ਮਈ ਮਹੀਨੇ ''ਚ GST ਕੁਲੈਕਸ਼ਨ ’ਚ ਰਿਕਾਰਡ ਵਾਧਾ, ਪਿਛਲੇ ਸਾਲ ਦੇ ਮੁਕਾਬਲੇ 55 ਫ਼ੀਸਦੀ ਵਧੀ
Friday, Jun 02, 2023 - 01:50 PM (IST)
ਚੰਡੀਗੜ੍ਹ (ਰਜਿੰਦਰ) : ਜੀ. ਐੱਸ. ਟੀ. ਕੁਲੈਕਸ਼ਨ 'ਚ ਕੁੱਝ ਮਹੀਨਿਆਂ ਤੋਂ ਵਾਧਾ ਹੋ ਰਿਹਾ ਹੈ, ਜੋ ਸ਼ਹਿਰ ਦੀ ਮਾਲੀ ਹਾਲਤ ਲਈ ਚੰਗੀ ਖ਼ਬਰ ਹੈ। ਉੱਥੇ ਹੀ ਇਸ ਸਾਲ ਮਈ ਮਹੀਨੇ ਦੀ ਕੁਲੈਕਸ਼ਨ 'ਚ ਰਿਕਾਰਡ 55 ਫ਼ੀਸਦੀ ਦਾ ਵਾਧਾ ਹੋਇਆ ਹੈ। ਪੈਟਰੋਲ ਅਤੇ ਸ਼ਰਾਬ ਨੂੰ ਛੱਡ ਕੇ ਹੋਰ ਵਸਤਾਂ ’ਤੇ ਮਾਲ ਅਤੇ ਸੇਵਾ ਕਰ (ਜੀ. ਐੱਸ. ਟੀ.) ਵਸੂਲਿਆ ਜਾਂਦਾ ਹੈ। ਜੀ. ਐੱਸ. ਟੀ., ਐਕਸਾਈਜ਼ ਅਤੇ ਵੈਲਿਊ ਐਡਿਡ ਟੈਕਸ (ਵੈਟ) ਚੰਡੀਗੜ੍ਹ ਪ੍ਰਸ਼ਾਸਨ ਦੇ ਖਜ਼ਾਨੇ ਨੂੰ ਭਰਨ ਵਿਚ ਅਹਿਮ ਭੂਮਿਕਾ ਨਿਭਾਉਂਦੇ ਹਨ। ਯੂ. ਟੀ. ਪ੍ਰਸ਼ਾਸਨ ਹਰ ਮਹੀਨੇ ਦੀ ਪਹਿਲੀ ਤਾਰੀਕ ਨੂੰ ਜੀ. ਐੱਸ. ਟੀ. ਕੁਲੈਕਸ਼ਨ ਦੇ ਅੰਕੜੇ ਜਾਰੀ ਕਰਦਾ ਹੈ। ਵੀਰਵਾਰ ਮਈ 2023 ਦੇ ਅੰਕੜੇ ਜਾਰੀ ਕੀਤੇ ਗਏ, ਜਿਸ ਅਨੁਸਾਰ 259 ਕਰੋੜ ਦੀ ਜੀ. ਐੱਸ. ਟੀ. ਕੁਲੈਕਸ਼ਨ ਹੋਈ, ਜਦੋਂਕਿ ਪਿਛਲੇ ਸਾਲ 167 ਕਰੋੜ ਰੁਪਏ ਇਕੱਠੇ ਹੋਏ ਸਨ। ਇਸ ਤਰ੍ਹਾਂ ਇਸ ਸਾਲ ਮਈ ਮਹੀਨੇ ਵਿਚ 55 ਫ਼ੀਸਦੀ ਵੱਧ ਜੀ. ਐੱਸ. ਟੀ. ਕੁਲੈਕਸ਼ਨ ਹੋਈ ਹੈ, ਉੱਥੇ ਹੀ ਪਿਛਲੇ ਮਹੀਨੇ ਦੀ ਗੱਲ ਕਰੀਏ ਤਾਂ ਕਾਫ਼ੀ ਘੱਟ ਵਾਧਾ ਹੋਇਆ ਸੀ। ਇਸ ਅਪ੍ਰੈਲ ਵਿਚ ਪਿਛਲੀ ਵਾਰ ਦੇ ਮੁਕਾਬਲੇ ਸਿਰਫ 2 ਫ਼ੀਸਦੀ ਦਾ ਵਾਧਾ ਹੋਇਆ ਸੀ।
ਪੰਜਾਬ ’ਚ 5 ਫ਼ੀਸਦੀ ਘੱਟ, ਹਰਿਆਣਾ ’ਚ 9 ਫ਼ੀਸਦੀ ਦਾ ਵਾਧਾ
ਇਸ ਤੋਂ ਇਲਾਵਾ ਪੰਜਾਬ ਦੀ ਜੀ. ਐੱਸ. ਟੀ. ਕੁਲੈਕਸ਼ਨ ਇਸ ਵਾਰ ਪਿਛਲੇ ਸਾਲ ਦੇ ਮੁਕਾਬਲੇ ਘੱਟ ਹੋਈ ਹੈ। ਪੰਜਾਬ ਦੀ ਜੀ. ਐੱਸ. ਟੀ. ਕੁਲੈਕਸ਼ਨ ਮਈ 2023 ਵਿਚ 5 ਫ਼ੀਸਦੀ ਘੱਟ ਹੋਣ ਨਾਲ 1744 ਕਰੋੜ ਰਹੀ ਹੈ। ਉੱਥੇ ਹੀ ਮਈ 2022 ਵਿਚ ਇਹ 1833 ਕਰੋੜ ਰੁਪਏ ਸੀ। ਉੱਥੇ ਹੀ ਹਰਿਆਣਾ ਦੀ ਜੀ. ਐੱਸ. ਟੀ. ਕੁਲੈਕਸ਼ਨ ਵਿਚ ਵੀ ਇਸ ਮਹੀਨੇ ਵਾਧਾ ਜਾਰੀ ਹੈ। ਇਸ ਵਾਰ 9 ਫ਼ੀਸਦੀ ਵਾਧੇ ਨਾਲ ਜੀ. ਐੱਸ. ਟੀ. ਕੁਲੈਕਸ਼ਨ 7250 ਕਰੋੜ ਰੁਪਏ ਰਹੀ।