ਮਾਮਲਾ ਗੰਨਮੈਨ ਵੱਲੋਂ ਕੀਤੀ ਗਈ ਖ਼ੁਦਕੁਸ਼ੀ ਦਾ, ਲਾਸ਼ ਬਣੇ ਪਿਓ ਨੂੰ ਵੇਖ ਧਾਹਾਂ ਮਾਰ ਰੋਈਆਂ ਕੈਨੇਡਾ ਤੋਂ ਪਰਤੀਆਂ ਧੀਆਂ

Wednesday, Jun 01, 2022 - 12:14 PM (IST)

ਜਲੰਧਰ (ਜ. ਬ.)– ਏ. ਸੀ. ਪੀ. ਨਾਰਥ ਸੁਖਜਿੰਦਰ ਸਿੰਘ ਤੋਂ ਪਰੇਸ਼ਾਨ ਹੋ ਕੇ ਖ਼ੁਦਕੁਸ਼ੀ ਕਰਨ ਵਾਲੇ ਗੰਨਮੈਨ ਸਰਵਣ ਸਿੰਘ ਦੀਆਂ ਦੋਵੇਂ ਬੇਟੀਆਂ ਕੈਨੇਡਾ ਤੋਂ ਜਲੰਧਰ ਪਹੁੰਚ ਗਈਆਂ ਹਨ। ਜਿਵੇਂ ਹੀ ਉਹ ਆਪਣੀ ਮਾਤਾ ਅਤੇ ਭਰਾ ਨਾਲ ਸਿਵਲ ਹਸਪਤਾਲ ਵਿਚ ਪਿਤਾ ਦੀ ਲਾਸ਼ ਵੇਖਣ ਆਈਆਂ ਤਾਂ ਉਸ ਤੋਂ ਤੁਰੰਤ ਬਾਅਦ ਹੀ ਪਰਿਵਾਰਕ ਮੈਂਬਰਾਂ ਨੇ ਸਿਵਲ ਹਸਪਤਾਲ ਦੇ ਬਾਹਰ ਧਰਨਾ ਲਗਾ ਦਿੱਤਾ। ਪਰਿਵਾਰਕ ਮੈਂਬਰ ਇਸ ਗੱਲ ’ਤੇ ਅੜ ਗਏ ਕਿ ਜਦੋਂ ਤੱਕ ਏ. ਸੀ. ਪੀ. ਸੁਖਜਿੰਦਰ ਸਿੰਘ ਅਤੇ ਉਨ੍ਹਾਂ ਦੇ ਦੋਵੇਂ ਸਾਥੀਆਂ ਦੀ ਗ੍ਰਿਫ਼ਤਾਰੀ ਨਹੀਂ ਹੁੰਦੀ, ਉਦੋਂ ਤੱਕ ਉਹ ਆਪਣੇ ਪਿਤਾ ਦਾ ਅੰਤਿਮ ਸੰਸਕਾਰ ਨਹੀਂ ਕਰਨਗੇ।

