‘ਆਪ’ ਵੱਲੋਂ ਐਲਾਨੀਆਂ ਗਾਰੰਟੀਆਂ ਹੋਣਗੀਆਂ ਪੂਰੀਆਂ, ਹਵਾ ’ਚ ਤੀਰ ਨਹੀਂ ਮਾਰੇ : ਭਗਵੰਤ ਮਾਨ
Thursday, Jan 20, 2022 - 09:45 PM (IST)
ਸੰਗਰੂਰ (ਵਿਜੈ ਕੁਮਾਰ ਸਿੰਗਲਾ)-ਆਮ ਆਦਮੀ ਪਾਰਟੀ ਦੇ ਨੈਸ਼ਨਲ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਜੋ ਗਾਰੰਟੀਆਂ ਪੰਜਾਬ ਦੇ ਲੋਕਾਂ ਨੂੰ ਦਿੱਤੀਆਂ ਗਈਆਂ ਹਨ, ਉਨ੍ਹਾਂ ਨੂੰ ਪੂਰਾ ਕੀਤਾ ਜਾਵੇਗਾ, ਦੂਸਰੀਆਂ ਪਾਰਟੀ ਵਾਂਗ ਹਵਾ ’ਚ ਤੀਰ ਨਹੀਂ ਮਾਰੇ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਚਿਹਰੇ ਅਤੇ ਵਿਧਾਨ ਸਭਾ ਹਲਕਾ ਧੂਰੀ ਤੋਂ ‘ਆਪ’ ਦੇ ਉਮੀਦਵਾਰ ਭਗਵੰਤ ਮਾਨ ਪੰਜਾਬ ਪ੍ਰਧਾਨ ਆਪ ਤੇ ਮੈਂਬਰ ਪਾਰਲੀਮੈਂਟ ਸੰਗਰੂਰ ਨੇ ਅੱਜ ਧੂਰੀ ਵਿਧਾਨ ਸਭਾ ਹਲਕੇ ਤੋਂ ਉਮੀਦਵਾਰ ਐਲਾਨੇ ਜਾਣ ਤੋਂ ਬਾਅਦ ‘ਜਗ ਬਾਣੀ’ ਨਾਲ ਵਿਸ਼ੇਸ਼ ਗੱਲਬਾਤ ਕਰਦੇ ਹੋਏ ਕੀਤਾ। ਉਨ੍ਹਾਂ ਕਿਹਾ ਕਿ ਉਹ ਦੋ ਵਾਰ ਮੈਂਬਰ ਪਾਰਲੀਮੈਂਟ ਬਣ ਕੇ ਦੇਸ਼ ਦੀ ਸਭ ਤੋਂ ਵੱਡੀ ਪੰਚਾਇਤ ’ਚ ਗਏ ਹਨ ਅਤੇ ਉਥੇ ਆਪਣੇ ਵੱਲੋਂ ਹਰ ਮਸਲੇ ਨੂੰ ਬੁਲੰਦ ਆਵਾਜ਼ ਨਾਲ ਉਠਾਇਆ ਗਿਆ ਹੈ। ਇਹ ਪਹਿਲੀ ਵਾਰ ਹੋਇਆ ਹੈ ਕਿ ਲੋਕਾਂ ਨੂੰ ਕਿਸੇ ਮੈਂਬਰ ਪਾਰਲੀਮੈਂਟ ਨਾਲ ਸਿੱਧੀ ਗੱਲਬਾਤ ਕਰਨ ਅਤੇ ਸਵਾਲ-ਜਵਾਬ ਕਰਨ ਦਾ ਮੌਕਾ ਮਿਲਿਆ ਹੋਵੇਗਾ, ਜਦਕਿ ਅੱਜ ਤਕ ਜਿੱਤੇ ਹੋਏ ਲੀਡਰਾਂ ਵੱਲੋਂ ਲੋਕਾਂ ਨੂੰ ਵਿਸਾਰ ਦਿੱਤਾ ਜਾਂਦਾ ਸੀ।
ਮਾਨ ਨੇ ਕਿਹਾ ਕਿ ਜਨਤਾ ਦਾ ਸੇਵਕ ਬਣ ਕੇ ਲੋਕਾਂ ’ਚ ਆਉਣ ਵਾਲੇ ਆਗੂ ਜਿੱਤਣ ਤੋਂ ਬਾਅਦ ਫਿਰ ਰਾਜੇ ਬਣ ਜਾਂਦੇ ਹਨ। ਉਹ ਦੋ ਵਾਰ ਜਿੱਤਣ ਤੋਂ ਬਾਅਦ ਵੀ ਆਮ ਲੋਕਾਂ ਦੇ ਧੀਆਂ ਪੁੱਤਾਂ ਵਾਂਗੂ ਪਬਲਿਕ ’ਚ ਵਿਚਰਦੇ ਹਨ ਅਤੇ ਲੋਕਾਂ ਦੇ ਨਾਲ ਹਰ ਦੁੱਖ-ਸੁੱਖ ’ਚ ਉੱਠਦੇ-ਬੈਠਦੇ ਹਨ। ਭਗਵੰਤ ਮਾਨ ਨੇ ਕਿਹਾ ਕਿ ਉਹ ਧੂਰੀ ਤੋਂ ਵਿਧਾਨ ਸਭਾ ਦੀ ਸੀਟ ਲਈ ਪਾਰਟੀ ਵੱਲੋਂ ਉਮੀਦਵਾਰ ਐਲਾਨੇ ਗਏ ਹਨ ਅਤੇ ਧੂਰੀ ਦੇ ਲੋਕ ਪੰਜਾਬ ਦਾ ਇਤਿਹਾਸ ਲਿਖਣਗੇ।