ਟਰੇਡ ਅਤੇ ਇੰਡਸਟਰੀ ਨੂੰ ਚਿੰਤਾ ''ਚ ਪਾ ਕੇ ਜੀ. ਐੱਸ. ਟੀ. ਦੀ ਵਰ੍ਹੇਗੰਢ ਦਾ ਜਸ਼ਨ ਮਨਾ ਰਿਹੈ ਕੇਂਦਰ : ਜਾਖੜ

Monday, Jul 02, 2018 - 12:35 AM (IST)

ਟਰੇਡ ਅਤੇ ਇੰਡਸਟਰੀ ਨੂੰ ਚਿੰਤਾ ''ਚ ਪਾ ਕੇ ਜੀ. ਐੱਸ. ਟੀ. ਦੀ ਵਰ੍ਹੇਗੰਢ ਦਾ ਜਸ਼ਨ ਮਨਾ ਰਿਹੈ ਕੇਂਦਰ : ਜਾਖੜ

ਲੁਧਿਆਣਾ (ਬਹਿਲ/ ਰਿੰਕੂ) - ਜਿੱਥੇ ਇਕ ਪਾਸੇ ਜੀ. ਐੱਸ. ਟੀ. ਨੂੰ ਲੈ ਕੇ ਭਾਜਪਾ ਪਹਿਲੀ ਵਰ੍ਹੇਗੰਢ ਮਨਾ ਕੇ ਆਪਣੀ ਕਾਮਯਾਬੀ ਦਾ ਜਸ਼ਨ ਮਨਾ ਰਹੀ ਹੈ, ਉੱਥੇ ਜੀ. ਐੱਸ. ਟੀ. ਦੀ ਗੁੰਝਲਦਾਰ ਪ੍ਰਕਿਰਿਆ ਤੋਂ ਪ੍ਰੇਸ਼ਾਨ ਹੋਏ ਪੰਜਾਬ ਦੇ ਕਾਰੋਬਾਰੀਆਂ ਨੇ ਕੈਪਟਨ ਸਰਕਾਰ ਤੋਂ ਜੀ. ਐੱਸ. ਟੀ. ਦੇ ਸਰਲੀਕਰਨ ਦਾ ਮੁੱਦਾ ਮੋਦੀ ਸਰਕਾਰ ਦੇ ਸਾਹਮਣੇ ਪ੍ਰਮੁੱਖਤਾ ਨਾਲ ਚੁੱਕਣ ਦੀ ਗੁਹਾਰ ਲਗਾਈ ਹੈ। ਇਸ ਸਬੰਧੀ ਅੱਜ ਪੰਜਾਬ ਕਾਂਗਰਸ ਪ੍ਰਧਾਨ ਅਤੇ ਐੱਮ. ਪੀ. ਸੁਨੀਲ ਕੁਮਾਰ ਜਾਖੜ ਲੁਧਿਆਣਾ ਦੇ ਸਰਕਟ ਹਾਊਸ ਵਿਚ ਉਦਯੋਗਪਤੀਆਂ ਅਤੇ ਵਪਾਰੀਆਂ ਨਾਲ ਬੈਠਕ ਕਰ ਕੇ ਉਨ੍ਹਾਂ ਦਾ ਦੁੱਖ-ਦਰਦ ਜਾਣਨ ਪੁੱਜੇ। ਜਾਖੜ ਨੇ ਕਿਹਾ ਕਿ ਜੀ. ਐੱਸ. ਟੀ. ਦਾ ਮੂਲਮੰਤਰ ਯੂ.ਪੀ.ਏ. ਸਰਕਾਰ ਸਮੇਂ ਡਾ. ਮਨਮੋਹਨ ਸਿੰਘ ਦੀ ਦੇਣ ਸੀ ਅਤੇ ਉਸ ਸਮੇਂ ਭਾਜਪਾ ਨੇ ਇਸ ਦਾ ਵਿਰੋਧ ਕਰ ਕੇ ਇਸ ਨੂੰ ਗੱਬਰ ਸਿੰਘ ਟੈਕਸ ਕਰਾਰ ਦੇ ਕੇ ਦੇਸ਼ ਦੀ ਤਰੱਕੀ ਲਈ ਖਤਰਾ ਕਰਾਰ ਦਿੱਤਾ ਸੀ ਜਿਸ ਨੂੰ ਕੇਂਦਰ ਦੀ ਭਾਜਪਾ ਸਰਕਾਰ ਅੱਜ ਇਸ ਨੂੰ ਪ੍ਰਾਪਤੀ ਮੰਨ ਕੇ ਆਪਣੀ ਪਿੱਠ ਥਾਪੜਨ ਲੱਗੀ ਹੈ। ਪੰਜਾਬ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਜੀ. ਐੱਸ. ਟੀ. ਪ੍ਰਣਾਲੀ ਵਿਚ ਬੇਹੱਦ ਸੁਧਾਰ ਦੀ ਲੋੜ ਹੈ, ਜਿਸ ਨੂੰ ਕਾਂਗਰਸ ਅਗਲੀਆਂ ਲੋਕ ਸਭਾ ਚੋਣਾਂ ਵਿਚ ਜਿੱਤ ਤੋਂ ਬਾਅਦ ਸੌਖਾ ਕਰ ਕੇ ਪ੍ਰਮੁੱਖਤਾ ਨਾਲ ਇਸ ਦੀਆਂ ਖਾਮੀਆਂ ਦੂਰ ਕਰੇਗੀ। ਭਾਜਪਾ ਦੀਆਂ ਨੀਤੀਆਂ ਕਿਸਾਨ ਮਾਰੂ, ਜਵਾਨ ਮਾਰੂ ਅਤੇ ਵਪਾਰ ਮਾਰੂ ਰਹੀਆਂ ਹਨ। 8 ਨਵੰਬਰ 2016 ਨੂੰ ਮੋਦੀ ਸਰਕਾਰ ਨੇ ਪਹਿਲਾਂ ਨੋਟਬੰਦੀ ਦਾ ਤਾਨਾਸ਼ਾਹੀ ਫਰਮਾਨ ਜਾਰੀ ਕਰ ਦਿੱਤਾ ਅਤੇ ਉਸ ਤੋਂ ਬਾਅਦ ਬਿਨਾ ਤਿਆਰੀ ਦੇ ਅਤੇ ਬਿਨਾ ਸੋਚੇ ਸਮਝੇ ਜੀ. ਐੱਸ. ਟੀ. ਲਾਗੂ ਕਰਕੇ ਪੂਰੀ ਅਰਥ ਵਿਵਸਥਾ ਵਿਚ ਉਥਲ-ਪੁਥਲ ਮਚਾ ਦਿੱਤੀ ਹੈ। ਡਾ. ਮਨਮੋਹਨ ਸਿੰਘ ਅਤੇ ਰਾਹੁਲ ਗਾਂਧੀ ਦਾ ਜੀ. ਐੱਸ. ਟੀ. ਫਾਰਮੂਲਾ ਵਨ ਨੇਸ਼ਨ ਵਨ ਟੈਕਸ ਦਾ ਸੀ ਅਤੇ ਇਸ ਵਿਚ 18 ਫੀਸਦੀ ਟੈਕਸ ਕੈਪ ਦੀ ਵਿਵਸਥਾ ਰੱਖੀ ਗਈ ਸੀ ਜਿਸ ਦੇ ਉਲਟ ਮੋਦੀ ਸਰਕਾਰ ਨੇ ਜ਼ਿਆਦਾਤਰ 12 ਤੋਂ ਲੈ ਕੇ 28 ਫੀਸਦੀ ਦੀ ਹਾਈ ਸਲੈਬ ਲਗਾ ਕੇ ਪੂਰਾ ਫਾਰਮੈਟ ਹੀ ਬਦਲ ਦਿੱਤਾ।