ਜਿਵੇਂ ਹੀ ਮ੍ਰਿਤਕ ਏ. ਐੱਸ. ਆਈ. ਸਰਵਣ ਸਿੰਘ ਦੇ ਪਰਿਵਾਰ ਨੇ ਰੋਡ ਜਾਮ ਕੀਤਾ ਤਾਂ ਵਾਹਨਾਂ ਦੀਆਂ ਲਾਈਨਾਂ ਲੱਗ ਗਈਆਂ। ਮਾਮਲਾ ਪੁਲਸ ਅਧਿਕਾਰੀਆਂ ਤੱਕ ਪਹੁੰਚਿਆ ਤਾਂ ਡੀ. ਸੀ. ਪੀ. ਇਨਵੈਸਟੀਗੇਸ਼ਨ ਜਸਕਰਨਜੀਤ ਸਿੰਘ ਤੇਜਾ ਅਤੇ ਡੀ. ਸੀ. ਪੀ. ਜਗਮੋਹਨ ਸਿੰਘ ਹੋਰਨਾਂ ਅਧਿਕਾਰੀਆਂ ਸਮੇਤ ਮੌਕੇ ’ਤੇ ਪਹੁੰਚੇ। ਉਨ੍ਹਾਂ ਨੇ ਪੀੜਤ ਪਰਿਵਾਰ ਦਾ ਪੱਖ ਸੁਣਿਆ ਅਤੇ ਭਰੋਸਾ ਦਿੱਤਾ ਕਿ ਜੇਕਰ ਏ. ਸੀ. ਪੀ. ’ਤੇ ਕੇਸ ਦਰਜ ਹੋ ਸਕਦਾ ਹੈ ਤਾਂ ਉਸ ਦੀ ਗ੍ਰਿਫ਼ਤਾਰੀ ਵੀ ਨਿਸ਼ਚਿਤ ਹੋਵੇਗੀ। ਸਹੀ ਤੱਥਾਂ ਦੀ ਜਾਣਕਾਰੀ ਦਿੰਦਿਆਂ ਡੀ. ਸੀ. ਪੀ. ਤੇਜਾ ਨੇ ਧਰਨਾ ਚੁਕਵਾ ਦਿੱਤਾ ਅਤੇ ਪਰਿਵਾਰ ਨੂੰ ਸਸਕਾਰ ਲਈ ਵੀ ਮਨਾ ਲਿਆ। ਮੰਗਲਵਾਰ ਨੂੰ ਏ. ਐੱਸ. ਆਈ. ਸਰਵਣ ਸਿੰਘ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਇਸ ਦੌਰਾਨ ਉਨ੍ਹਾਂ ਨੂੰ ਪੁਲਸ ਮੁਲਾਜ਼ਮਾਂ ਨੇ ਸਲਾਮੀ ਵੀ ਦਿੱਤੀ, ਜਦਕਿ ਸਸਕਾਰ ਦੌਰਾਨ ਪੁਲਸ ਅਧਿਕਾਰੀ ਵੀ ਮੌਕੇ ’ਤੇ ਮੌਜੂਦ ਸਨ। ਸਰਵਣ ਸਿੰਘ ਨੂੰ ਅੰਤਿਮ ਵਿਦਾਈ ਦਿੰਦੇ ਸਮੇਂ ਪਰਿਵਾਰ ਦਾ ਰੋ-ਰੋ ਬੁਰਾ ਹਾਲ ਸੀ।

ਇਹ ਵੀ ਪੜ੍ਹੋ: 25 ਲੱਖ ਖ਼ਰਚ ਕੇ ਕੈਨੇਡਾ ਭੇਜੀ ਪਤਨੀ ਨੇ ਦਿੱਤਾ ਧੋਖਾ, ਸਾਹਮਣੇ ਆਈ ਸੱਚਾਈ ਨੂੰ ਜਾਣ ਪਰਿਵਾਰ ਦੇ ਉੱਡੇ ਹੋਸ਼

PunjabKesari

ਸਰਵਣ ਸਿੰਘ ਦੀ ਮ੍ਰਿਤਕ ਦੇਹ ਦਾ ਡਾਕਟਰਾਂ ਦੇ ਪੈਨਲ ਨੇ ਪੋਸਟਮਾਰਟਮ ਕੀਤਾ। ਕੈਨੇਡਾ ਤੋਂ ਆਈ ਸਰਵਣ ਦੀ ਬੇਟੀ ਲਵਪ੍ਰੀਤ ਕੌਰ ਨੇ ਦੱਸਿਆ ਕਿ ਮੌਤ ਤੋਂ ਪਹਿਲਾਂ ਸਰਵਣ ਸਿੰਘ ਨੇ ਉਨ੍ਹਾਂ ਨੂੰ ਵੀਡੀਓ ਭੇਜੀ ਸੀ। ਆਸ-ਪਾਸ ਖੜ੍ਹੇ ਲੋਕ ਉਨ੍ਹਾਂ ਨੂੰ ਬੁਰੀ ਤਰ੍ਹਾਂ ਨਾਲ ਬੋਲ ਰਹੇ ਸਨ। ਉਸ ਨੇ ਵਾਰ-ਵਾਰ ਫੋਨ ਕੀਤਾ ਪਰ ਕਿਸੇ ਨੇ ਫੋਨ ਨਹੀਂ ਉਠਾਇਆ। ਫਿਰ ਸਰਵਣ ਸਿੰਘ ਦੇ ਸਾਥੀ ਮੁਲਾਜ਼ਮ ਸੁੱਚਾ ਸਿੰਘ ਨੂੰ ਫੋਨ ਕੀਤਾ ਤਾਂ ਉਸ ਨੇ ਕਿਹਾ ਕਿ ਉਹ ਹੁਣੇ ਗੱਲ ਕਰਵਾਉਂਦਾ ਹੈ। ਲਵਪ੍ਰੀਤ ਨੇ ਫਿਰ ਆਪਣੀ ਮਾਤਾ ਨੂੰ ਫੋਨ ਕਰ ਕੇ ਸਾਰੀ ਜਾਣਕਾਰੀ ਦਿੱਤੀ।

