡੇ 'ਚ ਸ਼ਨੀਵਾਰ ਅਤੇ ਐਤਵਾਰ ਦੀ ਰਾਤ ਕਰੀਬ ਢਾਈ ਵਜੇ ਪਾਰਾ 5 ਡਿਗਰੀ 'ਤੇ ਪੁੱਜ ਗਿਆ ਸੀ ਅਤੇ ਧੁੰਦ ਇੰਨੀ ਜ਼ਿਆਦਾ ਸੀ ਕਿ 2 ਮੀਟਰ ਤੱਕ ਵੀ ਦੇਖ ਪਾਉਣਾ ਬਹੁਤ ਮੁਸ਼ਕਲ ਜਾਪ ਰਿਹਾ ਸੀ। ਅਜਿਹੇ 'ਚ ਹੱਥਾਂ 'ਚ ਟਾਰਚ ਲਈ ਇਕ ਸ਼ਖਸ ਕਹਿ ਰਿਹਾ ਸੀ,''ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ.. ਜੀ ਆਇਆਂ ਨੂੰ।'' ਦੂਜੇ ਪਾਸੇ ਮੋਬਾਇਲ 'ਤੇ ਸ਼ਬਦ ਸੁਣਿਆ ਜਾ ਰਿਹਾ ਸੀ, ''ਜੇ ਚੱਲੇ ਓ ਸਰਹੰਦ ਨੂੰ ਮੇਰੇ ਪਿਆਰਿਓ, ਮੇਰੇ ਲਾਲਾਂ ਦੇ ਨਾਲ ਰਹਿ ਕੇ ਰਾਤ ਗੁਜ਼ਾਰਿਓ।'' ਬੇਹੱਦ ਭਾਵੁਕ ਇਸ ਸ਼ਬਦ ਨੇ ਉਸ ਰਾਤ ਦੀ ਯਾਦ ਦੁਆ ਦਿੱਤੀ, ਜਦੋਂ ਸਰਹੰਦ ਦੇ ਠੰਡੇ ਬੁਰਜ 'ਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦੋ ਛੋਟੇ ਸਾਹਿਬਜ਼ਾਦਿਆਂ ਜ਼ੋਰਾਵਰ ਸਿੰਘ ਅਤੇ ਫਤਿਹ ਸਿੰਘ ਅਤੇ ਮਾਤਾ ਗੁਜਰੀ ਨੂੰ ਨਵਾਬ ਵਜੀਰ ਖਾਨ ਨੇ ਨਜ਼ਰਬੰਦ ਕਰ ਰੱਖਿਆ ਸੀ। ਉਸੇ ਕੜਾਕੇ ਦੀ ਠੰਡ ਨੂੰ ਮਹਿਸੂਸ ਕਰਨ ਲਈ ਪ੍ਰਤਾਪਪੁਰਾ ਦੇ ਖੇਤਾਂ 'ਚ ਰਾਤ ਦੇ ਢਾਈ ਵਜੇ ਖੁੱਲ੍ਹੇ ਮੈਦਾਨ 'ਚ ਸੰਗਤਾਂ ਵਲੋਂ ਗੁਰਬਾਣੀ ਦਾ ਕੀਰਤਨ ਕੀਤਾ ਗਿਆ, ਜੋ ਕਿ ਸਵੇਰੇ 7.30 ਵਜੇ ਤੱਕ ਚੱਲਿਆ। ਜਿੱਥੇ ਦੇਸ਼-ਵਿਦੇਸ਼ 'ਚ ਇਨ੍ਹਾਂ ਸਾਹਿਬਜ਼ਾਦਿਆਂ ਦੀ ਸ਼ਹੀਦੀ ਨਾਲ ਸਬੰਧਿਤ ਸਮਾਗਮਾਂ ਦਾ ਆਯੋਜਨ ਕੀਤਾ ਗਿਆ, ਉੱਥੇ ਹੀ ਇਨ੍ਹਾਂ ਗੁਰ ਸਿੱਖ ਪਿਆਰਿਆਂ ਨੇ ਰਾਤ ਦੇ ਸਮੇਂ ਕੜਕਦੀ ਠੰਡ 'ਚ ਗੁਰਬਾਣੀ ਦਾ ਜਾਪ ਕਰਕੇ ਸਿੱਖ ਹੋਣ ਦਾ ਫਰਜ਼ ਨਿਭਾਇਆ। ਤੁਹਾਨੂੰ ਦੱਸ ਦੇਈਏ ਕਿ ਪਿਛਲੇ 17 ਸਾਲਾਂ ਤੋਂ ਇਹ ਪਰੰਪਰਾ ਚੱਲੀ ਆ ਰਹੀ ਹੈ।


Related News