ਜਲੰਧਰ ਕਮਿਸ਼ਨਰੇਟ ਪੁਲਸ ਵੱਲੋਂ 2 ਕਿਲੋ ਹੈਰੋਇਨ, ਡਰੱਗ ਮਨੀ ਤੇ ਵਾਹਨਾਂ ਸਣੇ 3 ਮੁਲਜ਼ਮ ਗ੍ਰਿਫ਼ਤਾਰ

Saturday, Jun 22, 2024 - 06:16 PM (IST)

ਜਲੰਧਰ (ਮਹੇਸ਼)- ਜਲੰਧਰ ਪੁਲਸ ਕਮਿਸ਼ਨਰੇਟ ਸਵਪਨ ਸ਼ਰਮਾ ਦੀ ਅਗਵਾਈ ਹੇਠ ਪੁਲਸ ਨੇ ਨਸ਼ਾ ਤਸਕਰੀ ਕਰਨ ਵਾਲੇ ਗਿਰੋਹ ਦਾ ਪਰਦਾਫ਼ਾਸ਼ ਕਰਦਿਆਂ ਤਿੰਨ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਪਾਸੋਂ 2 ਕਿਲੋ ਹੈਰੋਇਨ, ਡਰੱਗ ਮਨੀ ਅਤੇ ਵਾਹਨ ਬਰਾਮਦ ਕੀਤੇ ਹਨ। ਇਸ ਸਬੰਧੀ ਜਾਣਕਾਰੀ ਦਿੰਦੇ ਪੁਲਸ ਕਮਿਸ਼ਨਰ ਨੇ ਦੱਸਿਆ ਕਿ ਕ੍ਰਾਈਮ ਬਰਾਂਚ ਦੀ ਇਕ ਪੁਲਸ ਪਾਰਟੀ ਵੱਲੋਂ ਇਤਲਾਹ ਦੇ ਆਧਾਰ 'ਤੇ ਲੰਮਾ ਪਿੰਡ ਤੋਂ ਜੰਡੂ ਸਿੰਘਾ ਸੜਕ ਨੇੜੇ ਨਾਕੇ ਲਗਾ ਕੇ ਚੈਕਿੰਗ ਕੀਤੀ ਜਾ ਰਹੀ ਸੀ, ਜਿਸ ਦੌਰਾਨ ਉਨ੍ਹਾਂ ਨੇ ਇਕ ਵਿਅਕਤੀ ਨੂੰ ਹੀਰੋ ਡੀਲਕਸ ਮੋਟਰਸਾਈਕਲ ਰਜਿਸਟ੍ਰੇਸ਼ਨ ਨੰਬਰ ਪੀ. ਬੀ. 08-ਡੀ. ਐਕਸ-7821 'ਤੇ ਜਾਂਦੇ ਵੇਖਿਆ।