ਲਵਪ੍ਰੀਤ ਕੌਰ ਨੇ ਦੱਸਿਆ ਕਿ ਦੋਬਾਰਾ ਫੋਨ ਉਠਾਉਣ ’ਤੇ ਸੁੱਚਾ ਸਿੰਘ ਨੇ ਏ. ਸੀ. ਪੀ. ਸੁਖਜਿੰਦਰ ਸਿੰਘ ਨੂੰ ਫੋਨ ਕੀਤਾ। ਉਸ ਨੇ ਕਿਹਾ ਕਿ ਉਹ 5-10 ਮਿੰਟ ਵਿਚ ਸਰਵਣ ਸਿੰਘ ਨਾਲ ਗੱਲ ਕਰਵਾਉਂਦਾ ਹੈ ਪਰ ਉਸ ਦੇ ਅੱਧੇ ਘੰਟੇ ਬਾਅਦ ਹੀ ਫੋਨ ਬੰਦ ਹੋ ਗਿਆ। ਫੋਨ ਬੰਦ ਕਰਨ ਤੋਂ ਪਹਿਲਾਂ ਏ. ਸੀ. ਪੀ. ਨੇ ਸਰਵਣ ਸਿੰਘ ਦੀ ਪਤਨੀ ਨੂੰ ਗੋਲੀ ਮਾਰ ਦੇਣ ਦੀ ਗੱਲ ਦੱਸ ਦਿੱਤੀ ਸੀ। ਲਵਪ੍ਰੀਤ ਕੌਰ ਨੇ ਕਿਹਾ ਕਿ ਉਸਦੇ ਪਿਤਾ ਸੁਸਾਈਡ ਨਹੀਂ ਕਰ ਸਕਦੇ ਪਰ ਏ. ਸੀ. ਪੀ. ਲਗਾਤਾਰ ਉਨ੍ਹਾਂ ਨੂੰ ਤੰਗ-ਪ੍ਰੇਸ਼ਾਨ ਕਰ ਰਹੇ ਸਨ। ਸੁਸਾਈਡ ਤੋਂ ਪਹਿਲਾਂ ਏ. ਸੀ. ਪੀ. ਸੁਖਜਿੰਦਰ ਸਿੰਘ ਦੇ ਘਰ ਦੇ ਬਾਹਰ ਦੀ ਸੀ. ਸੀ. ਟੀ. ਵੀ. ਫੁਟੇਜ ਵੀ ਵਾਇਰਲ ਹੋਈ। ਫੁਟੇਜ ਵਿਚ ਸਾਫ ਦਿਸ ਰਿਹਾ ਹੈ ਕਿ ਆਪਣੀ ਪਤਨੀ ਅਤੇ ਪ੍ਰਾਈਵੇਟ ਲੋਕਾਂ ਦੇ ਸਾਹਮਣੇ ਸੁਖਜਿੰਦਰ ਸਿੰਘ ਸਰਵਣ ਸਿੰਘ ਨਾਲ ਬਹਿਸ ਕਰ ਰਿਹਾ ਹੈ। ਉਸ ਨੇ ਬਾਅਦ ਵਿਚ ਉਸ ਨੂੰ ਅੱਗੇ ਵੱਲ ਧੱਕੇ ਵੀ ਮਾਰੇ। ਇਹ ਸਭ ਕੁਝ ਏ. ਸੀ. ਪੀ. ਦੀ ਪਤਨੀ ਅਤੇ ਉਸ ਦੇ 2 ਕਰੀਬੀ ਜਾਣਕਾਰਾਂ ਰਾਜੀਵ ਅਗਰਵਾਲ ਅਤੇ ਗੁਰਇਕਬਾਲ ਸਿੰਘ ਦੇ ਸਾਹਮਣੇ ਹੋਇਆ।

