ਦਿਲ ਹੈ ਕਿ ਮਾਨਤਾ ਨਹੀਂ : ‘ਗਰਾਊਂਡ ਜ਼ੀਰੋ ਵਿਚ ਦਿਲ’
Monday, May 04, 2020 - 11:03 AM (IST)
ਸਥਾਨ-ਪ੍ਰਿਥਵੀ, 2020
ਸ਼ਿਵਦੀਪ
ਧੂੰਆਂ, ਲੋਹਾ ਜਾਂ ਕੰਕਰੀਟ। ਮਾਸਕ, ਲੋਹਾ ਰੋਕਣ ਲਈ ਜੈਕਟ ਜਾਂ ਲੋਹਾ ਸਾਂਭਣ ਲਈ ਇਕ ਛਾਤੀ, ਮੈਂ ਆਪਣੇ ਅਣਜੰਮੇ ਬੱਚੇ ਨੂੰ ਕੀ ਦੇ ਕੇ ਜਾਂਵਾਗਾ। ਮੈਨੂੰ ਹਾਲੇ ਵੀ ਇਹ ਸਭ ਕੁਝ ਇਕ ਫ਼ਿਲਮ ਵਾਂਗ ਲਗ ਰਿਹਾ। ਮੈਂ ਹੁਣ ਵੀ ਜਦੋਂ ਕਹਿੰਦਾ ਹਾਂ ਕਿ ਡਰਨ ਦੀ ਲੋੜ ਨਹੀਂ ਤਾਂ ਇਹ ਮੈਂ ਆਪਣੇ ਡਰ ਵਿਚੋਂ ਬੋਲ ਰਿਹਾ ਹੁੰਦਾ ਹਾਂ। ਕਿਸੇ ਤੋਂ ਨਹੀਂ, ਮੈਂ ਆਪਣੇ ਆਪ ਤੋਂ ਲੁਕਣ ਦੀ ਸਾਜਿਸ਼ ਵਿਚ ਸ਼ਾਮਲ ਹਾਂ। ਬਾਹਰਲਾ ਤਣਾਓ ਅਤੇ ਅੰਦਰ ਦੀ ਸੰਘਣੀ ਸ਼ਾਂਤੀ ਮੈਨੂੰ ਵਿਚਿਲਤ ਕਰ ਰਹੀ ਹੈ। ਵਾਰ-ਵਾਰ ਆਪਣੇ ਆਪ ਨੂੰ ਯਾਦ ਕਰਵਾਉਂਦਾ ਹਾਂ, ਵਾਰ-ਵਾਰ ਲਿਖਦਾ ਹਾਂ ਇਹ ਵਾਕ, ਇਹ ਸ਼ਬਦ ‘ਸੂਰਜ’, ਵਾਰ-ਵਾਰ ਕਹਿੰਦਾ ਹਾਂ ਕਿ ਸੂਰਜ ਡੁਬਣਾ ਮੈਨੂੰ ਚੰਗਾ ਲਗਣ ਲੱਗ ਪਿਆ ਹੈ, ਕਿਉਂਕਿ ਇਹ ਕੱਲ ਫਿਰ ਮੁੜ ਆਵੇਗਾ ਨਵੀਂ ਆਸ ਨਾਲ। ਵਾਰ-ਵਾਰ ਆਪਣੇ ਆਪ ਨੂੰ ਹੀ ਯਾਦ ਕਰਵਾਉਂਦਾ ਹਾਂ ਕਿ ਮੁਨੱਖ ਅਤੇ ਧਰਤੀ ਦੀ ਆਸ ਕਿਸੇ ਵੀ ਘਟਨਾ-ਦੁਰਘਟਨਾ ਤੋਂ ਗਿੱਠ ਕੁ ਉਚੀ ਹੀ ਰਹੀ ਹੈ।
ਇਹ ਚੰਗੇ ਦਿਨ ਮੈਨੂੰ ਚੰਗੇ ਕਿਉਂ ਨਹੀਂ ਲਗ ਰਹੇ। ਇਸ ਤਰਾਂ ਘਰੇ ਬੈਠ ਕੇ ਸਾਰਾ ਦਿਨ ਪੜ੍ਹਦੇ, ਲਿਖਦੇ ਰਹਿਣਾ, ਫਿਲਮਾਂ ਦੇਖਣਾ ਜਾਂ ਸਾਰਾ ਸਮਾਂ ਆਪਣੀ ਸਟੱਡੀ ਵਿਚ ਪਏ ਰਹਿਣਾ, ਇਹ ਸਭ ਲਈ ਮੇਰੀ ਵੱਡੀ ਲੜਾਈ ਰਹੀ ਹੈ। ਇਸ ਤਰਾਂ ਦੇ ਦਿਨ ਬਿਤਾਣਾ ਮੇਰੇ ਲਈ ਸਭ ਤੋਂ ਚੰਗੇ ਦਿਨ ਹਨ। ਜਿਸਦੇ ਲਈ ਮੈਂ ਹਰ ਦਿਨ ਜਿੱਦ ਕੀਤੀ ਹੈ, ਇਕ ਲਗਾਤਾਰ ਲੜਾਈ ਲੜੀ। ਨਿੱਕੇ ਜਿਹੇ ਘਰ ਵਿਚ ਮੇਰਾ ਇਕ ਅਗਿਆਤਵਾਸ ਹੈ, ਜਿਥੇ ਹੋਰ ਕੋਈ ਨਹੀਂ ਆਉਂਦਾ। ਮੈਂ ਘਰੋਂ ਬਾਹਰ ਨਹੀਂ ਜਾਵਾਂਗਾ, ਸਾਰਾ ਦਿਨ ਸਟੱਡੀ ਵਿਚ ਬੈਠਾਂਗਾ, ਅੱਜ ਮੈਂ ਲਿਖਣਾ ਹੈ, ਇਹ ਨਵੀਂ ਆਈ ਕਿਤਾਬ ਖ਼ਤਮ ਕਰਨੀ ਹੈ, ਪਲੀਜ਼ ਮੈਨੂੰ ਕੋਈ ਡਿਸਟਰਬ ਨਾ ਕਰੇ। ਪਲੀਜ਼ ਫੋਨ ਉਪਰ ਜੋ ਆਦਮੀ ਹੈ ਉਸਨੂੰ ਕਹੋ ਕਿ ਮੈਂ ਸੌਂ ਰਿਹਾ ਹਾਂ, ਉਸਨੂੰ ਕਹੋ ਮੈਂ ਘਰ ਨਹੀਂ। ਅੱਜ ਮੈਂ ਦਫਤਰ ਨਹੀਂ ਜਾ ਰਿਹਾ, ਅੱਜ ਮੈਂ ਦੋ-ਤਿੰਨ ਫਿਲਮਾਂ ਦੇਖਣੀਆਂ ਹਨ। ਕਮਾਲ ਹੈ ਹੁਣ ਮੇਰੇ ਕੋਲ ਇਹ ਸਭ ਕਰਨ ਲਈ ਦਿਨ ਹੈ, ਜਿਸਦੇ ਲਈ ਮੈਨੂੰ ਕੋਈ ਉਕਤ ਨਹੀਂ ਕਰਨੀ ਪੈ ਰਹੀ। ਇਕ ਇਕ ਕਰਕੇ ਨਿੱਕੀ ਵੱਡੀਆਂ ਥਾਂਵਾ ਬੰਦ ਹੋਣ ਦੀਆਂ ਖ਼ਬਰਾਂ, ਆਦਮੀ ਦੇਹ ਤਿਆਗ ਕੇ ਤੇਜ਼ੀ ਨਾਲ ਵਧਦੇ ਨੰਬਰਾਂ ਵਾਲੀ ਸੂਚੀ ਵਿਚ ਬਦਲ ਰਿਹਾ ਹੈ।
ਮੈਂ ਹੁਣੇ ਇਸ ਅਗਿਆਤਵਾਸ ਵਿਚੋਂ ਬਾਹਰ ਨਿਕਲਣਾ ਚਾਹੁੰਦਾ ਹਾਂ। ਜਿਵੇਂ-ਜਿਵੇਂ ਬਾਹਰ ਮਾਹੌਲ ਸੰਘਣਾ ਹੋ ਰਿਹਾ, ਮੈਂ ਆਪਣੇ ਅਗਿਆਤਵਾਸ ਵਿਚ ਬੇਚੈਨ ਹੋ ਰਿਹਾ ਹਾਂ। ਆਨੇ ਬਹਾਨੇ ਫੋਨ ਮਿਲਾਉਂਦਾ ਹਾਂ, ਇਧਰ ਉਧਰ ਦੀਆਂ ਗੱਲਾਂ ਕਰਕੇ ਰੱਖ ਦਿੰਨਾ ਹਾਂ। ਆਨੇ ਬਹਾਨੇ ਬਾਹਰ ਸੜਕ ਉਪਰ ਨਿਕਲਦਾ ਹਾਂ, ਜੇਬ ਵਿਚ ਫੋਨ ਖੜਕਨ ਲਗਦਾ ਹੈ। ਮੈਨੂੰ ਰਸੋਈ ਦਾ ਸਮਾਨ ਲਿਆਣ ਤੋਂ ਬਹੁਤ ਖਿਝ ਆਉਂਦੀ ਸੀ, ਅੱਜ ਸਵੇਰੇ ਉਹ ਵੀ ਲੈਣ ਚਲਾ ਗਿਆ, ਕਾਫ਼ੀ ਦੇਰ ਬੈਂਚ ਉਪਰ ਬੈਠ ਕੇ ਲੋਗਾਂ ਦੇ ਮੂੰਹ ਦੇਖਦਾ ਰਿਹਾ। ਕਿੰਨੇ ਸਮੇਂ ਬਾਅਦ ਵਿਚ ਲੋਕਾਂ ਦੇ ਮੂੰਹ ਵੱਲ ਇਸ ਤਰਾਂ ਦੇਖਿਆ ਹੈ। ਮੇਰਾ ਦਿਲ ਕਰਦਾ ਹੈ ਮੈਂ ਸਾਰਿਆਂ ਨੂੰ ਬਸ ਦੇਖਦਾ ਰਹਾਂ। ਜੇਬ ਵਿਚ ਫਿਰ ਫੋਨ ਖੜਕਦਾ ਹੈ, ਪਹਿਲਾਂ ਕਦੇ ਬਾਹਰ ਨਹੀਂ ਜਾਣਾ ਹੁੰਦਾ ਸੀ ਹੁਣ ਪਤਾ ਨਹੀਂ ਕਿਉਂ ਫਜ਼ੂਲ ਵਿਚ ਬਾਹਰ ਘੁੰਮ ਰਿਹਾ ਹਾਂ। ਕਿਉਂ ਉਲਟ ਚਲਦਾ ਹਾਂ ਮੈਂ। ਕੀ ਮਰਨ ਤੋਂ ਪਹਿਲਾਂ ਸਚਮੁੱਚ ਇਸ ਤਰਾਂ ਹੁੰਦਾ ਹੈ ਕਿ ਜ਼ਿੰਦਗੀ ਦੇ ਰਫਕੱਟ ਅੱਖਾਂ ਸਾਹਮਣਿਓਂ ਗੁਜ਼ਰਦੇ ਹਨ। ਇਕ ਕਵੀ ਜਿਹੜੇ ਕੱਟ ਨੂੰ ਕਵਿਤਾ ਵਿਚੋਂ ਵੀ ਬਾਹਰ ਰੱਖ ਦਿੰਦਾ ਹੈ, ਉਹ ਸਾਰੀ ਉਮਰ ਇਕ ਅਦ੍ਰਿਸ਼ ਸਕਰੀਨ ਉਪਰ ਉਸਦੇ ਨਾਲ ਨਾਲ ਚਲਦੇ ਹਨ, ਇਹ ਮੈਂ ਹੁਣੇ ਮਹਿਸੂਸ ਕੀਤਾ ਹੈ।
