ਗੰਨੇ ਦਾ ਯਕੀਨੀ ਸਰਕਾਰੀ ਖਰੀਦ ਭਾਅ ਵਧਾ ਕੇ 380 ਰੁਪਏ ਪ੍ਰਤੀ ਕੁਇੰਟਲ ਕੀਤਾ ਜਾਵੇ : ਬਾਦਲ

Saturday, Aug 21, 2021 - 10:50 PM (IST)

ਗੰਨੇ ਦਾ ਯਕੀਨੀ ਸਰਕਾਰੀ ਖਰੀਦ ਭਾਅ ਵਧਾ ਕੇ 380 ਰੁਪਏ ਪ੍ਰਤੀ ਕੁਇੰਟਲ ਕੀਤਾ ਜਾਵੇ : ਬਾਦਲ

ਚੰਡੀਗੜ੍ਹ- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਰੋਸ ਪ੍ਰਦਰਸ਼ਨ ਕਰ ਰਹੇ ਗੰਨਾ ਉਤਪਾਦਕ ਕਿਸਾਨਾਂ ਨਾਲ ਇਕਜੁੱਟਤਾ ਪ੍ਰਗਟ ਕਰਦਿਆਂ ਮੰਗ ਕੀਤੀ ਕਿ ਕਾਂਗਰਸ ਸਰਕਾਰ ਗੰਨੇ ਦਾ ਯਕੀਨੀ ਖਰੀਦ ਸਰਕਾਰੀ ਖਰੀਦ ਭਾਅ ਵਧਾ ਕੇ 380 ਰੁਪਏ ਪ੍ਰਤੀ ਕੁਇੰਟਲ ਕਰੇ ਤੇ ਉਨ੍ਹਾਂ ਨੇ ਗੰਨਾ ਉਤਪਾਦਕਾਂ ਦੀ ਬਕਾਇਆ ਰਾਸ਼ੀ ਤੁਰੰਤ ਜਾਰੀ ਕਰਨ ਦੀ ਵੀ ਮੰਗ ਕੀਤੀ। 

ਇਹ ਵੀ ਪੜ੍ਹੋ- ਸੁਖਮੀਤ ਡਿਪਟੀ ਕਤਲ ਕਾਂਡ 'ਚ ਵੱਡਾ ਖੁਲਾਸਾ, ਵਿਦੇਸ਼ ਬੈਠੇ ਗੈਂਗਸਟਰ ਗੌਰਵ ਨੇ ਰਚੀ ਸੀ ਕਤਲ ਦੀ ਸਾਜਿਸ਼

ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਜੇਕਰ ਕਾਂਗਰਸ ਸਰਕਾਰ ਨੇ ਗੰਨਾ ਉਤਪਾਦਕਾਂ ਨਾਲ ਨਿਆਂ ਨਾ ਕੀਤਾ ਤਾਂ ਫਿਰ ਅਗਲੀ ਅਕਾਲੀ ਦਲ ਤੇ ਬਸਪਾ ਗਠਜੋੜ ਸਰਕਾਰ ਗੰਨੇ ਦਾ ਯਕੀਨੀ ਸਰਕਾਰੀ ਖਰੀਦ ਭਾਅ ਵਧਾ ਕੇ 380 ਰੁਪਏ ਪ੍ਰਤੀ ਕੁਇੰਟਲ ਕਰੇਗੀ। ਉਨ੍ਹਾਂ ਕਿਹਾ ਕਿ ਅਸੀਂ ਇਹ ਵਾਅਦਾ ਆਪਣੇ ਚੋਣ ਮਨੋਰਥ ਵਿਚ ਵੀ ਸ਼ਾਮਲ ਕਰਾਂਗੇ। ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਚਾਰ ਸਾਲਾਂ ਤੋਂ ਗੰਨੇ ਦਾ ਯਕੀਨੀ ਸਰਕਾਰੀ ਭਾਅ ਵਧਾਉਣ ਤੋਂ ਇਨਕਾਰ ਕਰਨ ਮਗਰੋਂ ਪੰਜਾਬ ਸਰਕਾਰ ਨੇ ਆਪਣਾ ਕਾਰਜਕਾਲ ਖਤਮ ਹੋਣ ਵੇਲੇ ਸਿਰਫ 15 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ ਇਸ ਵਿਚ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਗੰਨਾ ਉਤਪਾਦਕਾਂ ਦੇ ਨਾਲ ਵੱਡਾ ਧੋਖਾ ਹੈ ਤੇ ਫਸਲੀ ਵਿਭਿੰਨਤਾ ਲਈ ਵੱਡੀ ਸੱਟ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਗੰਨਾ ਉਤਪਾਦਕਾਂ ਦੇ ਜ਼ਖ਼ਮਾਂ ’ਤੇ ਲੂਣ ਛਿੜਕਿਆ ਹੈ ਤੇ ਉਨ੍ਹਾਂ ਨੇ ਇਸ ਨੂੰ ਗੈਰ ਜ਼ਿੰਮੇਵਾਰਾਨਾ ਤੇ ਬੇਰੁਖੀ ਵਾਲਾ ਰਵੱਈਆ ਕਰਾਰ ਦਿੱਤਾ। 

ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਜੇਕਰ ਸਰਕਾਰ ਨੇ ਗੰਨੇ ਦੀ ਯਕੀਨੀ ਸਰਕਾਰੀ ਖਰੀਦ ਕੀਮਤ ਵਿਚ 20 ਰੁਪਏ ਪ੍ਰਤੀ ਸਾਲ ਵਾਧਾ ਕੀਤਾ ਹੁੰਦਾ ਤਾਂ ਇਹ ਕੀਮਤ 380 ਰੁਪਏ ਪ੍ਰਤੀ ਕੁਇੰਟਲ ਹੁੰਦੀ ਜੋ ਕਿ ਗੰਨੇ ਲਈ ਸਹੀ ਕੀਮਤ ਹੈ। ਉਨ੍ਹਾਂ ਕਿਹਾ ਕਿ ਅਜਿਹਾ ਨਾ ਕਰ ਕੇ ਪੰਜਾਬ ਦੇ ਕਿਸਾਨਾਂ ਨੁੰ 1000 ਕਰੋੜ ਰੁਪਏ ਦਾ ਘਾਟਾ ਪਿਆ ਹੈ। ਉਨਾਂ ਨਾਲ ਹੀ ਕਿਹਾ ਕਿ ਗੁਆਂਢੀ ਸੂਬਾ ਸਰਕਾਰ ਗੰਨੇ ਲਈ 358 ਰੁਪਏ ਪ੍ਰਤੀ ਕੁਇੰਟਲ ਦਾ ਯਕੀਨੀ ਸਰਕਾਰੀ ਖਰੀਦ ਭਾਅ ਦੇ ਰਿਹਾ ਹੈ ਜੋ ਕਿ 30 ਤੋਂ 40 ਰੁਪਏ ਪ੍ਰਤੀ ਕੁਇੰਟਲ ਵੱਧ ਹੈ। ਉਨ੍ਹਾਂ ਕਿਹਾ ਕਿ ਜੇਕਰ ਦੇਰੀ ਨਾਲ ਕੀਤੀ ਜਾਂਦੀ ਅਦਾਇਗੀ ’ਤੇ ਵਿਆਜ਼ ਅਤੇ ਡੀਜ਼ਲ ’ਤੇ ਸੂਬੇ ਦੇ ਬਹੁਤ ਜ਼ਿਆਦਾ ਵੈਟ ਦਾ ਵੀ ਹਿਸਾਬ ਨਾਇਆ ਜਾਵੇ ਤਾਂ ਫਿਰ ਇਹ ਘਾਟਾ ਕਿਤੇ ਜ਼ਿਆਦਾ ਹੋਵੇਗਾ। 

ਇਹ ਵੀ ਪੜ੍ਹੋ- ਭੈਣ ਭਰਾ ਦਾ ਪਿਆਰ ਅਜੇ ਵੀ ਬਰਕਰਾਰ, 99 ਸਾਲਾ ਭੈਣ ਨੇ 96 ਸਾਲਾ ਭਰਾ ਨੂੰ ਬਨ੍ਹੀ ਰੱਖੜੀ