ਉਨ੍ਹਾਂ ਦੱਸਿਆ ਕਿ ਪੁਲਸ ਨੇ ਸ਼ੱਕ ਦੇ ਆਧਾਰ 'ਤੇ ਮੋਟਰਸਾਈਕਲ ਨੂੰ ਰੋਕ ਕੇ ਤਲਾਸ਼ੀ ਲੈਣ 'ਤੇ ਸਤੀਸ਼ ਸੁਮਨ ਪੁੱਤਰ ਲਹਿੰਬਰ ਰਾਮ ਵਾਸੀ ਗੁਰੂ ਰਵਿਦਾਸ ਮੰਦਰ ਗੰਨਾ ਪਿੰਡ ਜਲੰਧਰ ਪਾਸੋਂ 1 ਕਿਲੋ ਹੈਰੋਇਨ ਬਰਾਮਦ ਕੀਤੀ। ਸਵਪਨ ਸ਼ਰਮਾ ਨੇ ਦੱਸਿਆ ਕਿ ਤਫ਼ਤੀਸ਼ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਸੁਮਨ ਬਲਕਾਰ ਸਿੰਘ ਪੁੱਤਰ ਮੁਖ਼ਤਿਆਰ ਸਿੰਘ ਵਾਸੀ ਪਿੰਡ ਲਖਨਪਾਲ ਥਾਣਾ ਸਦਰ ਜਲੰਧਰ ਅਤੇ ਹੁਣ ਵਾਸੀ ਗੁਰੂ ਰਵਿਦਾਸ ਨਗਰ ਆਕਾਸ਼ ਕਾਲੋਨੀ ਨੇੜੇ ਗਲੀ ਨੰਬਰ 1, ਹੁਸ਼ਿਆਰਪੁਰ ਨਾਲ ਮਿਲ ਕੇ ਇਸ ਵਾਰਦਾਤ ਨੂੰ ਅੰਜਾਮ ਦੇ ਰਹੀ ਸੀ। ਪੁਲਸ ਨੇ ਬਲਕਾਰ ਨੂੰ ਗ੍ਰਿਫ਼ਤਾਰ ਕਰਕੇ ਉਸ ਕੋਲੋਂ 720 ਗ੍ਰਾਮ ਹੈਰੋਇਨ, 12 ਲੱਖ ਰੁਪਏ ਡਰੱਗ ਮਨੀ, ਇਕ ਆਈ-20 ਕਾਰ (ਪੀ. ਬੀ. 36-ਜੇ-9289) ਅਤੇ ਇਕ ਛੋਟੀ ਇਲੈਕਟ੍ਰਾਨਿਕ ਤੋਲਣ ਵਾਲੀ ਮਸ਼ੀਨ ਬਰਾਮਦ ਕੀਤੀ ਹੈ ।

ਇਹ ਵੀ ਪੜ੍ਹੋ-  ਵਿਦੇਸ਼ੋਂ ਮਿਲੀ ਖ਼ਬਰ ਨੇ ਘਰ 'ਚ ਵਿਛਾ ਦਿੱਤੇ ਸੱਥਰ, ਅਰਮਾਨੀਆ 'ਚ ਨੁਸ਼ਹਿਰਾ ਦੇ ਵਿਅਕਤੀ ਦੀ ਮੌਤ

ਪੁਲਸ ਕਮਿਸ਼ਨਰ ਨੇ ਦੱਸਿਆ ਕਿ ਇਸ ਮਾਮਲੇ 'ਚ ਇਕ ਹੋਰ ਦੋਸ਼ੀ ਜਿਸ ਦੀ ਪਛਾਣ ਕੁਲਵੰਤ ਰਾਮ ਪੁੱਤਰ ਮੱਖਣ ਲਾਲ ਵਾਸੀ ਪਿੰਡ ਕਿਲਾ ਬਰੁਣ ਰਾਮ ਕਾਲੋਨੀ ਕੈਂਪ ਬਜਵਾੜਾ ਥਾਣਾ ਸਦਰ ਹੁਸ਼ਿਆਰਪੁਰ ਵਜੋਂ ਹੋਈ ਹੈ, ਨੂੰ ਵੀ ਬਾਅਦ ਵਿੱਚ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਉਸ ਕੋਲੋਂ 280 ਗ੍ਰਾਮ ਹੈਰੋਇਨ, ਇਕ ਆਈ 20 ਕਾਰ (ਪੀ. ਬੀ. 07)-ਬੀ. ਐੱਚ.-2493) ਅਤੇ ਇਕ ਛੋਟੀ ਇਲੈਕਟ੍ਰਾਨਿਕ ਤੋਲਣ ਵਾਲੀ ਮਸ਼ੀਨ ਬਰਾਮਦ ਹੋਈ। ਉਸ ਨੇ ਦੱਸਿਆ ਕਿ ਪਤਾ ਲੱਗਾ ਹੈ ਕਿ ਸਤੀਸ਼ ਸੁਮਨ ਆਪਣੇ ਪਿੰਡ ਦੇ ਵਸਨੀਕ ਲੱਕੀ, ਜੋਕਿ ਅਮਰੀਕਾ ਰਹਿੰਦਾ ਹੈ, ਦੇ ਸੰਪਰਕ ਵਿੱਚ ਆਇਆ ਸੀ, ਜਿਸ ਤੋਂ ਬਾਅਦ ਉਹ ਬਿਜ਼ਨੈੱਸ ਨਾਲ ਜੁੜ ਗਿਆ ਸੀ ਅਤੇ ਲੱਕੀ ਉਸ ਨੂੰ ਖੇਪ ਭੇਜਦਾ ਸੀ। 

