ਜਲੰਧਰ 'ਚ ਨਾਕੇ ਦੌਰਾਨ ਅਣਪਛਾਤਿਆਂ ਵੱਲੋਂ ਫਾਇਰਿੰਗ, ਪੁਲਸ ਨੂੰ ਪਈਆਂ ਭਾਜੜਾਂ

05/29/2019 4:17:48 PM

ਜਲੰਧਰ/ਕਾਲਾ ਸੰਘਿਆਂ (ਅਮਰਜੀਤ, ਵਰਿੰਦਰ,ਨਿੱਝਰ)— ਇਥੋਂ ਦੇ ਪਿੰਡ ਨਿੱਝਰਾਂ ਨੇੜੇ ਅਣਪਛਾਤਿਆਂ ਵੱਲੋਂ ਫਾਇਰਿੰਗ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪਿੰਡ ਅਠੌਲਾ-ਕੋਹਾਲਾ ਪਾਸੋਂ ਨਿੱਝਰਾਂ ਵੱਲੋਂ ਆ ਰਹੀ ਇਕ ਤੇਜ਼ ਰਫਤਾਰ ਗੱਡੀ ਪੁਲਸ ਦਾ ਨਾਕਾ ਤੋੜ ਕੇ ਫਰਾਰ ਹੋ ਗਈ। ਜਿਸ 'ਚ 5 ਸ਼ੱਕੀ ਵਿਅਕਤੀ ਸਵਾਰ ਸਨ। ਇਸ ਗੱਡੀ ਉਤੇ ਪੁਲਸ ਵੱਲੋਂ ਫਾਇਰਿੰਗ ਕੀਤੇ ਜਾਣ ਦੀ ਵੀ ਸੂਚਨਾ ਮਿਲੀ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਜਲੰਧਰ-ਕਪੂਰਥਲਾ ਮੁੱਖ ਮਾਰਗ 'ਤੇ ਮੰਡ ਨੇੜੇ ਸਥਿਤ ਇਕ ਪੈਟਰੋਲ ਪੰਪ ਤੋਂ ਇਕ ਇਨੋਵਾ ਗੱਡੀ ਬਿਨਾਂ ਰੁਪਏ ਦਿੱਤਿਆਂ ਤੇਲ ਭਰਵਾ ਫਰਾਰ ਹੋ ਗਈ। ਜਿਸ ਦੀ ਸੂਚਨਾ ਪੁਲਸ ਨੂੰ ਮਿਲੀ ਤਾਂ ਮੰਡ ਪੁਲਸ ਨੇ ਉਕਤ ਇਨੋਵਾ ਦਾ ਪਿੱਛਾ ਕੀਤਾ। ਪੁਲਸ ਤੋਂ ਆਪਣਾ ਬਚਾਅ ਕਰਨ ਲਈ ਗੱਡੀ ਸਵਾਰ ਸ਼ੱਕੀ ਇਨੋਵਾ ਨੂੰ ਪਿੰਡ ਨਿੱਝਰਾਂ ਦੇ ਬੱਸ ਅੱਡੇ ਵੱਲ ਅਠੌਲਾ-ਕੋਹਾਲਾ ਤਰਫੋਂ ਲੈ ਆਏ। ਨਿੱਝਰਾਂ ਪੁਲਸ ਵਲੋਂ ਅਗਾਊਂ ਸੂਚਨਾ ਦੇ ਆਧਾਰ ਉਤੇ ਉਥੇ ਪਹਿਲਾਂ ਹੀ ਨਾਕਾਬੰਦੀ ਕੀਤੀ ਹੋਈ ਸੀ ਪਰ ਉਕਤ ਇਨੋਵਾ ਚਾਲਕ ਨਿੱਝਰਾਂ ਪੁਲਸ ਦਾ ਨਾਕਾ ਤੋੜ ਦਿੱਤਾ। ਇਸ ਦੌਰਾਨ ਪੁਲਸ ਦੀ ਇਕ ਕਾਰ ਅਤੇ ਬੈਰੀਕੇਡ ਬੁਰੀ ਤਰ੍ਹਾਂ ਨਾਲ ਨੁਕਸਾਨੇ ਗਏ। ਨਾਕੇ ਉਤੇ ਮੌਜੂਦ ਏ. ਐੱਸ. ਆਈ. ਪਿੱਪਲ ਸਿੰਘ ਵਲੋਂ ਗੱਡੀ ਨੂੰ ਰੋਕਣ ਲਈ ਉਸਦੇ ਟਾਇਰ ਉਤੇ ਗੋਲੀ ਮਾਰਨ ਦੀ ਕੋਸ਼ਿਸ਼ ਕੀਤੀ ਗਈ ਪਰ ਨਿਸ਼ਾਨਾ ਖੁੰਝ ਜਾਣ ਕਾਰਨ ਗੱਡੀ ਚਾਲਕ ਮੌਕੇ ਤੋਂ ਫਰਾਰ ਹੋ ਗਏ। ਦੂਜੇ ਪਾਸੇ ਇਹ ਵੀ ਪਤਾ ਲੱਗਾ ਹੈ ਕਿ ਗੱਡੀ ਸਵਾਰ ਵਿਅਕਤੀਆਂ ਵੱਲੋਂ ਵੀ ਕਥਿਤ ਤੌਰ ਉਤੇ ਹਵਾਈ ਫਾਇਰਿੰਗ ਕੀਤੀ ਗਈ ਹੈ।
