ਦਾਣਾ ਮੰਡੀ ਭਗਤਾਂਵਾਲਾ ''ਚ ਵਸੂਲਿਆ ਜਾ ਰਿਹੈ ਗੁੰਡਾ ਟੈਕਸ

Saturday, May 05, 2018 - 06:29 AM (IST)

ਦਾਣਾ ਮੰਡੀ ਭਗਤਾਂਵਾਲਾ ''ਚ ਵਸੂਲਿਆ ਜਾ ਰਿਹੈ ਗੁੰਡਾ ਟੈਕਸ

ਅੰਮ੍ਰਿਤਸਰ, (ਦਲਜੀਤ)- ਦਾਣਾ ਮੰਡੀ ਭਗਤਾਂਵਾਲਾ 'ਚ ਆੜ੍ਹਤੀਆਂ ਕੋਲੋਂ ਜਬਰਨ ਗੁੰਡਾ ਟੈਕਸ ਵਸੂਲਿਆ ਜਾ ਰਿਹਾ ਹੈ। ਆੜ੍ਹਤੀ ਜੇਕਰ ਟੈਕਸ ਨਹੀਂ ਦਿੰਦੇ ਤਾਂ ਉਨ੍ਹਾਂ ਦੇ ਮਾਲ ਦੀ ਲਿਫਟਿੰਗ ਲਈ ਟਰੱਕ ਮੁਹੱਈਆ ਨਹੀਂ ਹੁੰਦਾ। ਆੜ੍ਹਤੀਆਂ ਦੀ ਸਮੱਸਿਆ ਦੇ ਹੱਲ ਲਈ ਨਾ ਤਾਂ ਪ੍ਰਸ਼ਾਸਨਿਕ ਅਧਿਕਾਰੀ ਅੱਗੇ ਆ ਰਹੇ ਹਨ ਤੇ ਨਾ ਹੀ ਪੰਜਾਬ ਸਰਕਾਰ ਆੜ੍ਹਤੀਆਂ ਦੇ ਹੋ ਰਹੇ ਸ਼ੋਸ਼ਣ ਨੂੰ ਰੋਕਣ ਲਈ ਗੰਭੀਰ ਦਿਖਾਈ ਦੇ ਰਹੀ ਹੈ।
ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਵੱਲੋਂ 1 ਅਪ੍ਰੈਲ ਤੋਂ ਰਾਜ ਭਰ ਦੀਆਂ ਦਾਣਾ ਮੰਡੀਆਂ 'ਚ ਕਣਕ ਦੀ ਖਰੀਦ ਸ਼ੁਰੂ ਕੀਤੀ ਗਈ ਹੈ। ਸਰਕਾਰ ਵੱਲੋਂ ਸਮੂਹ ਜ਼ਿਲਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਹਦਾਇਤ ਕੀਤੀ ਗਈ ਹੈ ਕਿ 48 ਘੰਟਿਆਂ 'ਚ ਏਜੰਸੀਆਂ ਵੱਲੋਂ ਖਰੀਦੀ ਗਈ ਕਣਕ ਨੂੰ ਮੰਡੀਆਂ 'ਚੋਂ ਚੁੱਕਿਆ ਜਾਵੇ ਪਰ ਇਨ੍ਹਾਂ ਹਦਾਇਤਾਂ ਦੇ ਬਾਵਜੂਦ ਦਾਣਾ ਮੰਡੀ ਭਗਤਾਂਵਾਲਾ ਵਿਚ ਕਿਸਾਨ ਅਤੇ ਆੜ੍ਹਤੀ ਲਿਫਟਿੰਗ ਨਾ ਹੋਣ ਕਾਰਨ ਬੇਹੱਦ ਪ੍ਰੇਸ਼ਾਨ ਹਨ। ਜਗ ਬਾਣੀ ਦੀ ਟੀਮ ਨੇ ਜਦੋਂ ਮੰਡੀ ਭਗਤਾਂਵਾਲਾ ਦਾ ਦੌਰਾ ਕੀਤਾ ਤਾਂ ਪਤਾ ਲੱਗਾ ਕਿ ਮੰਡੀ 'ਚ ਪਨਸਪ, ਵੇਅਰ ਹਾਊਸ, ਮਾਰਕਫੈੱਡ, ਐੱਫ. ਸੀ. ਆਈ. ਤੇ ਪਨਗ੍ਰੇਨ ਏਜੰਸੀਆਂ ਨੇ ਹੁਣ ਤੱਕ ਕਰੀਬ ਸਾਢੇ 11 ਲੱਖ ਬੋਰੀਆਂ ਦੀ ਖਰੀਦ ਕੀਤੀ ਹੈ, ਜਿਨ੍ਹਾਂ 'ਚੋਂ ਮਹਿਜ਼ ਢਾਈ ਲੱਖ ਬੋਰੀਆਂ ਦੀ ਹੀ ਲਿਫਟਿੰਗ ਹੋਈ ਹੈ, ਜਦਕਿ ਬਾਕੀ ਮਾਲ ਖੁੱਲ੍ਹੇ ਆਸਮਾਨ ਹੇਠ ਪਿਆ ਹੋਇਆ ਹੈ।
ਸਰਕਾਰ ਵੱਲੋਂ ਮੰਡੀ ਵਿਚ 2 ਠੇਕੇਦਾਰਾਂ ਨੂੰ ਲਿਫਟਿੰਗ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ ਪਰ ਇਕ ਠੇਕੇਦਾਰ ਕੋਲੋਂ ਮਾਲ ਚੁੱਕਣ ਲਈ ਢੁੱਕਵੀਆਂ ਗੱਡੀਆਂ ਨਾ ਹੋਣ ਕਾਰਨ ਲਿਫਟਿੰਗ ਦੀ ਸਮੱਸਿਆ ਆ ਰਹੀ ਹੈ। ਮੰਡੀ 'ਚ ਅਜੇ ਵੀ ਸਾਢੇ 8 ਲੱਖ ਦੇ ਕਰੀਬ ਬੋਰੀਆਂ ਦੀ ਲਿਫਟਿੰਗ ਨਹੀਂ ਹੋ ਰਹੀ। ਮੰਡੀ ਦੇ ਆੜ੍ਹਤੀਆਂ ਨੇ ਆਪਣਾ ਨਾਂ ਗੁਪਤ ਰੱਖਣ ਦੀ ਸ਼ਰਤ 'ਤੇ ਦੱਸਿਆ ਕਿ ਉਨ੍ਹਾਂ ਦਾ ਸ਼ੋਸ਼ਣ ਹੋ ਰਿਹਾ ਹੈ, ਪਹਿਲਾਂ ਟਰੱਕ ਵਾਲੇ ਮਾਲ ਲਿਫਟ ਕਰਨ ਲਈ ਉਨ੍ਹਾਂ ਤੋਂ 2 ਤੋਂ 3 ਰੁਪਏ ਮੰਗ ਰਹੇ ਹਨ ਅਤੇ ਅਗਾਂਹ ਗੋਦਾਮਾਂ ਵਿਚ ਮਾਲ ਉਤਾਰਨ ਲਈ ਵੀ ਲੇਬਰ ਪੈਸੇ ਦੀ ਮੰਗ ਕਰ ਰਹੀ ਹੈ। ਸਰਕਾਰ ਵੱਲੋਂ ਮਾਲ ਲਿਫਟ ਕਰਨ ਲਈ ਟਰੱਕ ਅਤੇ ਮਜ਼ਦੂਰਾਂ ਨੂੰ ਮਿਹਨਤਾਨਾ ਦਿੱਤਾ ਜਾਂਦਾ ਹੈ ਪਰ ਇਸ ਸਭ ਦੇ ਬਾਵਜੂਦ ਆੜ੍ਹਤੀਆਂ ਤੋਂ ਪੈਸੇ ਮੰਗੇ ਜਾ ਰਹੇ ਹਨ। ਮੰਡੀ ਵਿਚ ਕਈ ਆੜ੍ਹਤੀ ਤਾਂ ਅਜਿਹੇ ਵੀ ਸਾਹਮਣੇ ਆਏ, ਜਿਨ੍ਹਾਂ ਦੀ ਆੜ੍ਹਤ ਦਾ ਅਜੇ ਤੱਕ ਇਕ ਵੀ ਟਰੱਕ ਮਾਲ ਚੁੱਕਣ ਲਈ ਆਇਆ ਸੀ।
ਕਈ ਆੜ੍ਹਤੀਆਂ ਦਾ ਇਹ ਵੀ ਕਹਿਣਾ ਸੀ ਕਿ ਕਾਂਗਰਸ ਨੇ ਆਪਣੇ ਚਹੇਤੇ ਠੇਕੇਦਾਰਾਂ ਨੂੰ ਲਿਫਟਿੰਗ ਦਾ ਠੇਕਾ ਦਿੱਤਾ ਹੋਇਆ ਹੈ, ਇਸ ਲਈ ਹੀ ਠੇਕੇਦਾਰ ਮਨਮਰਜ਼ੀ ਨਾਲ ਕੰਮ ਕਰ ਰਹੇ ਹਨ ਅਤੇ ਸ਼ਿਕਾਇਤਾਂ ਦੇ ਬਾਵਜੂਦ ਨਾ ਤਾਂ ਮਾਲ ਲਿਫਟ ਹੋ ਰਿਹਾ ਹੈ ਤੇ ਨਾ ਹੀ ਸ਼ਿਕਾਇਤਾਂ 'ਤੇ ਕੋਈ ਕਾਰਵਾਈ ਹੋ ਰਹੀ ਹੈ। ਕਾਂਗਰਸ ਸਰਕਾਰ ਦੇ ਰਾਜ 'ਚ ਵੀ ਆੜ੍ਹਤੀਆਂ ਕੋਲੋਂ ਗੁੰਡਾ ਟੈਕਸ ਵਸੂਲਿਆ ਜਾ ਰਿਹਾ ਹੈ।
ਕੈਪਟਨ ਸਰਕਾਰ ਦੇ ਰਾਜ ਵਿਚ ਆੜ੍ਹਤੀਆਂ ਤੇ ਮਜ਼ਦੂਰਾਂ ਦਾ ਸ਼ੋਸ਼ਣ ਹੋ ਰਿਹਾ ਹੈ। ਆੜ੍ਹਤੀਆਂ ਨੂੰ ਮਾਲ ਲਿਫਟ ਕਰਨ ਲਈ ਟਰੱਕ ਨਹੀਂ ਮਿਲ ਰਹੇ ਅਤੇ ਮੰਡੀ 'ਚ ਟਰੱਕ ਨਾ ਆਉਣ ਕਾਰਨ ਲੇਬਰ ਨੂੰ ਕੰਮ ਨਹੀਂ ਮਿਲ ਰਿਹਾ। ਸਰਕਾਰੀ ਲੇਬਰ ਬੋਰੀਆਂ ਉਤਾਰਨ ਲਈ ਪੈਸੇ ਦੀ ਮੰਗ ਕਰਦੀ ਹੈ ਅਤੇ ਟਰੱਕ ਵਾਲੇ ਵੀ 2 ਤੋਂ 3 ਰੁਪਏ ਪ੍ਰਤੀ ਬੋਰੀ ਮੰਗ ਰਹੇ ਹਨ। ਹੁਣ ਤੱਕ ਢਾਈ ਲੱਖ ਬੋਰੀਆਂ ਜੋ ਲਿਫਟ ਹੋਈਆਂ ਹਨ, ਆੜ੍ਹਤੀਆਂ ਵੱਲੋਂ ਆਪਣੇ ਟਰੈਕਟਰ-ਟਰਾਲੀਆਂ 'ਤੇ ਇਸੇ ਦੁੱਖੋਂ ਗੋਦਾਮਾਂ ਵਿਚ ਪਹੁੰਚਾਈਆਂ ਗਈਆਂ ਹਨ। ਕਾਂਗਰਸ ਸਰਕਾਰ ਨੇ ਆਪਣੇ ਚਹੇਤੇ ਠੇਕੇਦਾਰਾਂ ਨੂੰ ਹੀ ਲਿਫਟਿੰਗ ਦਾ ਠੇਕਾ ਦੇ ਕੇ ਸਾਬਿਤ ਕਰ ਦਿੱਤਾ ਹੈ ਕਿ ਸਰਕਾਰ ਆਪਣੇ ਚਹੇਤਿਆਂ ਦਾ ਹੀ ਧਿਆਨ ਰੱਖਦੀ ਹੈ, ਆੜ੍ਹਤੀ ਭਾਵੇਂ ਜਿੰਨੇ ਮਰਜ਼ੀ ਪ੍ਰੇਸ਼ਾਨ ਹੋਈ ਜਾਣ। —ਰਾਕੇਸ਼ ਕੁਮਾਰ ਤੁੱਲੀ,