ਜਾਖੜ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਜੀ. ਐੱਸ. ਟੀ. ਤੋਂ 90 ਹਜ਼ਾਰ ਕਰੋੜ ਤਾਂ ਕਮਾ ਲਏ ਹਨ ਪਰ ਸਮਾਜਿਕ ਫਰਜ਼ ਨੂੰ ਅੱਖੋਂ ਪਰੋਖੇ ਕਰ ਕੇ ਅੰਬਾਨੀ, ਅਡਾਨੀ ਸਮੇਤ ਦੇਸ਼ ਦੇ ਵੱਡੇ ਕਾਰਪੋਰੇਟ ਘਰਾਣਿਆਂ ਨੂੰ ਖੁਸ਼ ਕਰ ਦਿੱਤਾ ਪਰ ਛੋਟੇ ਕਾਰੋਬਾਰੀਆਂ ਦੇ ਹਿੱਤਾਂ ਨੂੰ ਸਿਰਿਓਂ ਨਜ਼ਰਅੰਦਾਜ਼ ਕਰ ਦਿੱਤਾ, ਜਿਸ ਨਲ ਦੇਸ਼ ਦੀ ਜਾਬ ਵਰਕ 'ਤੇ ਨਿਰਭਰ ਟੈਕਸਟਾਈਲ ਇੰਡਸਟਰੀ, ਸਾਈਕਲ ਪਾਰਟਸ, ਆਟੋ ਪਾਰਟਸ ਅਤੇ ਹੋਰ ਇੰਡਸਟਰੀ ਦੀ ਹੋਂਦ ਨੂੰ ਦਾਅ 'ਤੇ ਲਗਾ ਦਿੱਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਟਿੱਪਣੀ ਕਰਦੇ ਹੋਏ ਜਾਖੜ ਨੇ ਕਿਹਾ ਕਿ ਮੋਦੀ ਆਪਣੇ -ਆਪ ਨੂੰ ਦੇਸ਼ ਦਾ ਸਭ ਤੋਂ ਵੱਡਾ ਅਰਥਸ਼ਾਸਤਰੀ ਮੰਨਦੇ ਹਨ ਜਿਸ ਕਾਰਨ ਨੋਟਬੰਦੀ ਲਾਗੂ ਕਰਦੇ ਸਮੇਂ ਵਿੱਤ ਮੰਤਰੀ ਜੇਤਲੀ ਸਮੇਤ ਕਿਸੇ ਅਰਥਸ਼ਾਸਤਰੀ ਤੋਂ ਰਾਏ ਨਹੀਂ ਲਈ ਗਈ ਅਤੇ ਉਸ ਫੈਸਲੇ ਦਾ ਖਮਿਆਜ਼ਾ ਦੇਸ਼ ਦੀ ਜਨਤਾ ਨੂੰ ਭੁਗਤਣਾ ਪਿਆ। ਜਾਖੜ ਨੇ ਕਿਹਾ ਕਿ ਡਾ. ਮਨਮੋਹਨ ਦੀ ਸਰਕਾਰ ਸਮੇਂ ਜਦੋਂ ਕਰੂਡ ਆਇਲ 104 ਡਾਲਰ ਪ੍ਰਤੀ ਬੈਰਲ ਸੀ, ਉਦੋਂ ਡੀਜ਼ਲ 41 ਰੁਪਏ ਵਿਚ ਮਿਲ ਰਿਹਾ ਸੀ ਅਤੇ ਹੁਣ ਮੋਦੀ ਸਰਕਾਰ ਦੇ ਸਮੇਂ ਕਰੂਡ ਆਇਲ 67 ਡਾਲਰ ਪ੍ਰਤੀ ਬੈਰਲ ਹੋਣ 'ਤੇ ਡੀਜ਼ਲ 70 ਰੁਪਏ ਮਿਲ ਰਿਹਾ ਹੈ। ਮਨਮੋਹਨ ਸਰਕਾਰ ਨੇ ਸਮਾਜਿਕ ਫਰਜ਼ ਨਿਭਾਉਂਦੇ ਹੋਏ 5 ਲੱਖ ਕਰੋੜ ਦਾ ਭਾਰ ਸਹਿਣ ਦੇ ਬਾਵਜੂਦ ਤੇਲ ਦੇ ਰੇਟ ਨਹੀਂ ਵਧਾਏ ਜਦੋਂਕਿ ਮੋਦੀ ਸਰਕਾਰ ਨੇ ਤੇਲ ਰਾਹੀਂ 4 ਸਾਲਾਂ ਵਿਚ 12 ਲੱਖ ਕਰੋੜ ਦਾ ਮੁਨਾਫਾ ਕਮਾ ਕੇ ਜਨਤਾ 'ਤੇ ਭਾਰ ਪਾ ਦਿੱਤਾ। ਉਨ੍ਹਾਂ ਕਿਹਾ ਕਿ ਜੀ. ਐੱਸ. ਟੀ. ਵਿਚ ਉੱਚੇ ਟੈਕਸ ਲਗਾ ਕੇ ਮੋਦੀ ਸਰਕਾਰ ਨੇ ਅਣਐਲਾਨੀ ਐਮਰਜੈਂਸੀ ਲਗਾ ਦਿੱਤੀ ਹੈ। ਮੋਦੀ ਦਾ ਭਾਜਪਾ ਵਿਚ ਇੰਨਾ ਡਰ ਹੈ ਕਿ ਪਾਰਟੀ ਦੇ ਕੱਦਾਵਰ ਨੇਤਾ ਅਡਵਾਨੀ ਚੁੱਪ ਹਨ ਅਤੇ ਪਾਰਟੀ ਤੋਂ ਬਾਹਰ ਜਾਣ 'ਤੇ ਯਸ਼ਵੰਤ ਸਿਨਹਾ ਵਰਗੇ ਦਿੱਗਜ਼ ਆਗੂ ਮੋਦੀ ਦੀ ਖਿਲਾਫਤ ਕਰ ਸਕੇ ਹਨ। ਜਾਖੜ ਨੇ ਕਾਰੋਬਾਰੀਆਂ ਵੱਲੋਂ ਪੰਜਾਬ ਵਿਚ ਈ-ਵੇ ਬਿੱਲ ਦੀ ਹੱਦ 50 ਹਜ਼ਾਰ ਤੋਂ ਵਧਾ ਕੇ 1 ਲੱਖ ਕਰਨ ਅਤੇ ਸ਼ਹਿਰ ਦੀ ਹਦੂਦ ਵਿਚ ਈ-ਵੇ ਬਿੱਲ ਤੋਂ ਛੋਟ ਦਿਵਾਉਣ ਦੀ ਮੰਗ 'ਤੇ ਕਿਹਾ ਕਿ ਦੇਸ਼ ਦੇ ਕਈ ਰਾਜ ਅਜਿਹੇ ਹਨ, ਜਿੱਥੇ ਕੇਂਦਰ ਸਰਕਾਰ ਦੀ ਸਹਿਮਤੀ ਨਾਲ ਅਜਿਹੇ ਫੈਸਲੇ ਲਾਗੂ ਹੋਏ ਹਨ, ਉਹ ਪੰਜਾਬ ਸਰਕਾਰ ਵੱਲੋਂ ਇਹ ਕੇਸ ਕੇਂਦਰ ਸਰਕਾਰ ਦੇ ਸਾਹਮਣੇ ਰੱਖ ਕੇ ਜ਼ਰੂਰ ਹੱਲ ਕਰਵਾਉਣਗੇ। ਲੰਬੇ ਸਮੇਂ ਤੋਂ ਰੁਕੇ ਹੋਏ ਵੈਟ ਰੀਫੰਡ 'ਤੇ ਬੋਲਦੇ ਹੋਏ ਜਾਖੜ ਨੇ ਕਿਹਾ ਕਿ ਪੈਂਡਿੰਗ ਪਿਆ ਪੰਜਾਬ ਦਾ 650 ਕਰੋੜ ਦਾ ਵੈਟ ਰੀਫੰਡ ਜਲਦ ਜਾਰੀ ਕਰ ਦਿੱਤਾ ਜਾਵੇਗਾ।
ਨਸ਼ਾ ਅਕਾਲੀ-ਭਾਜਪਾ ਦੀ ਦੇਣ, ਕੈਪਟਨ ਸਰਕਾਰ ਲੱਗੀ ਖਾਤਮਾ ਕਰਨ 'ਚ