ਇਹ ਵੀ ਪੜ੍ਹੋ: ਸੁਲਤਾਨਪੁਰ ਲੋਧੀ ਵਿਖੇ ਸਰਕਾਰੀ ਸਕੂਲ ਦੀ ਬਾਸਕਟਬਾਲ ਗਰਾਊਂਡ 'ਚ ਵਿਅਕਤੀ ਨੇ ਕੀਤੀ ਖ਼ੁਦਕੁਸ਼ੀ

PunjabKesari

ਓਧਰ ਡੀ. ਸੀ. ਪੀ. ਤੇਜਾ ਨੇ ਪਰਿਵਾਰ ਦੇ ਮੈਂਬਰਾਂ ਨਾਲ ਗੱਲ ਕੀਤੀ। ਡੀ. ਸੀ. ਪੀ. ਨੇ ਕਿਹਾ ਕਿ ਏ. ਸੀ. ਪੀ. ਅਤੇ ਉਸ ਦੇ ਦੋਵੇਂ ਸਾਥੀਆਂ ਦੀ ਗ੍ਰਿਫ਼ਤਾਰੀ ਹੋਵੇਗੀ। ਉਨ੍ਹਾਂ ਕਿਹਾ ਕਿ ਬੱਚਿਆਂ ਨੇ ਸੁਣੀਆਂ-ਸੁਣਾਈਆਂ ਗੱਲਾਂ ਵਿਚ ਆ ਕੇ ਇਸ ਦੁੱਖ ਦੇ ਸਮੇਂ ਧਰਨਾ ਲਗਾਉਣ ਦਾ ਫ਼ੈਸਲਾ ਲਿਆ ਸੀ ਪਰ ਵੀਡੀਓ, ਆਡੀਓ ਅਤੇ ਸਹੀ ਤੱਥ ਦੱਸ ਕੇ ਉਨ੍ਹਾਂ ਨੂੰ ਸ਼ਾਂਤ ਕਰ ਕੇ ਸਸਕਾਰ ਲਈ ਮਨਾ ਲਿਆ ਗਿਆ ਸੀ, ਹਾਲਾਂਕਿ ਪਰਿਵਾਰ ਦਾ ਕਹਿਣਾ ਸੀ ਕਿ ਪਹਿਲੇ ਦਿਨ ਹੀ ਏ. ਸੀ. ਪੀ. ਨੂੰ ਗ੍ਰਿਫ਼ਤਾਰ ਕਿਉਂ ਨਹੀਂ ਕੀਤਾ ਗਿਆ। ਉਹ ਥਾਣਾ 7 ਵਿਚ ਵੀ ਆਇਆ ਸੀ ਪਰ ਪੁਲਸ ਨੇ ਉਸ ਨੂੰ ਅਰੈਸਟ ਨਹੀਂ ਕੀਤਾ।

