ਬਿਆਸ ਦਰਿਆ ''ਚ ਹੜ੍ਹ ਕਾਰਨ ਗੰਧੁਵਾਲ ਨੇੜੇ ਟੁੱਟਿਆ ਗਾਈਡ ਬੰਨ੍ਹ, ਧੁੱਸੀ ਬੰਨ੍ਹ ਵੱਲ ਵਧਿਆ ਪਾਣੀ
Sunday, Aug 31, 2025 - 08:44 PM (IST)

ਟਾਂਡਾ ਉੜਮੁੜ (ਪੰਡਿਤ)- ਪੌਂਗ ਡੈਮ ਤੋਂ ਲਗਾਤਾਰ ਛੱਡੇ ਜਾ ਰਹੇ ਪਾਣੀ ਬਿਆਸ ਦਰਿਆ 'ਚ ਆਏ ਹੜ੍ਹ ਕਾਰਨ ਪਿਛਲੇ ਕਈ ਦਿਨਾਂ ਤੋਂ ਮੁਸ਼ਕਿਲਾਂ ਨਾਲ ਘਿਰੇ ਰੜਾ ਮੰਡ ਇਲਾਕੇ ਦੇ ਵਾਸੀਆਂ ਦੀਆਂ ਮੁਸ਼ਕਿਲਾਂ ਵਿਚ ਉਸ ਵੇਲੇ ਵਾਧਾ ਹੋਇਆ ਜਦੋਂ ਪਿੰਡ ਗੰਧੁਵਾਲ ਬਿਆਸ ਦਰਿਆ ਨੇੜੇ ਬਣਿਆ ਗਾਈਡ ਬੰਨ੍ਹ ਪਾਣੀ ਦੇ ਖੋਰੇ ਕਾਰਨ ਟੁੱਟ ਗਿਆ। ਜਿਸ ਦੇ ਚੱਲਦੇ ਬਿਆਸ ਦਰਿਆ ਦੇ ਹੜ੍ਹ ਦਾ ਪਾਣੀ ਜ਼ਮੀਨ ਨੂੰ ਖੋਰਾ ਲਾਉਂਦੇ ਹੋਏ ਧੁੱਸੀ ਬੰਨ੍ਹ ਵੱਲ ਵਧਿਆ ਹੈ।
ਇਸ ਦੌਰਾਨ ਮੌਕੇ 'ਤੇ ਮੌਜੂਦ ਪਿੰਡ ਗੰਧੁਵਾਲ ਵਾਸੀਆਂ ਨੇ ਦੱਸਿਆ ਕਿ ਗਾਈਡ ਬੰਨ੍ਹ ਦੋ ਹੋਰ ਥਾਂਵਾਂ ਤੋਂ ਵੀ ਬੇਹੱਦ ਕਮਜ਼ੋਰ ਪੈ ਗਿਆ ਹੈ। ਉਨ੍ਹਾਂ ਗਾਈਡ ਬੰਨ੍ਹ ਦੀ ਮਜ਼ਬੂਤੀ ਲਈ ਸੰਜੀਦਾ ਉੱਦਮ ਕਰਨ ਦੀ ਅਪੀਲ ਕੀਤੀ ਹੈ। ਪ੍ਰਸ਼ਾਸ਼ਨ ਵੱਲੋਂ ਗਾਈਡ ਬੰਨ੍ਹ ਦੀ ਸੁਰੱਖਿਆ ਲਈ ਉੱਦਮ ਕੀਤੇ ਜਾ ਰਹੇ ਹਨ ਪਰੰਤੂ ਪਾਣੀ ਦੇ ਤੇਜ਼ ਪ੍ਰਵਾਹ ਕਾਰਨ ਇਸ ਕੰਮ ਵਿਚ ਦਿੱਕਤਾਂ ਆ ਰਹੀਆਂ ਹਨ।
ਇਸ ਦੌਰਾਨ ਪਾਣੀ ਦਾ ਪੱਧਰ ਵਧਣ-ਘਟਣ ਕਾਰਨ ਹੜ੍ਹ ਪ੍ਰਭਾਵਿਤ ਰੜਾ ਮੰਡ, ਫੱਤਾ ਕੁੱਲਾ, ਸਲੇਮਪੁਰ ਮੰਡ, ਟਾਹਲੀ ਮੰਡ ਗੰਧੂਵਾਲ ਅਤੇ ਅਬਦੁੱਲਾਪੁਰ ਦੀ ਸਥਿਤੀ ਪਹਿਲਾਂ ਵਾਂਗ ਹੀ ਬਣੀ ਹੋਈ ਹੈ। ਅੱਜ ਵੀ ਪ੍ਰਸ਼ਾਸਨ ਅਤੇ ਵੱਖ-ਵੱਖ ਸਮਾਜਿਕ ਸੰਸਥਾਵਾਂ ਵੱਲੋਂ ਇਲਾਕੇ ਦੇ ਪਿੰਡਾਂ ਅਤੇ ਰਾਹਤ ਕੈਂਪਾਂ ਵਿਚ ਜਾ ਕੇ ਮਦਦ ਸਮੱਗਰੀ ਅਤੇ ਲੰਗਰ ਭੇਟ ਕੀਤਾ ਹੈ। ਇਸ ਸਬੰਧੀ ਨਾਇਬ ਤਹਿਸੀਲਦਾਰ ਮਨਪ੍ਰੀਤ ਸਿੰਘ ਨੇ ਕਿਹਾ ਕਿ ਪ੍ਰਸ਼ਾਸਨ ਗਾਈਡ ਬੰਨ੍ਹ ਨੂੰ ਮਜ਼ਬੂਤ ਕਰਨ ਲਈ ਲਗਾਤਾਰ ਉੱਦਮ ਕਰ ਰਿਹਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e