ਇਹ ਵੀ ਪੜ੍ਹੋ- ਕਪੂਰਥਲਾ 'ਚ ਵੱਡੀ ਵਾਰਦਾਤ, ਡੇਰੇ 'ਚ ਰਹਿੰਦੇ ਵਿਅਕਤੀ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ

ਸਵਪਨ ਸ਼ਰਮਾ ਨੇ ਦੱਸਿਆ ਕਿ ਬਲਕਾਰ ਨੂੰ ਪਹਿਲਾਂ ਇਕ ਕਿਲੋ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਉਹ ਤਿਹਾੜ ਜੇਲ੍ਹ ਵਿੱਚ ਬੰਦ ਸੀ ਪਰ ਪੈਰੋਲ ਤੇ ਰਿਹਾਅ ਹੋਣ ਤੋਂ ਬਾਅਦ ਉਹ ਵਾਪਸ ਜੇਲ੍ਹ ਨਹੀਂ ਗਿਆ। ਪੁਲਸ ਕਮਿਸ਼ਨਰ ਨੇ ਦੱਸਿਆ ਕਿ ਕੁਲਵੰਤ ਰਾਮ ਆਪਣੇ ਜੀਜਾ ਬਲਕਾਰ ਸਿੰਘ ਨਾਲ ਮਿਲ ਕੇ ਹੈਰੋਇਨ ਦੀ ਤਸਕਰੀ ਕਰਦਾ ਸੀ। ਉਨ੍ਹਾਂ ਦੱਸਿਆ ਕਿ ਤਿੰਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਪਰ ਲੱਕੀ ਅਜੇ ਫ਼ਰਾਰ ਹੈ ਅਤੇ ਐੱਫ਼. ਆਈ. ਆਰ. ਨੰਬਰ 125 ਮਿਤੀ 18-06-2024 ਅਧੀਨ 21ਸੀ-61-85 ਐੱਨ. ਡੀ. ਪੀ. ਐੱਸ. ਐਕਟ ਥਾਣਾ ਡਿਵੀਜ਼ਨ 8 ਜਲੰਧਰ ਦਰਜ ਕੀਤੀ ਗਈ ਹੈ। ਸਵਪਨ ਸ਼ਰਮਾ ਨੇ ਦੱਸਿਆ ਕਿ ਸਤੀਸ਼ ਸੁਮਨ ਦਾ ਕੋਈ ਅਪਰਾਧਿਕ ਪਿਛੋਕੜ ਨਹੀਂ ਹੈ ਜਦਕਿ ਬਲਕਾਰ ਅਤੇ ਲੱਕੀ ਖ਼ਿਲਾਫ਼ ਚਾਰ ਕੇਸ ਪੈਂਡਿੰਗ ਹਨ ਜਦਕਿ ਕੁਲਵੰਤ ਖ਼ਿਲਾਫ਼ ਦੋ ਕੇਸ ਪੈਂਡਿੰਗ ਹਨ।

ਇਹ ਵੀ ਪੜ੍ਹੋ- ਪ੍ਰਤਾਪ ਸਿੰਘ ਬਾਜਵਾ ਦਾ ਅਹਿਮ ਬਿਆਨ, ਕਿਹਾ-‘ਨਸ਼ੇ ਤੇ ਸੱਟੇ ਦਾ ਅੱਡਾ ਹੈ ਜਲੰਧਰ ਵੈਸਟ’

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


shivani attri

Content Editor

Related News