ਮੈਂ ਪਿਛਲੇ ਕਈ ਦਿਨਾਂ ਤੋਂ ਉਦਾਸ ਰਿਹਾ ਹਾਂ। ਅਲਹਿਦਗੀ ਬੜੇ ਦਿਨਾਂ ਦੀ ਸ਼ੁਰੂ ਹੋ ਚੁੱਕੀ ਹੈ। ਅੱਜ ਵੀ ਉਦਾਸ ਨੀਂਦ ਉਤਾਰੀ ਹੈ ਦੇਹ ਤੋਂ। ਉਠਦਿਆਂ ਨਜ਼ਰ ਪਰਦੇ ਵੱਲ ਜਾਂਦੀ ਹੈ ਜਿਸ ਤੋਂ ਨਿੱਕੀ ਨਿੱਕੀ ਧੁੱਪ ਅੰਦਰ ਆ ਰਹੀ ਹੈ। ਪਿਆ ਪਿਆ ਉਸਦੀ ਤਸਵੀਰ ਖਿਚਦਾ ਹਾਂ, ਸੋਚਾਂ ਵਿਚ ਗੁਆਚ ਜਾਂਦਾ ਹਾਂ। ਇਕਦਮ ਮੇਰੇ ਦੁਆਲੇ ਪਈਆਂ ਚੀਜਾਂ ਮੇਰੇ ਉਪਰ ਹਾਵੀ ਹੋਣ ਲਗਦੀਆਂ ਹਨ। ਬਿਸਤਰ ਤੋਂ ਉਸਰਦਾ ਹਾਂ ਸਾਰੇ ਘਰ ਨੂੰ ਧਿਆਨ ਨਾਲ ਦੇਖਦਾ ਹਾਂ। ਕਮਾਲ ਹੈ ਕਦੇ ਦੇਖਿਆ ਹੀ ਨਹੀਂ ਇਸ ਤਰਾਂ ਘਰ ਵੱਲ। ਮੈਂ ਹਰਿਕ ਚੀਜ਼ ਨੂੰ ਯੂਮ ਕਰਕੇ ਦੇਖਣ ਲਈ ਬੇਚੈਨ ਹੋ ਜਾਂਦਾ ਹਾਂ। ਕੈਮਰਾ ਚੁੱਕਦਾ ਹਾਂ, ਘਰ ਦੀਆਂ ਤਸਵੀਰਾਂ ਖਿੱਚਣ ਲੱਗ ਪੈਂਦਾ ਹਾਂ। ਅਲੱਗ ਅਲੱਗ ਹਿਸੇ ਨੂੰ ਅਲੱਗ ਅਲੱਗ ਨਾਮ ਦਿੰਦਾ ਹਾਂ। ਸੱਚ ਜਾਣਨਾ ਮੈਂ ਪਹਿਲੀ ਵਾਲ ਘਰ ਨੂੰ ਐਨੇ ਧਿਆਨ ਨਾਲ ਵੇਖਿਆ ਹੈ। ਕਿੰਨੀਆਂ ਨਿੱਕੀਆਂ ਚੀਜ਼ਾਂ ਜੋ ਬੰਦੇ ਦੇ ਨਾਲ ਹੀ ਸਾਹ ਲੈਂਦੀਆਂ ਹਨ। ਮੈਂ ਜ਼ਿੰਦਗੀ ਵਿਚ ਪਹਿਲੀ ਵਾਰ ਮਹਿਸੂਸ ਕੀਤਾ ਹੈ ਕਿ ਵਸਤੂ ਵੀ ਬੜੀ ਸਹਿਜਤਾ ਨਾਲ ਤੁਹਾਡੇ ਵਿਚ ਰਚ ਜਾਂਦੀ ਹੈ; ਐਨਾ ਕਿ ਆਪਣੇ ਹੋਣ ਦਾ ਅਹਿਸਾਸ ਹੀ ਖ਼ਤਮ ਕਰ ਦਿੰਦੀ ਹੈ। ਅੱਜ ਪਹਿਲੀ ਵਾਰ ਮੈਂ ਆਪਣੇ ਬਾਲਕਨੀ ਦੀ ਕੰਧ ਨਾਲ ਲੱਗ ਖੜਾ ਰਿਹਾ। ਮੈਨੂੰ ਨਹੀਂ ਯਾਦ ਕਿ ਮੈਂ ਉਸ ਵਕਤ ਕੁੱਝ ਸੋਚ ਵੀ ਰਿਹਾ ਸੀ ਜਾਂ ਨਹੀਂ। ਮੈਂਨੂੰ ਆਲੇ ਦੁਆਲੇ ਨਾਲ ਜੁੜਣਾ ਚੰਗਾ ਲਗ ਰਿਹਾ ਹੈ।
