ਨਾਭਾ ਵਪਾਰ ਮੰਡਲ ਵਲੋਂ ਕਾਲੀਆਂ ਝੰਡੀਆਂ ਨਾਲ ਜੀ.ਐਸ.ਟੀ. ਦਾ ਵਿਰੋਧ

06/19/2017 4:44:27 PM

ਨਾਭਾ (ਜਗਨਾਰ, ਭੂਪਾ) : ਸੋਮਵਾਰ ਨੂੰ ਸਥਾਨਕ ਦੇਵੀ ਦਵਾਲਾ ਚੌਕ ਸਥਿਤ ਨਾਭਾ ਵਪਾਰ ਮੰਡਲ ਨੇ ਕੇਂਦਰ ਸਰਕਾਰ ਖਿਲਾਫ ਜੀ.ਐਸ.ਟੀ. ਨੂੰ ਲੈ ਕੇ ਕਾਲੀਆਂ ਝੰਡੀਆਂ ਨਾਲ ਰੋਸ਼ ਮੁਜ਼ਾਹਰਾ ਕੀਤਾ ਗਿਆ ਅਤੇ ਕੇਂਦਰ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਰੋਸ਼ ਮੁਜ਼ਾਹਰੇ ਨੂੰ ਸੰਬੋਧਨ ਕਰਦਿਆਂ ਵਪਾਰ ਮੰਡਲ ਦੇ ਪ੍ਰਧਾਨ ਸੋਮਨਾਥ ਢੱਲ, ਸੀਨੀਅਰ ਵਾਈਸ ਪ੍ਰਧਾਨ ਸਤਿੰਦਰ ਮਿੱਤਲ, ਜਨਰਲ ਸਕੱਤਰ ਸੁਭਾਸ਼ ਸਹਿਗਲ, ਅਮਰਦੀਪ ਸਿੰਘ ਖੰਨਾ, ਅਵਤਾਰ ਸਿੰਘ ਸ਼ੇਰਗਿੱਲ ਨੇ ਕੇਂਦਰ ਸਰਕਾਰ 'ਤੇ ਵਰਦਿਆਂ ਕਿਹਾ ਕਿ ਵਪਾਰੀ ਵਰਗ ਪਹਿਲਾਂ ਹੀ ਅਸਮਾਨ ਛੂੰਹਦੀ ਮਹਿੰਗਾਈ ਵਿਚ ਮੰਦੀ ਦੀ ਮਾਰ ਝੱਲ ਰਿਹਾ ਹੈ, ਦੇ ਬਾਵਜੂਦ ਕੇਂਦਰ ਸਰਕਾਰ ਨੇ ਤੁਗਲਕੀ ਫਰਮਾਨ ਜਾਰੀ ਕਰਦੇ ਹੋਏ ਬਿਨਾਂ ਸੋਧੇ ਜੀ.ਐਸ.ਟੀ. ਵਪਾਰੀਆਂ 'ਤੇ ਥੋਪ ਦਿੱਤਾ ਹੈ, ਜਿਸ ਨੂੰ ਲੈਕੇ ਵਪਾਰੀ ਵਰਗ ਵਿਚ ਰੋਸ਼ ਦੀ ਲਹਿਰ ਵੱਧਦੀ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਇਸ ਬਿੱਲ ਬਾਰੇ ਅਧਿਕਾਰੀਆਂ ਨੂੰ ਵੀ ਚੰਗੀ ਤਰ੍ਹਾਂ ਜਾਣਕਾਰੀ ਨਹੀਂ ਹੈ। ਸੁਭਾਸ਼ ਸਹਿਗਲ ਅਤੇ ਸਤਿੰਦਰ ਮਿੱਤਲ ਨੇ ਕਿਹਾ ਕਿ ਜੇਕਰ ਕੇਂਦਰ ਸਰਕਾਰ ਨੇ ਇਸ ਕਾਲੇ ਕਾਨੂੰਨ ਵਿਚ ਸੋਧ ਨਾ ਕੀਤੀ ਤਾਂ ਵਪਾਰੀ ਵਰਗ ਜੇਲ ਭਰੋ ਅੰਦੋਲਨ ਸ਼ੁਰੂ ਕਰਨ ਤੋਂ ਗੁਰੇਜ਼ ਨਹੀਂ ਕਰਨਗੇ, ਕਿਉਂਕਿ ਜੋ ਜੀ.ਐਸ.ਟੀ ਦੇ ਲੱਗਣ ਨਾਲ ਵਪਾਰੀ ਵਰਗ ਦਾ ਵਪਾਰ ਖਤਮ ਹੋ ਜਾਵੇਗਾ ਅਤੇ ਭ੍ਰਿਸ਼ਟਾਚਾਰ ਦੇਸ਼ ਵਿਚ ਪਹਿਲਾਂ ਹੀ ਭਾਰੂ ਹੈ, ਇਸ ਦੇ ਲਾਗੂ ਹੋਣ ਨਾਲ ਹੋਰ ਵਧੇਗਾ|ਵਪਾਰ ਮੰਡਲ ਨਾਭਾ ਨੇ ਸਮੁੱਚੇ ਵਪਾਰੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਵਪਾਰ ਅਦਾਰਿਆਂ ਦੇ ਬਾਹਰ ਕਾਲੀਆਂ ਝੰਡੀਆਂ ਲਗਾ ਕੇ ਰੋਸ ਪ੍ਰਦਰਸ਼ਨ ਜਾਰੀ ਰੱਖਣ ਤਾਂ ਜੋ ਕੇਂਦਰ ਸਰਕਾਰ ਇਸ ਜੀ.ਐਸ.ਟੀ. ਬਿੱਲ ਬਾਰੇ ਫਿਰ ਤੋਂ ਸੋਚਣ ਲਈ ਮਜਬੂਰ ਹੋ ਜਾਵੇਗਾ।


Related News