ਅਕਾਲੀ ਦਲ ਦੇ ਪ੍ਰਧਾਨ ਨੇ ਮੰਗ ਕੀਤੀ ਕਿ ਸੂਬਾ ਸਰਕਾਰ ਸਹਿਕਾਰੀ ਖੰਡ ਮਿੱਲਾਂ ਵੱਲ ਗੰਨਾ ਉਤਪਾਦਕਾਂ ਦਾ ਪਿਛਲਾ ਬਕਾਇਆ ਤੁਰੰਤ ਜਾਰੀ ਕਰਨਾ ਯਕੀਨੀ ਬਣਾਵੇ। ਉਨ੍ਹਾਂ ਕਿਹਾ ਕਿ ਸਰਕਾਰ ਗੰਨਾ ਉਤਪਾਦਕਾਂ ਦੇ ਬਕਾਏ ਅਦਾ ਕਰਨ ਵਾਸਤੇ ਪ੍ਰਾਈਵੇਟ ਖੰਡ ਮਿੱਲਾਂ ਨੂੰ ਵੀ ਹਦਾਇਤ ਦੇਣ ਵਿਚ ਨਾਕਾਮ ਰਹੀ ਹੈ। ਉਨ੍ਹਾਂ ਕਿਹਾ ਕਿ ਪ੍ਰਾਈਵੇਟ ਖੰਡ ਮਿੱਲਾਂ ਮਾਰਕੀਟ ਵਿਚ ਖੰਡ ਵੇਚ ਰਹੀਆਂ ਹਨ ਪਰ ਉਨ੍ਹਾਂ ਨੇ ਕਿਸਾਨਾਂ ਦੀ ਅਦਾਇਗੀ ਨਹੀਂ ਕੀਤੀ। ਸਰਦਾਰ ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਗੰਨਾ ਉਤਪਾਦਕ ਕਿਸਾਨਾਂ ਦੀਆਂ ਤਕਲੀਫਾਂ ਦੀ ਪਰਵਾਹ ਨਹੀਂ ਹੈ। ਉਹਨਾ ਮੰਗ ਕੀਤੀ ਕਿ ਗੰਨਾ ਉਤਪਾਦਕਾਂ ਦੇ ਬਕਾਏ ਵਿਆਜ਼ ਸਮੇਤ ਅਦਾ ਕੀਤੇ ਜਾਣ। ਉਹਨਾਂ ਕਿਹਾ ਕਿ ਸ਼ੂਗਰਕੇਨ ਕੰਟਰੋਲ ਆਰਡਰ ਅਤੇ ਸ਼ੂਗਰਕੇਨ ਪਰਚੇਜ਼ ਐਂਡ ਰੈਗੂਲੇਸ਼ਨ ਐਕਟ ਦੇ ਕਲਾਜ਼ 3 (3) ਤਹਿਤ ਖੰਡ ਮਿੱਲਾਂ ਲਈ ਲਾਜ਼ਮੀ ਹੈ ਕਿ ਉਹ ਖਰੀਦ ਦੇ 14 ਦਿਨਾਂ ਦੇ ਅੰਦਰ ਅੰਦਰ ਅਦਾਇਗੀ ਕਰਨ ਜਾਂ ਫਿਰ ਦੇਰੀ ਨਾਲ ਅਦਾਇਗੀ ’ਤੇ ਵਿਆਜ਼ ਅਦਾ ਕਰਨ। ਉਨ੍ਹਾਂ ਕਿਹਾ ਕਿ ਇਸ ਐਕਟ ਨੂੰ ਇੰਨ ਬਿਨ ਲਾਗੂ ਕੀਤਾ ਜਾਣਾ ਚਾਹੀਦਾ ਹੈ।

ਸਰਦਾਰ ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਕਾਂਗਰਸ ਸਰਕਾਰ ਕਿਸਾਨਾਂ ਨੂੰ ਫਸਲੀ ਵਿਭਿੰਨਤਾ ਵਿਚ ਮਦਦ ਕਰਨ ਅਤੇ ਕਣਕ ਤੇ ਝੋਨੇ ਦੇ ਫਸਲੀ ਚੱਕਰ ਵਿਚੋਂ ਨਿਕਲਣ ਵਿਚ ਮਦਦ ਕਰਨ ਵਿਚ ਨਾਕਾਮ ਰਹੀ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਤੇ ਬਸਪਾ ਗਠਜੋੜ ਸਰਕਾਰ ਗੰਨਾ ਉਤਪਾਦਕ ਨੁੰ ਹੁਲਾਰਾ ਦੇਵੇਗੀ ਤੇ ਇਸ ਵਾਸਤੇ ਢੁਕਵਾਂ ਯਕੀਨੀ ਸਰਕਾਰੀ ਖਰੀਦ ਭਾਅ ਦੇਵੇਗੀ ਤੇ ਨਾਲੋ ਨਾਲ ਸਹਿਕਾਰੀ ਤੇ ਪ੍ਰਾਈਵੇਟ ਖੰਡ ਮਿੱਲਾਂ ਵੱਲੋਂ ਗੰਨਾ ਉਤਪਾਦਕਾਂ ਨਾਲ ਕਿਸੇ ਤਰੀਕੇ ਦਾ ਵਿਤਕਰਾ ਨਾ ਕੀਤਾ ਜਾਣਾ ਯਕੀਨੀ ਬਣਾਏਗੀ। 


author

Bharat Thapa

Content Editor

Related News