ਨਾਕੇ 'ਤੇ ਤਾਇਨਾਤ ਪਿੱਪਲ ਸਿੰਘ ਨੇ ਦੱਸਿਆ ਕਿ ਇਨੋਵਾ ਗੱਡੀ ਬਗੈਰ ਨੰਬਰ ਪਲੇਟ ਦੇ ਸੀ ਤੇ ਉਸ ਦੀ ਰਫਤਾਰ ਕਰੀਬ 100 ਕਿਲੋਮੀਟਰ ਦੀ ਸੀ। ਉਨ੍ਹਾਂ ਦੱਸਿਆ ਕਿ ਉਕਤ ਇਨੋਵਾ ਗੱਡੀ ਦਾ ਪਿੱਛਾ ਕਰ ਰਹੀ ਪੁਲਸ ਚੌਂਕੀ ਮੰਡ ਦੀ ਗੱਡੀ ਵੀ ਇਨੋਵਾ ਗੱਡੀ ਵੱਲੋਂ ਬੁਰੀ ਤਰ੍ਹਾਂ ਟੱਕਰਾਂ (ਸਾਈਡਾਂ) ਮਾਰਨ ਕਾਰਨ ਨੁਕਸਾਨੀ ਗਈ ਹੈ। ਸੂਚਨਾ ਮਿਲਦੇ ਹੀ ਲਾਂਬੜਾ ਪੁਲਸ ਅਲਰਟ ਹੋ ਗਈ। ਜਿਸ ਪਿੱਛੋਂ ਪੁਲਸ ਵਲੋਂ ਇਨੋਵਾ ਗੱਡੀ ਦੇ ਚਾਲਕਾਂ ਦੀ ਭਾਲ ਕੀਤੀ ਗਈ ਪਰ ਕੋਈ ਸਫਲਤਾ ਨਹੀਂ ਮਿਲੀ।
ਗੋਲੀ ਚੱਲੀ ਜਾਂ ਨਹੀਂ ਕੋਈ ਪੁਖਤਾ ਜਾਣਕਾਰੀ ਨਹੀਂ : ਥਾਣਾ ਮੁਖੀ
ਥਾਣਾ ਮੁਖੀ ਬਿਕਰਮ ਸਿੰਘ ਨੇ ਦੱਸਿਆ ਕਿ ਗੋਲੀ ਚੱਲੀ ਜਾਂ ਨਹੀਂ ਚੱਲੀ ਇਸ ਦੀ ਕੋਈ ਪੁਖਤਾ ਜਾਣਕਾਰੀ ਨਹੀਂ ਹੈ, ਜੇ ਹੋਵੇਗੀ ਵੀ ਤਾਂ ਉਨ੍ਹਾਂ ਦੀ ਗ੍ਰਿਫਤਾਰੀ ਤੋਂ ਬਾਅਦ ਹੀ ਪਤਾ ਲੱਗੇਗਾ। ਪੁਲਸ ਇਨੋਵਾ ਸਵਾਰਾਂ ਦੀ ਭਾਲ ਵਿਚ ਜੁੱਟੀ ਹੋਈ ਹੈ। ਇਲਾਕੇ ਵਿਚ ਪੁਲਸ ਅਲਰਟ ਜਾਰੀ ਕਰ ਦਿੱਤਾ ਗਿਆ ਅਤੇ ਉਹ ਦੋਸ਼ੀ ਬਹੁਤ ਜਲਦ ਪੁਲਸ ਦੀ ਗ੍ਰਿਫਤ ਵਿਚ ਆ ਜਾਣਗੇ। ਉਨ੍ਹਾਂ ਕਿਹਾ ਕਿ ਥਾਣਾ ਮਕਸੂਦਾਂ ਵਿਖੇ ਠੱਗੀ ਤੇ ਹਿਟ ਐਂਡ ਰਨ ਤੇ ਕਈ ਹੋਰ ਧਰਾਵਾਂ ਤਹਿਤ ਕੇਸ ਦਰਜ ਕਰ ਲਿਆ ਗਿਆ।
ਹੋ ਸਕਦਾ ਸੀ ਵੱਡਾ ਹਾਦਸਾ
ਜਿਸ ਵਕਤ ਨਿੱਝਰਾਂ 'ਚ ਇਨੋਵਾ ਸਵਾਰ ਨਾਕਾ ਤੋੜ ਕੇ ਉਕਤ ਵਾਰਦਾਤ ਕਰ ਗਏ ਉਸ ਵੇਲੇ ਸਕੂਲੀ ਬੱਚਿਆਂ ਨੂੰ ਛੁੱਟੀ ਹੋ ਚੁੱਕੀ ਸੀ। ਜੇ ਗੱਡੀ ਸਵਾਰ ਵਿਅਕਤੀ ਨਿੱਝਰਾਂ ਵੱਲ ਨੂੰ ਆਪਣੀ ਗੱਡੀ ਲੈ ਜਾਂਦੇ ਤਾਂ ਸਕੂਲੀ ਬੱਚਿਆਂ ਨੂੰ ਨੁਕਸਾਨ ਪੁੱਜ ਸਕਦਾ ਸੀ।


shivani attri

Content Editor

Related News