ਗੰਨ ਪੁਆਇੰਟ ''ਤੇ ਜਵੈਲਰੀ ਦੀ ਦੁਕਾਨ ''ਤੇ 30 ਲੱਖ ਦੀ ਲੁੱਟ
Tuesday, Dec 31, 2019 - 12:55 AM (IST)
ਮੋਹਾਲੀ,(ਰਾਣਾ)-ਸ਼ਹਿਰ ਦੇ ਫੇਜ਼-10 ਵਿਚ ਚਾਰ ਨਕਾਬਪੋਸ਼ ਅੱਜ ਇਕ ਜਵੈਲਰੀ ਦੀ ਦੁਕਾਨ ਵਿਚ ਆ ਕੇ ਮਾਲਕ ਅਤੇ ਉਸ ਦੇ ਬੇਟੇ ਨੂੰ ਗੰਨ ਦਿਖਾਉਂਦੇ ਹੋਏ ਦੁਕਾਨ 'ਚੋਂ 30 ਲੱਖ ਦੀ ਜਵੈਲਰੀ ਅਤੇ ਨਕਦੀ ਲੁੱਟ ਕੇ ਲੈ ਗਈ, ਜਿਸ ਦੀ ਜ਼ਰਾ ਜਿਹੀ ਵੀ ਭਿਣਕ ਏਰੀਆ ਫੇਜ਼-11 ਥਾਣੇ ਪੁਲਸ ਨੂੰ ਨਹੀਂ ਲੱਗ ਸਕੀ। ਜਿਵੇਂ ਹੀ ਇਸ ਵਾਰਦਾਤ ਦੀ ਸੂਚਨਾ ਪੁਲਸ ਕੰਟਰੋਲ ਰੂਮ ਉੱਤੇ ਗਈ ਤਾਂ ਏਰੀਆ ਐੱਸ. ਐੱਚ. ਓ. ਤਾਂ ਘਟਨਾ ਸਥਾਨ ਦੇ ਵੱਲ ਭੱਜਿਆ, ਨਾਲ ਹੀ ਐੱਸ. ਐੱਸ. ਪੀ. ਚਾਹਲ ਸਮੇਤ ਕਈ ਅਧਿਕਾਰੀ ਵੀ ਮੌਕੇ ਉੱਤੇ ਪੁੱਜੇ ਅਤੇ ਸੀ. ਐੱਫ. ਐੱਸ. ਐੱਲ. ਨੂੰ ਵੀ ਬੁਲਾਇਆ ਗਿਆ, ਜਿਨ੍ਹਾਂ ਵਲੋਂ ਘਟਨਾਕ੍ਰਮ ਤੋਂ ਕਾਫ਼ੀ ਨਮੂਨੇ ਇਕੱਠੇ ਕੀਤੇ ਗਏ, ਨਾਲ ਹੀ ਅਣਪਛਾਤਿਆਂ ਦੇ ਖਿਲਾਫ ਕੇਸ ਦਰਜ ਕਰਕੇ ਮਾਮਲੇ ਵਿਚ ਮੁਲਜ਼ਮਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ।
ਫੇਜ਼-10 ਸਥਿਤ ਇੰਡੀਅਨ ਜਵੈਲਰ ਦੁਕਾਨ ਦੇ ਮਾਲਕ ਰਾਜੇਸ਼ ਨੇ ਪੁਲਸ ਨੂੰ ਦੱਸਿਆ ਕਿ ਉਹ ਅਤੇ ਉਸ ਦਾ ਪੁੱਤਰ ਅਭੇ ਸੋਮਵਾਰ ਸਵੇਰੇ ਲਗਭਗ 11 ਵਜੇ ਦੁਕਾਨ ਉੱਤੇ ਪੁੱਜੇ ਸਨ। ਲਗਭਗ ਇਕ ਘੰਟੇ ਬਾਅਦ ਉਨ੍ਹਾਂ ਦੀ ਦੁਕਾਨ ਵਿਚ ਇਕ ਵਿਅਕਤੀ ਦਾਖਲ ਹੋਇਆ ਉਸ ਨੇ ਮੂੰਹ ਉੱਤੇ ਮਫਰਲ ਲਿਆ ਹੋਇਆ ਸੀ । ਉਸ ਦੇ ਕੁੱਝ ਹੀ ਮਿੰਟ ਬਾਅਦ ਦੋ ਸ਼ਖਸ ਚਿਹਰੇ ਉੱਤੇ ਮੌਂਕੀ ਕੈਪ ਪਹਿਨੇ ਹੋਏ ਅੰਦਰ ਆਏ ਅਤੇ ਉਨ੍ਹਾਂ ਵਿਚੋਂ ਦੋ ਲੋਕਾਂ ਨੇ ਉਨ੍ਹਾਂ ਦੋਵਾਂ ਦੇ ਸਿਰ ਉੱਤੇ ਗੰਨ ਰੱਖ ਦਿੱਤੀ, ਰਾਜੇਸ਼ ਨੇ ਕਿਹਾ ਕਿ ਉਸ ਨੂੰ ਪੌੜੀਆਂ ਨਾਲ ਬੰਨ੍ਹ ਦਿੱਤਾ ਅਤੇ ਉਸ ਦੇ ਬੇਟੇ ਅਭੇ ਨੂੰ ਬੰਨ੍ਹ ਕੇ ਬੇਸਮੈਂਟ ਵਿਚ ਬੰਦ ਕਰ ਦਿੱਤਾ ਅਤੇ ਉਸ ਦੇ ਬੇਟੇ ਨੂੰ ਗੰਨ ਵਿਖਾ ਕੇ ਉਸ ਤੋਂ ਅਲਮਾਰੀ ਦੀ ਚਾਬੀ ਲੈ ਲਈ, ਜਿਸ ਤੋਂ ਬਾਅਦ ਲੁਟੇਰਿਆਂ ਨੇ ਅਲਮਾਰੀ ਵਿਚ ਰੱਖੀ 30 ਲੱਖ ਦੀ ਜਵੈਲਰੀ ਅਤੇ 3 ਲੱਖ ਦੇ ਕਰੀਬ ਕੈਸ਼ ਚੁੱਕ ਲਿਆ।