ਇਹ ਦੂਰ ਦੀ ਘਟਨਾ ਨਹੀਂ ਹੈ: ਮੇਰੇ ਮਨੁੱਖੀ ਸੁਭਾਅ ਦਾ ਪਹਿਲਾ ਪ੍ਰਤੀਕਰਮ ਸੀ ਇਹ ਵਾਇਰਸ ਦੂਰ ਦੀ ਘਟਨਾ ਹੈ। ਮੈਂ ਆਦਤਨ ਭੁੱਲ ਜਾਂਦਾ ਹਾਂ ਕਿ ਅਜੋਕੇ ਦੌਰ ਵਿਚ ਕੁਝ ਵੀ ਦੂਰ ਨਹੀਂ। ਮੌਤ ਤਾਂ ਬਿਲਕੁਲ ਨਹੀਂ। ਸ਼ਾਇਦ ਮਨੁੱਖ ਹਮੇਸ਼ਾ ਵਾਂਗ ਦੇਰ ਕਰ ਦਿੰਦਾ ਹੈ। 7-10 ਮਾਰਚ ਦੇ ਦਿਨ ਆਪਣੇ ਕੁਝ ਦੋਸਤਾਂ ਨਾਲ ਹਿਮਾਚਲ ਸਾਂ। ਉਥੋਂ ਵਾਪਸ ਆਕੇ ਇਸ ਵਾਇਰਸ ਦੀਆਂ ਦੀ ਖ਼ਬਰਾਂ ਵਧਣੀਆਂ ਸ਼ੁਰੂ ਹੋਈਆਂ, ਉਨ੍ਹਾਂ ਕ ਦਿਨਾਂ ਵਿਚ ਹੀ ਘਰ ਰਹਿਣਾ ਸ਼ੁਰੂ ਕਰ ਦਿੱਤਾ। ਬਾਅਦ ਵਿਚ ਪਤਾ ਲੱਗਾ ਇਸ ਘਰ ਰਹਿਣ ਨੂੰ ਕੁਆਰੰਟੀਨ ਕਹਿੰਦੇ ਹਨ। ਇਸ ਵਾਇਰਸ ਨਾਲ ਜੁੜੇ ਬਹੁਤੇ ਸ਼ਬਦ ਮੇਰੇ ਲਈ ਨਵੇਂ ਸਨ। ਸੋ ਇਹ ਨੇੜੇ ਕਿਤੇ ਦੀ ਘਟਨਾ ਨਾਲ ਮੈਂ ‘ਕੋਆਰੰਟੀਨ, ਹੋ ਗਿਆ। ਬਾਅਦ ਵਿਚ ਪਤਾ ਚਲਿਆ ਕਿ 31 ਦਸੰਬਰ, 1:38 ਮਿੰਟ ’ਤੇ ਹੀ ਚਾਈਨਾ ਸਰਕਾਰ ਦੀ ਵੈਬਸਾਈਟ ਉਪਰ ਘੋਸ਼ਣਾ ਕਰ ਦਿੱਤੀ ਗਈ ਸੀ ਕਿ ਇਕ ਅਣਜਾਣ ਵਾਇਰਸ ਦਾ ਹਮਲਾ ਹੋ ਰਿਹਾ ਹੈ। 1 ਜਨਵਰੀ ਨੂੰ ਵੂਹਾਨ ਦੀ ਸੀ ਫੂਡ ਮਾਰਕਿਟ ਬੰਦ ਕਰ ਦਿੱਤੀ ਗਈ ਸੀ। ਇਸ ਤੋਂ ਕਈ ਦਿਨ ਬਾਅਦ ਪਤਾ ਚਲਦਾ ਹੈ ਕਿ ਇਹ ਵਾਇਰਸ ਇਕ ਮਨੁੱਖ ਤੋਂ ਦੂਸਰੇ ਵਿਚ ਫੈਲਦਾ ਹੈ। ਫਿਰ ਚਲ ਸੋ ਚਲ ਜੋ ਅੱਜ ਵੀ ਜਾਰੀ ਹੈ। ਮੈਂ ਚਾਈਨਾ ਦੇ ‘ਵੁਹਾਨ’ ਸ਼ਹਿਰ ਨੂੰ ਨਹੀਂ ਜਾਣਦਾ ਸਾਂ, ਨਾ ਉਥੋਂ ਦੀ ਸੀ-ਫੂਡ ਮਾਰਕਿਟ ਨੂੰ। ਜਦੋਂ ਹੌਲੀ-ਹੌਲੀ ਇਹ ਖ਼ਬਰਾਂ ਵਧਣੀਆਂ ਸ਼ੁਰੂ ਹੋਈਆਂ ਮੈਂ ਤਾਂ ਵੀ ਇਸਨੂੰ ਦੂਰ ਦੀ ਘਟਨਾ ਮੰਨ ਰਿਹਾ ਸਾਂ। ਕਾਰਨ ਨਹੀਂ ਪਤਾ ਪਰ ਮੈਂ ਮੰਨਣਾ ਨਹੀਂ ਚਹੁੰਦਾ ਸਾਂ ਕਿ ਇਹ ਬਹੁਤ ਨੇੜੇ ਦੀ ਘਟਨਾ ਹੈ।
ਸ਼ਾਇਦ ਜਦੋਂ ਪ੍ਰਿਥਵੀ ਹਰਕਤ ਵਿਚ ਆਉਂਦੀ ਹੈ ਤਾਂ ਕੋਈ ਵੀ ਘਟਨਾ ਦੂਰ ਦੀ ਨਹੀਂ ਰਹਿੰਦੀ। ਇਹ ਇਸੇ ਪ੍ਰਿਥਵੀ ਉਪਰ ਫੈਲੀ ਇਕ ਮਹਾਂਮਾਰੀ ਹੈ। ਇਨ੍ਹਾਂ ਦਿਨਾਂ ਨੇ ਮਨੁੱਖ ਦੇ ਅੰਦਰ ਜੋ ਸੀ ਉਸਨੂੰ ਉਘਾੜ ਕੇ ਪੇਸ਼ ਕੀਤਾ ਹੈ। ਚੰਗੇ ਬੰਦੇ ਵੀ ਹਨ, ਜਿਨ੍ਹਾਂ ਕਰਕੇ ਵਿਸ਼ਵਾਸ ਅਜੇ ਬਣਿਆ ਹੋਇਆ ਹੈ ਪਰ ਬਹੁਤਿਆਂ ਦੇ ਅੰਦਰੋਂ ਇਹੀ ਸਭ ਜੋ ਪਹਿਲਾਂ ਇਸ ਪ੍ਰਿਥਵੀ ਅਤੇ ਮਨੁੱਖ ਦੇ ਖ਼ਿਲਾਫ਼ ਸੀ ਹੋਰ ਜਿਆਦਾ ਉਘੜ ਕੇ ਆਇਆ ਹੈ। ਇਸਦੇ ਬਾਰੇ ਬਹੁਤੀਆਂ ਗੱਲਾਂ ਕੀਤੀ ਜਾ ਚੁਕੀਆਂ ਹਨ। ਇਸ ਹੁਣ ਸਿਰਫ਼ ਸਾਡੇ ਮੁਲਕ ਦੀ ਗੱਲ ਨਹੀਂ ਰਹੀ। ਇਸ ਮਹਾਮਾਰੀ ਨੇ ਸਾਡੇ ਰਾਜਨੀਤਿਕ ਦੇ ਨਾਲ-ਨਾਲ ਸਮਾਜਿਕ ਤਾਣੇ ਬਾਣੇ ਵਿਚ ਵਸਿਆ ਅਣਮਨੁੱਖੀ ਵਿਚਾਰ ਅੰਡਰਲਾਈਨ ਕਰ ਦਿੱਤਾ ਹੈ। ਨਾਲ ਹੀ 21ਵੀਂ ਸਦੀ ਦੇ ਵਰਲਡ ਹੈਲਥ ਸਿਸਟਮ ਦੀ ਵੀ ਪੋਲ ਖੁੱਲ ਗਈ ਹੈ। ਠੀਕ ਹੈ ਕਿ ਕੋਈ ਵੀ ਮੁਲਕ ਅਜਿਹੀ ਘਟਨਾ ਲਈ ਤਿਆਰ ਨਹੀਂ ਸੀ ਪਰ ਜੋ ਬਾਅਦ ਵਿਚ ਹੋਇਆ ਉਹ ਇੰਨਾ ਗੈਰ-ਜਿੰਮੇਰਾਨਾ ਸੀ ਕਿ ਉਸਦਾ ਅੰਦਾਜਾ ਲਗਾਉਣਾ ਮੁਸ਼ਕਿਲ ਹੈ । ਮੈਨੂੰ ਲਗਦਾ ਹੈ ਕਿ ਹੁਣ ਮੰਨ ਲਿਆ ਜਾਣਾ ਚਾਹਿਦਾ ਹੈ ਕਿ ਲਾਕ-ਡਾਊਨ ਕਈ ਸਰਕਾਰਾਂ ਲਈ ਪਰਦਾ ਹੈ। ਜੇਕਰ ਅੱਜ ਵੀ ਮਾੱਬ ਲਿੰਚਇੰਗ, ਰੇਪ, ਭੁੱਖਮਰੀ ਅਤੇ ਸੁਵਿਧਾਵਾਂ ਦੀ ਘਾਟ ਕਾਰਨ ਲੋਕ ਮਰ ਰਹੇ ਹਨ ਤਾਂ ਸਾਨੂੰ ਆਪਣੀ ਸਮਾਜਿਕ, ਰਾਜਨੀਤਕ ਅਤੇ ਦਿਮਾਗੀ ਬਣਤਰ ਉਪਰ ਦੁਬਾਰਾ ਵਿਚਾਰ ਕਰਨਾ ਪਏਗਾ। ਇਕਵੀਂ ਸਦੀ ਮਸ਼ੀਨ ਦਾ ਵਿਕਾਸ ਹੋ ਸਕਦੀ ਹੈ, ਇਹ ਮਨੁੱਖ ਦਾ ਵਿਕਾਸ ਹਰਗਿਜ਼ ਨਹੀਂ।
ਮਨੁੱਖ ਘਟੀਆਂ ਤੋਂ ਹੋਰ ਘਟੀਆਂ ਹੋਈ ਜਾ ਰਿਹਾ ਹੈ। ਸਾਨੂੰ ਬਹੁਤ ਜਲਦੀ ਸਮਝ ਲੈਣਾ ਪਵੇਗਾ ਕਿ ਮਹਾਂਮਾਰੀ ਅਤੇ ਇਸ ਕਾਲ ਅੰਦਰ ਹੁੰਦੀ ਘਟਨਾਵਾਂ ਦੂਰ ਦੀਆਂ ਘਟਨਾਵਾਂ ਬਿਲਕੁਲ ਨਹੀਂ ਹਨ। ਇਹ ਮਹਾਂਮਾਰੀ ਦੌਰਾਨ ਵੀ ਜੇਕਰ ਅਸੀਂ ਆਪਣੇ ਅੰਦਰ ਨਿਗਾਹ ਨਹੀਂ ਮਾਰਾਂਗੇ ਤਾਂ ਮਨੁੱਖ ਇਸ ਮਹਾਂਮਾਰੀ ਤੋਂ ਬਾਅਦ ਹੋਰ ਜ਼ਿਆਦਾ ਨਿਘਾਰ ਵੱਲ ਜਾਵੇਗਾ। ਸਾਨੂੰ ਆਉਣ ਵਾਲੇ ਸਮੇਂ ਵਿਚ ਇਕ ਕੁਲੈਕਟਵ ਅਪਰੋਚ ਦੀ ਜ਼ਰੂਰਤ ਹੈ। ਅਸੀਸੀ ਦੇ ਸੰਗੀਤ, ਈਰਾਨ ਦੀ ਨਰਜ਼ਿਸ਼, ਆਇਰਲੈਂਡ ਦੇ ਹੈਂਡਰਿਕ ਅਤੇ ਹੋਰ ਲੋਗ ਜੋ ਲਗਾਤਾਰ ਵਧਧੇ ਹਪਏ ਆਂਕੜਿਆਂ ਨੂੰ ਮਹਿਜ਼ ਆਂਕੜਿਆਂ ਦੇ ਤੌਰ ਉਪਰ ਨਹੀਂ ਦੇਖ ਰਹੇ, ਨਾਲ ਸਾਡੀ ਸਾਂਝ ਕੀ ਹੈ ਇਹ ਬਹੁਤ ਧਿਆਨ ਨਾਲ ਦੇਖਣ ਦੀ ਲੋੜ ਹੈ। ਆਪਣੇ ਨਾਵਲ ‘ਪਲੇਗ’ ਵਿਚ ਕਾਮੂ ਇਕ ਥਾਂ ਲਿਖਦਾ ਹੈ ਕਿ, “ਬੁਰਾਈ ਬੰਦੇ ਦੀ ਅਗਿਆਨਤਾ ਵਿਚੋਂ ਨਿਕਲਦੀ ਹੈ ਅਤੇ ਚੰਗੇ ਇਰਾਦੇ ਵੀ ਉੰਨਾ ਹੀ ਨੁਕਸਾਨ ਕਰ ਸਕਦੇ ਹਨ, ਜੇਕਰ ਸਾਡੀ ਉਹਨਾਂ ਨਾਲ ਤਾਲਮੇਲ ਬਣਾਉਣ ਦੀ ਸਮਰੱਥਾ ਨਹੀਂ।”
ਸਿਰਫ਼ ਵਧਦੇ ਆਂਕੜੇ ਦੇਖਦਾ ਹਾਂ- ਮੈਂ ਇਨ੍ਹਾਂ ਦਿਨਾਂ ਵਿਚ ਬਹੁਤ ਵਾਰ ਕਿਹਾ ਹੈ ਕਿ ਇਕ ਕਵੀ ਲਈ ਇਹ ਮਰਦੇ ਹੋਏ ਲੋਕ ਸਿਰਫ਼ ਆਂਕੜਾ ਨਹੀਂ ਹਨ। ਕਵਿਤਾ ਮੈਨੂੰ ਅਜੇ ਵੀ ਰਾਹ ਦਿੰਦੀ ਹੈ, ਸਾਹ ਦਿੰਦੀ ਹੈ, ਜਿਊਣਾ ਦੀ ਆਸ ਪੈਦਾ ਕਰਦੀ ਹੈ। ਮੈਂ ਜਦੋਂ ਸੂਰਜ ਦੀ ਕਵਿਤਾ ਨਹੀਂ ਲਿਖਣ ਪਾਉਂਦਾ ਉਦੋਂ ਇਕ ਸ਼ਬਦ ਲਿਖਦਾ ਹਾਂ, ‘ਸੂਰਜ’। ਮੈਨੂੰ ਇਹ ਸ਼ਬਦ ਵੀ ਆਸ ਦਿੰਦਾ ਹੈ। ਫਿਰ ਵੀ ਹੁਣ ਮੈਂ ਆਂਕੜੇ ਦੇਖਦਾ ਹਾਂ, ਗਿਣਤੀ-ਮਿਣਤੀ ਕਰਦਾ ਹਾਂ ਅਤੇ ਬਾਕੀ ਮੁਲਕਾਂ ਮੁਕਾਬਲੇ ਵਿਚ ਘੱਟ ਆਂਕੜੇ ਰੱਖਦਾਂ ਹਾਂ। ਹੁਣ ਉਚੇਚ ਨਾਲ ਕੋਈ ਖ਼ਬਰ ਨਹੀਂ ਪੜਦਾ। ਪਹਿਲੇ ਕੁੱਝ ਦਿਨ ਖ਼ਬਰਾਂ ਉਪਰ ਨਜ਼ਰ ਰੱਖੀ, ਫਿਰ ਉਹ ਵੀ ਬੋਰ ਕਰਨ ਲੱਗੀਆਂ। 15-20 ਦਿਨ ਕੁਆਰੰਟੀਨ ਵਿਚ ਨਿਕਲਣ ਤੋਂ ਸਭ ਕੁੱਝ ਆਦਤਨ ਜਿਹਾ ਹੋ ਗਿਆ ਹੈ। ਮੇਰੇ ਅੰਦਰਲੇ ਕਿਸੇ ਬੰਦੇ ਨੇ ਇਸ ਸਮੇਂ ਨੂੰ ਕੁਦਰਤ ਦੇ ਮੋਢਿਆ ਉਪਰ ਰੱਖ ਦਿਤਾ ਹੈ। ਪਤਾ ਨਹੀਂ ਕਿਉਂ ਵਧਦੇ ਆਂਕੜੇ ਮੈਨੂੰ ਉੰਨੇ ਦੁਖਦਾਈ ਨਹੀਂ ਲਗ ਰਹੇ, ਜਿੰਨੇ ਮੇਰੇ ਦਿਲ ਨੂੰ ਲਗਦੇ ਹਨ। ਕੁੱਝ ਇਕ ਵਾਰ ਇਸ ਵਾਇਰਸ ਉਪਰ ਲਿਖਣ ਤੋਂ ਬਾਅਦ ਹੁਣ ਮਨ ਕਰਦਾ ਹੈ ਕਿ ਇਹ ਚੈਪਟਰ ਬੰਦ ਕਰ ਦਿਆਂ। ਹਰ ਰੋਜ਼ ਉਹੀ ਆਸ, ਉਹੀ ਸੂਰਜ ਅਤੇ ਉਹੀ ਮੈਂ ਆਪਣੀ ਆਪਣੀ ਹੋਂਦ ਬਚਾਉਣ ਲਈ ਲੜਦੇ ਹਾਂ।