ਪਠਾਨਕੋਟ ’ਚ ਤਾਇਨਾਤੀ ਸਮੇਂ ਵੀ ਉਸ ਨੇ ਜੂਨੀਅਰ ਮੁਲਾਜ਼ਮ ’ਤੇ ਚੁੱਕਿਆ ਸੀ ਹੱਥ
ਰਾਤ ਸਮੇਂ ਤੈਸ਼ ਵਿਚ ਆ ਕੇ ਵਰਦੀ ਦੀ ਗਲਤ ਵਰਤੋਂ ਕਰਨ ਵਾਲੇ ਏ. ਸੀ. ਪੀ. ਸੁਖਜਿੰਦਰ ਸਿੰਘ ਦਾ ਵਿਵਾਦਾਂ ਨਾਲ ਪੁਰਾਣਾ ਨਾਤਾ ਹੈ। ਵੀਡੀਓ ਵਿਚ ਸਾਫ ਹੋ ਗਿਆ ਕਿ ਏ. ਸੀ. ਪੀ. ਸੁਖਜਿੰਦਰ ਸਿੰਘ ਨੇ ਆਪਣੇ ਗੰਨਮੈਨ ਏ. ਐੱਸ. ਆਈ. ਸਰਵਣ ਸਿੰਘ ਨੂੰ ਧੱਕੇ ਮਾਰੇ ਪਰ ਸੂਤਰਾਂ ਦੀ ਮੰਨੀਏ ਤਾਂ ਏ. ਸੀ. ਪੀ. ਸੁਖਜਿੰਦਰ ਸਿੰਘ ਦਾ ਹੱਥ ਇੰਨਾ ਖੁੱਲ੍ਹਾ ਸੀ ਕਿ ਉਸ ਨੇ ਪਠਾਨਕੋਟ ਵਿਚ ਤਾਇਨਾਤੀ ਸਮੇਂ ਆਪਣੇ ਜੂਨੀਅਰ ਮੁਲਾਜ਼ਮ ’ਤੇ ਵੀ ਹੱਥ ਚੁੱਕਿਆ ਸੀ।

PunjabKesari

ਇਕ ਸਾਬਕਾ ਸਿਹਤ ਮੰਤਰੀ ਦਾ ਕਰੀਬੀ ਰਿਸ਼ਤੇਦਾਰ ਹੈ ਏ. ਸੀ. ਪੀ. ਸੁਖਜਿੰਦਰ ਸਿੰਘ
ਏ. ਸੀ. ਪੀ. ਸੁਖਜਿੰਦਰ ਸਿੰਘ ਇਕ ਸਾਬਕਾ ਸਿਹਤ ਮੰਤਰੀ ਦਾ ਕਰੀਬੀ ਰਿਸ਼ਤੇਦਾਰ ਹੈ। ਇਹੀ ਕਾਰਨ ਹੈ ਕਿ ਉਸ ਮੰਤਰੀ ਨੇ ਹੀ ਜਲੰਧਰ ਦੇ ਇਕ ਵੱਡੇ ਨੇਤਾ ਨਾਲ ਗੱਲ ਕਰਕੇ ਉਸ ਦੀ ਤਾਇਨਾਤੀ ਸਿਟੀ ਵਿਚ ਕਰਵਾ ਲਈ। ਦੱਸਿਆ ਜਾ ਰਿਹਾ ਹੈ ਕਿ ਉਸ ਨੇਤਾ ਦੇ ਦਫ਼ਤਰ ਵਿਚ ਏ. ਸੀ. ਪੀ. ਦਾ ਕਾਫ਼ੀ ਆਉਣਾ-ਜਾਣਾ ਹੈ, ਜਦਕਿ ਨੇਤਾ ਦੇ ਕਹਿਣ ’ਤੇ ਅਜਿਹਾ ਕੋਈ ਕੰਮ ਨਹੀਂ ਹੁੰਦਾ ਸੀ, ਜੋ ਏ. ਸੀ. ਪੀ. ਨਹੀਂ ਕਰਦਾ ਸੀ।

ਇਹ ਵੀ ਪੜ੍ਹੋ: ਮੂਸੇਵਾਲਾ ਦੇ ਕਤਲ 'ਤੇ ਭੜਕੇ ਸੁਖਪਾਲ ਖਹਿਰਾ, ਕਿਹਾ-ਗ਼ਲਤੀ ਸਵੀਕਾਰ ਕਰ CM ਮਾਨ ਦੇਣ ਅਸਤੀਫ਼ਾ

PunjabKesari

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News