ਗੰਨ ਪੁਆਇੰਟ ''ਤੇ ਕਾਰ ਲੁੱਟਣ ਵਾਲਿਆਂ ਦਾ ਪੁਲਸ ਨਹੀਂ ਲਾ ਸਕੀ ਸੁਰਾਗ
Sunday, Aug 20, 2017 - 01:35 PM (IST)
ਮੋਹਾਲੀ(ਰਾਣਾ) - ਸੈਕਟਰ-80 ਵਿਚ ਇਕ ਵਿਅਕਤੀ ਵਲੋਂ ਗੰਨ ਪੁਆਇੰਟ 'ਤੇ ਕਾਰ ਨੂੰ ਲੁੱਟਿਆਂ 5 ਦਿਨ ਬੀਤ ਚੁੱਕੇ ਹਨ ਪਰ ਪੁਲਸ ਨੇ ਸਿਰਫ ਅਣਪਛਾਤਿਆਂ ਖਿਲਾਫ ਕੇਸ ਦਰਜ ਕੀਤਾ ਹੋਇਆ ਹੈ ਤੇ ਅਜੇ ਤਕ ਇਕ ਵੀ ਮੁਲਜ਼ਮ ਸਬੰਧੀ ਸਬੂਤ ਨਹੀਂ ਲੱਭ ਸਕੀ ।
ਜਾਣਕਾਰੀ ਅਨੁਸਾਰ ਪਹਿਲਾਂ ਤਾਂ ਪੁਲਸ ਮੰਨਣ ਨੂੰ ਤਿਆਰ ਹੀ ਨਹੀਂ ਸੀ ਕਿ ਗੰਨ ਪੁਆਇੰਟ 'ਤੇ ਲੁੱਟ ਹੋਈ ਹੈ । ਥਾਣਾ ਸੋਹਾਣਾ ਵਿਚ ਜਾਂਚ ਵਿਚ ਢਿੱਲੇਪਨ ਦਾ ਇਹ ਪਹਿਲਾ ਮਾਮਲਾ ਨਹੀਂ ਹੈ, ਇਸ ਤੋਂ ਪਹਿਲਾਂ ਵੀ ਇਸ ਥਾਣੇ ਵਿਚ ਇਕ ਨਾਬਾਲਿਗਾ ਦੀ ਬੇਪੱਤ ਹੋਣ ਦੀ ਸ਼ਿਕਾਇਤ ਦਰਜ ਹੋਈ ਸੀ ਪਰ ਉਸਦੀ ਸ਼ਿਕਾਇਤ 'ਤੇ 25 ਦਿਨ ਕੋਈ ਕਾਰਵਾਈ ਨਹੀਂ ਹੋਈ ਤੇ ਬਾਅਦ ਵਿਚ ਪਤਾ ਲੱਗਾ ਕਿ ਉਸ ਸ਼ਿਕਾਇਤ ਦੀ ਫਾਈਲ ਤਾਂ ਏ. ਐੱਸ. ਆਈ. ਬੂਟਾ ਸਿੰਘ ਦੀ ਅਲਮਾਰੀ ਵਿਚ ਪਈ ਹੈ ਤੇ ਬੂਟਾ ਸਿੰਘ ਨੂੰ 10 ਹਜ਼ਾਰ ਦੀ ਰਿਸ਼ਵਤ ਲੈਂਦਿਆਂ ਵਿਜੀਲੈਂਸ ਗ੍ਰਿਫਤਾਰ ਕਰ ਚੁੱਕੀ ਹੈ, ਜਿਸ ਤੋਂ ਬਾਅਦ ਪੰਜਾਬ ਸਟੇਟ ਹਿਊਮਨ ਰਾਈਟਸ ਕਮਿਸ਼ਨ ਨੇ ਐੱਸ. ਐੱਸ. ਪੀ. ਤੋਂ ਜਵਾਬ ਮੰਗਿਆ ਹੈ । ਉਥੇ ਹੀ ਜਦੋਂ ਥਾਣਾ ਪੁਲਸ ਨੇ ਗੱਲ ਕੀਤੀ ਤਾਂ ਉਸ ਦਾ ਜਵਾਬ ਸੀ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ।
ਚਾਰ ਲੁਟੇਰੇ ਸਨ
ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਪਰਮਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਇੰਡਸਟਰੀਅਲ ਏਰੀਆ ਫੇਜ਼-8 ਸਥਿਤ ਇਕ ਟਰੈਵਲ ਏਜੰਟ ਦੀ ਕੰਪਨੀ ਵਿਚ ਕੰਮ ਕਰਦਾ ਹੈ । ਮੰਗਲਵਾਰ ਰਾਤ ਨੂੰ ਸਾਢੇ 12 ਵਜੇ ਉਸ ਨੇ ਆਪਣੀ ਗੱਡੀ ਏਅਰਪੋਰਟ ਰੋਡ 'ਤੇ ਸਥਿਤ ਗੁਰਦੁਆਰਾ ਸਾਹਿਬ ਦੇ ਕੋਲ ਸਲਿੱਪ ਰੋਡ 'ਤੇ ਖੜ੍ਹੀ ਕੀਤੀ ਸੀ ਕਿ ਉਦੋਂ ਉਥੇ ਚਾਰ ਨੌਜਵਾਨ ਆ ਗਏ । ਉਨ੍ਹਾਂ ਦੇ ਹੱਥ ਵਿਚ ਪਿਸਤੌਲ ਸੀ । ਉਨ੍ਹਾਂ ਆਪਣੇ ਚਿਹਰੇ ਕੱਪੜੇ ਨਾਲ ਢਕੇ ਹੋਏ ਸਨ । ਮੁਲਜ਼ਮਾਂ ਨੇ ਉਸ ਤੋਂ ਗੱਡੀ ਦੀ ਚਾਬੀ ਮੰਗੀ ਤੇ ਉਹ ਡਰ ਗਿਆ ਤੇ ਉਸ ਨੇ ਚਾਬੀ ਦੇ ਦਿੱਤੀ । ਚਾਬੀ ਲੈਣ ਤੋਂ ਬਾਅਦ ਮੁਲਜ਼ਮਾਂ ਨੇ ਉਸ ਨੂੰ ਵੀ ਜਬਰਦਸਤੀ ਕਾਰ ਵਿਚ ਬਿਠਾ ਲਿਆ ਤੇ ਕਾਰ ਦੀ ਸਪੀਡ ਤੇਜ਼ ਕਰਕੇ ਉਥੋਂ ਚਲੇ ਗਏ । ਉਸਦੀ ਪੁੜਪੜੀ 'ਤੇ ਉਨ੍ਹਾਂ ਨੇ ਪਿਸਤੌਲ ਰੱਖੀ ਹੋਈ ਸੀ । ਮੁਲਜ਼ਮਾਂ ਨੇ ਇੰਡਸਟਰੀਅਲ ਏਰੀਆ ਫੇਜ਼-8 ਪਹੁੰਚਦਿਆਂ ਹੀ ਉਸ ਨੂੰ ਉਤਾਰ ਦਿੱਤਾ । ਕਾਰ ਵਿਚ ਹੀ ਉਸਦਾ ਪਰਸ, ਮੋਬਾਇਲ ਤੇ ਹੋਰ ਦਸਤਾਵੇਜ਼ ਸਨ ।