ਦੁਬਾਰਾ ਲਿਖਦਾ ਹਾਂ ‘ਸੂਰਜ’। ਬਹੁਤੇ ਟੀ.ਵੀ ਚੈਨਲਾਂ ਅਤੇ ਝੰਡਾ ਬਰਦਾਰਾਂ ਨੇ ਹੁਣ ਇਸ ਬਿਮਾਰੀ ਨੂੰ ਕਮਰਸ਼ੀਅਲ ਬਣਾ ਲਿਆ ਹੈ ਜਿਸਦੇ ਬਾਰੇ ਹੁਣ ਲਿਖਣ ਨੂੰ ਦਿਲ ਨਹੀਂ ਕਰਦਾ। ਇਹ ਸਭ ਜਗ ਜ਼ਾਹਿਰ ਹੋ ਗਿਆ ਹੈ। ਹੁਣ ਮੈਂ ਇਸ ਗੱਲ ਵਿਚੋਂ ਵੀ ਬਾਹਰ ਨਿਕਲ ਗਿਆ ਹਾਂ ਕਿ ਇਸ ਕਿਸੇ ਦੀ ਸਾਜ਼ਿਸ਼ ਸੀ ਜਾਂ ਕੁਦਰਤ ਦਾ ਪ੍ਰਕੋਪ। ਦੋਹਾਂ ਤਰੀਕਿਆਂ ਨਾਲ ਆਦਮੀ ਆਦਮੀ ਦੇ ਖ਼ਿਲਾਫ਼ ਖੜ ਗਿਆ ਹੈ। ਮਰੀਜ਼ਾ ਦੀ ਗਣਨਾ, ਮੌਤਾਂ ਦੀ ਗਿਣਤੀ ਅਤੇ ਵਾਰਡਾਂ ਦੀ ਵੰਡ ਦੇ ਅਧਾਰ ਸਾਡੇ ਅੰਦਰਲੇ ਅਧਾਰ ਨੂੰ ਬੜਾ ਨਿਖ਼ਾਰ ਕੇ ਕਟਹਿਰੇ ਵਿਚ ਖ਼ੜਾ ਕਰ ਦਿਤਾ ਹੈ। ਸਿਵੇਆਂ ਦੇ ਰਾਹ ਬੰਦ, ਹਮਦਰਦੀ ਖ਼ਤਮ, ਸ਼ੱਕ, ਅਤੇ ਵਾਇਰਸ ਨੂੰ ਕਦੇ ਕਿਸੇ ਕਦੇ ਕਿਸੇ ਤਬਕੇ ਨਾਲ ਜੋੜੇ ਜਾਣਾ ਇਕ ਕੁੱਝ ਬਹੁਤ ਛੋਟੇ ਦਰਜੇ ਦੀਆਂ ਉਦਹਰਣਾ ਹਨ। ਦੁਨੀਆਂ ਦਾ ਚਹਿਰਾ ਮਾਸਕ ਪਿਛੇ ਵੀ ਨੰਗਾ ਹੋ ਰਿਹਾ ਹੈ। ਦੋ ਧੜਿਆਂ ਵਿਚ ਵੰਡੇ ਗਏ ਹਨ ਲੋਕ-ਮਾਸਕ ਵਾਲ ਅਤੇ ਬਿਨਾਂ ਮਾਸਕ ਵਾਲੇ, ਦੋਵੇਂ ਇਕ ਦੂਜੇ ਦੇ ਖ਼ਿਲਾਫ਼ ਹੋ ਗਏ ਹਨ। ਬਹੁਤੇ ਮੁਲਕ ਨੂੰ ਇਸ ਸਮੇਂ ਲੀਡਰਸ਼ਿਪ ਦੀ ਘਾਟ ਰੜਕ ਰਹੀ ਹੈ। ਇਸ ਸਮੇਂ ਵਿਚ ਵਾਇਰਸ ਗਰੀਬ ਲਈ ਭੁਖਮਰੀ ਹੈ, ਮਿਡਲ ਕਲਾਸ ਲਈ ਜੇਲ, ਕਾਰਪੋਰੇਟ ਘਰਾਣਿਆ ਲਈ ਮੌਕਾ ਬਣ ਗਈ ਹੈ। ਇਸ ਬੀਮਾਰੀ ਨੇ ਸਾਡੇ ਬਾਹਰੀ ਅਤੇ ਅੰਦਰੂਨੀ ਨੂੰ ਪ੍ਰਬੰਧ ਨੂੰ ਨੰਗਾ ਕਰ ਕੇ ਰੱਖ ਦਿਤਾ ਹੈ। ਇਹ ਸਾਰਾ ਮੁਲਕ, ਇਸਦਾ ਪ੍ਰਬੰਧ ਅਤੇ ਇਸ ਦੀਆਂ ਕਿਆਸਰਾਈਆਂ ਸਭ ਕੁਝ ਇਥੋਂ ਦੇ ਬਾਸ਼ਿੰਦਆਂ ਵਾਂਗ ਖੋਖ਼ਲਾ ਹੋ ਗਿਆ ਲਗਦਾ ਹੈ ਹੈ। ਮੈਨੂੰ ਮੌਬਲਿਚਿੰਗ ਦੀ ਘਟਨਾ ਬਹੁਤ ਨੇੜੇ ਲਗ ਰਹੀ ਹੈ, ਮੈਂ ਆਪਣੇ ਬੰਦ ਘਰ ਵਿਚ ਵੀ ਇਸਦਾ ਸ਼ਿਕਾਰ ਹੋ ਰਿਹਾ ਹਾਂ। ਇਸ ਜਿਸ ਭੀੜ ਤੋਂ ਮੈਂ ਡਰ ਰਿਹਾ ਹਾਂ ਕੌਣ ਸ਼ਾਮਿਲ ਹੈ ਇਸ ਭੀੜ ਵਿਚ।