ਲੁਧਿਆਣਾ ਦੌਰੇ 'ਤੇ ਆਏ ਪੰਜਾਬ ਕਾਂਗਰਸ ਪ੍ਰਧਾਨ ਅਤੇ ਐੱਮ. ਪੀ. ਸੁਨੀਲ ਜਾਖੜ ਨੇ ਸਰਕਟ ਹਾਊਸ ਵਿਚ ਹੋਏ ਪੱਤਰਕਾਰ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਪੰਜਾਬ ਵਿਚ ਨਸ਼ਾ ਅਕਾਲੀ-ਭਾਜਪਾ ਦੀ ਦੇਣ ਹੈ ਕਿਉਂਕਿ ਇਸ ਗੱਠਜੋੜ ਦੇ 10 ਸਾਲ ਦੇ ਕਾਰਜਕਾਲ ਵਿਚ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੀ ਬਜਾਏ ਨਸ਼ਿਆਂ ਦੀ ਦਲਦਲ ਵਿਚ ਧੱਕ ਦਿੱਤਾ ਗਿਆ ਅਤੇ ਹੁਣ ਕਾਂਗਰਸ ਦੇ ਸੱਤਾ ਵਿਚ ਆਉਂਦੇ ਹੀ ਕੈਪਟਨ ਸਰਕਾਰ ਡਰੱਗ ਮਾਫੀਆ 'ਤੇ ਨਕੇਲ ਪਾ ਕੇ ਨਸ਼ੇ ਦਾ ਖਾਤਮਾ ਕਰਨ ਵਿਚ ਤੇਜ਼ੀ ਨਾਲ ਜੁਟੀ ਹੈ। ਵਿਰੋਧੀ ਦਲਾਂ ਵੱਲੋਂ ਕਾਂਗਰਸ ਸਰਕਾਰ ਖਿਲਾਫ ਨਸ਼ਿਆਂ 'ਤੇ ਕਾਬੂ ਨਾ ਕੀਤੇ ਜਾ ਰਹੇ ਕੂੜ ਪ੍ਰਚਾਰ ਦਾ ਜਵਾਬ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਅਕਾਲੀ ਸਰਕਾਰ ਸਮੇਂ ਵੇਚੇ ਗਏ ਹੈਰੋਇਨ, ਕੋਕੀਨ ਅਤੇ ਹੋਰ ਸਿੰਥੈਟਿਕ ਡਰੱਗਸ ਦੇ ਨਸ਼ੇ ਹੁਣ ਬਾਜ਼ਾਰ ਵਿਚ ਨਹੀਂ ਮਿਲ ਰਹੇ। ਹਾਲ ਹੀ ਵਿਚ ਓਵਰਡੋਜ਼ ਅਤੇ ਹੋਰ ਕਿਸਮ ਦੇ ਨਸ਼ਿਆਂ ਕਾਰਨ ਹੋ ਰਹੀਆਂ ਮੌਤਾਂ ਨੂੰ ਲੈ ਕੇ ਪੁੱਛੇ ਗਏ ਸਵਾਲ 'ਤੇ ਜਾਖੜ ਨੇ ਕਿਹਾ ਕਿ ਕੈਪਟਨ ਸਰਕਾਰ ਨੇ ਨਵੀਂ ਤਰ੍ਹਾਂ ਦੇ ਘਟੀਆ ਨਸ਼ਿਆਂ ਦੀ ਸਪਲਾਈ ਚੇਨ ਤੋੜਨ ਲਈ ਮੁਹਿੰਮ ਤੇਜ਼ ਕਰ ਦਿੱਤੀ ਹੈ ਅਤੇ ਇਸ 'ਤੇ ਵੀ ਜਲਦ ਕਾਬੂ ਪਾ ਲਿਆ ਜਾਵੇਗਾ। ਪਿਛਲੀ ਅਕਾਲੀ-ਭਾਜਪਾ ਸਰਕਾਰ 'ਤੇ ਪੰਜਾਬ ਨਾਲ ਧੋਖਾ ਕਰਨ ਦਾ ਖੁਲਾਸਾ ਕਰਦੇ ਹੋਏ ਸੁਨੀਲ ਜਾਖੜ ਨੇ ਕਿਹਾ ਕਿ ਕੈਪਟਨ ਸਰਕਾਰ ਦੇ ਸੱਤਾ ਵਿਚ ਆਉਣ ਤੋਂ ਪਹਿਲਾਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇਕ ਸਾਜ਼ਿਸ਼ ਤਹਿਤ ਪੰਜਾਬ ਦਾ 31 ਹਜ਼ਾਰ ਕਰੋੜ ਮੋਦੀ ਸਰਕਾਰ ਨੂੰ ਭੇਜ ਦਿੱਤਾ, ਜਿਸ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੇਂਦਰ ਸਰਕਾਰ ਤੋਂ ਇਹ ਪੈਸਾ ਵਾਪਸ ਲਿਆਉਣ ਲਈ ਪੁਰਜ਼ੋਰ ਯਤਨ ਕਰ ਰਹੇ ਹਨ। ਇਸ ਪੈਸੇ ਨਾਲ ਪੰਜਾਬ ਦੇ ਕਿਸਾਨਾਂ ਨੂੰ ਕਰਜ਼ਾ ਮੁਆਫੀ ਤੋਂ ਰਾਹਤ ਮਿਲੇਗੀ। ਉਨ੍ਹਾਂ ਕਿਹਾ ਕਿ ਕਿਸਾਨਾਂ ਦਾ ਕਰਜ਼ਾ ਮੁਆਫ ਕਰਨ ਲਈ ਪੰਜਾਬ ਸਰਕਾਰ ਦੀ ਵਿੱਤੀ ਹਾਲਤ ਕਮਜ਼ੋਰ ਹੋਣ ਦੇ ਬਾਵਜੂਦ ਸਰਕਾਰ ਨੇ ਕਰੋੜਾਂ ਰੁਪਏ ਦੇ ਕਰਜ਼ੇ ਮੁਆਫ ਕੀਤੇ ਹਨ।
ਇਸ ਮੌਕੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ, ਵਿਧਾਇਕ ਸੁਰਿੰਦਰ ਡਾਵਰ, ਮੇਅਰ ਬਲਕਾਰ ਸੰਧੂ, ਜ਼ਿਲਾ ਕਾਂਗਰਸ ਪ੍ਰਧਾਨ ਗੁਰਪ੍ਰੀਤ ਗੋਗੀ, ਦਿਹਾਤੀ ਪ੍ਰਧਾਨ ਗੁਰਦੇਵ ਲਾਪਰਾਂ, ਸਾਬਕਾ ਮੰਤਰੀ ਮਲਕੀਤ ਦਾਖਾ, ਪ੍ਰਦੇਸ਼ ਜਨਰਲ ਸਕੱਤਰ ਕੇ. ਕੇ. ਬਾਵਾ, ਮੇਜਰ ਭੈਣੀ, ਲੁਧਿਆਣਾ ਯੁਵਾ ਕਾਂਗਰਸ ਪ੍ਰਧਾਨ ਰਾਜੀਵ ਰਾਜਾ, ਕੌਂਸਲਰ ਪਰਵਿੰਦਰ ਲਾਪਰਾਂ ਅਤੇ ਹੋਰ ਮੌਜੂਦ ਸਨ।


Related News