ਪ੍ਰਧਾਨ ਲੇਬਰ ਯੂਨੀਅਨ ਪੰਜਾਬ
ਮੰਡੀ 'ਚ ਆੜ੍ਹਤੀਆਂ ਤੋਂ ਗੁੰਡਾ ਟੈਕਸ ਵਸੂਲਿਆ ਜਾ ਰਿਹਾ ਹੈ। ਜਦੋਂ ਦੀ ਖਰੀਦ ਸ਼ੁਰੂ ਹੋਈ ਹੈ, ਉਦੋਂ ਦਾ ਮੰਡੀ ਵਿਚ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਆੜ੍ਹਤੀਆਂ ਦੀ ਸਮੱਸਿਆ ਦੇ ਹੱਲ ਨਹੀਂ ਪੁੱਜਾ, ਹੁਣ ਵੀ ਮੰਡੀ ਵਿਚ ਸਾਢੇ 8 ਲੱਖ ਬੋਰੀਆਂ ਲਿਫਟਿੰਗ ਨਾ ਹੋਣ ਕਾਰਨ ਖੁੱਲ੍ਹੇ ਆਸਮਾਨ ਹੇਠ ਪਈਆਂ ਹਨ। ਠੇਕੇਦਾਰ ਆਪਣੀ ਮਨਮਰਜ਼ੀ ਕਰ ਰਹੇ ਹਨ ਤੇ ਪ੍ਰਸ਼ਾਸਨ ਉਨ੍ਹਾਂ ਦੀ ਪੁਸ਼ਤ-ਪਨਾਹੀ ਕਰ ਰਿਹਾ ਹੈ। ਅੱਜ ਮੰਡੀ ਵਿਚ ਆੜ੍ਹਤੀਆਂ ਦੀ ਮੀਟਿੰਗ ਇਸੇ ਸਬੰਧੀ ਹੋਈ ਤੇ ਜੇਕਰ ਸਮੱਸਿਆ ਦਾ ਹੱਲ ਜਲਦ ਨਾ ਹੋਇਆ ਤਾਂ ਆੜ੍ਹਤੀ ਮਜਬੂਰ ਹੋ ਕੇ ਸੰਘਰਸ਼ ਕਰਨਗੇ।
—ਸੁਖਦੇਵ ਸਿੰਘ ਸੋਹਲ, ਪ੍ਰਧਾਨ ਗੱਲਾ 
ਆੜ੍ਹਤੀ ਵੈੱਲਫੇਅਰ ਐਸੋ. ਦਾਣਾ ਮੰਡੀ ਭਗਤਾਂਵਾਲਾ
ਮੰਡੀ ਵਿਚ ਲਿਫਟਿੰਗ ਦੀ ਸਮੱਸਿਆ ਦਾ ਹੱਲ ਜਲਦ ਕੱਢਿਆ ਜਾ ਰਿਹਾ ਹੈ, ਜੋ ਟਰੱਕ ਵਾਲੇ ਆੜ੍ਹਤੀਆਂ ਕੋਲੋਂ ਪ੍ਰਤੀ ਬੋਰੀ ਦੇ ਹਿਸਾਬ ਨਾਲ ਪੈਸੇ ਦੀ ਮੰਗ ਕਰ ਕੇ ਟਰੱਕ ਦੇ ਰਹੇ ਹਨ, ਲਿਖਤੀ ਸ਼ਿਕਾਇਤ ਆਉਣ 'ਤੇ ਉਨ੍ਹਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।  —ਕਮਲਦੀਪ ਸਿੰਘ ਸੰਘਾ,
ਡਿਪਟੀ ਕਮਿਸ਼ਨਰ


Related News