ਮੈਨੂੰ ਇਹ ਕਹਿਣ ਵਿਚ ਵੀ ਕੋਈ ਝਿਜਕ ਨਹੀਂ ਕਿ ਡਰ ਗਿਆ ਹਾਂ, ਖਿੱਝ ਕੇ ਕਹਿੰਦਾ ਹਾਂ ਕਿ ‘ਚੰਗਾ ਜੇ ਮਰ ਜਾਂਦਾ ਡਾਰਵਿਨ ਦਾ ਬਾਂਦਰ’।
ਮਨੁੱਖ ਦੀ ਅੰਦਰਲੀ ਅਤੇ ਬਾਹਰੀ ਦੁਨੀਆਂ ਵਿਚ ਬਦਲਾਅ: ਮੈਂ ਪਹਿਲਾਂ ਵੀ ਕਿਹਾ ਹੈ ਕਿ ਜਿਹੜੀ ਦੌੜ ਇਸ ਮਹਾਮਾਰੀ ਨੂੰ ਇਕ ‘ਗ੍ਰੈਂਡ-ਈਵੈਂਟ’ ਵਿਚ ਬਦਲਣ ਦੀ ਮੈਂ ਆਪਣੇ ਮੁਲਕ ਵਿਚ ਦੇਖੀ ਹੈ ਹਾਲੇ ਤੱਕ ਕਿਤੇ ਹੋਰ ਨਹੀਂ ਦੇਖੀ। ਸਾਡੇ ਬਹੁਤੇ ਫੈਸਲੇ ਇਸ ਤਰਾਂ ਲਗਦੇ ਹਨ ਜਿਵੇਂ ਅਸੀਂ ਇਸ ‘ਕੋਰੋਨਾ-ਈਵੈਂਟ’ ਨੂੰ ਸੈਲੀਬ੍ਰੇਟ ਕਰਨ ਲਈ ਮਿਥੇ ਹਨ। ਇਹ ਸਾਡੇ ਅੰਦਰਲਾ ਮਦਾਰੀਪੁਣਾ ਹੈ, ਪਾਖ਼ੰਡ ਹੈ। ਮੈਨੂੰ ਲਗਦਾ ਸੀ ਕਿ ਇਸ ਸਖ਼ਤ ਸਮੇਂ ਦਰਮਿਆਨ ਅਸੀਂ ਅੰਤਰਿ ਸੰਵਾਦ ਰਾਂਹੀ ਅੰਦਰਲੇ ਮਹਾਂਮਾਨਵ ਤੱਕ ਪਹੁੰਚਾਗੇ ਪਰ ਉਲਟ ਹੋ ਰਿਹਾ ਹੈ, ਬ੍ਰਹਮਰਾਖ਼ਸ਼ ਵੱਡਾ ਹੋ ਰਿਹਾ ਹੈ। ਅਸੀਂ ਆਪਣੀ ਅੰਦਰਲੀ ਅੱਗ ਨੂੰ ਇਕ ਹੋਰ ਵਿਨਾਸ਼ਕਾਰੀ ਰਾਹ ਉਪਰ ਧਕੇਲ ਰਹੇ ਹਾਂ, ਜਿਸਦਾ ਖਮਿਆਜ਼ਾ ਆਣ ਵਾਲੀਆਂ ਨਸਲਾਂ ਉਨ੍ਹਾਂ ਅੰਦਰ ਬਣਦੀ ਜੁਗਤ ਰਾਂਹੀ ਭੁਗਤਿਆ ਜਾਏਗਾ। ਹਰਾਰੀ, ਅਰੁੰਧਤੀ ਅਤੇ ਹੋਰ ਕਈ ਚਿੰਤਕਾਂ ਦੇ ਆਰਟੀਕਲ ਪੜ ਲਏ ਹਨ। ਮੇਰੇ ਵੀ ਦਿਮਾਗ ਹੁਣ ਹੌਲੀ ਹੌਲੀ ਇਸ ਵਿਚਾਰ ਨੇ ਹਾਵੀ ਹੋਣਾ ਸ਼ੁਰੂ ਕਰ ਦਿਤਾ ਹੈ ਕਿ ਇਸ ਸਾਰੇ ਚੈਪਟਰ ਤੋਂ ਬਾਅਦ ਕੀ ਬਦਲਾਅ ਹੋਏਗਾ। ਪਰ ਇਨ੍ਹਾਂ ਦਿਨਾਂ ਦੀ ਘਟਨਾਵਾਂ ਤੋਂ ਸਮਾਜਿਕ ਅਤੇ ਮਾਨਸਿਕ ਤੌਰ ਉਪਰ ਕੋਈ ਪਾਜ਼ੀਟਵ ਬਦਲਾਅ ਹੋਵੇਗਾ ਇਹ ਮੰਨਣ ਨੂੰ ਦਿੱਲ ਨਹੀਂ ਮੰਨਦਾ। ਮੈਂ ਇਸ ਸ਼ੰਕਾ ਵਿਚ ਹਾਂ ਕਿ ਮਨੁੱਖ ਫਿਰ ਵਾਪਿਸ ਉਸੇ ਬੇਤਾਲੀ ਰਿਦਮ ਵਿਚ ਵਾਪਿਸ ਪਰਤ ਜਾਏਗਾ, ਜਿਥੋਂ ਇਹ ਉਖੜਿਆ ਸੀ। ਇਹ ਸਾਡੇ ਸਮਿਆਂ ਦੀ ਇਕ ਬਹੁਤ ਖ਼ਤਰਨਾਕ ਘਟਨਾ ਹੈ, ਬਾਹਰੀ ਵੀ ਅਤੇ ਜ਼ਿਹਨੀ ਵੀ।
ਇਸ ਦੁਨੀਆਂ ਵਿਚ ਪੈਰ ਰੱਖਣ ਨੂੰ ਦਿਲ ਨਹੀਂ ਕਰਦਾ ਪਰ ਫਿਰ ਵੀ ਦਿੱਲ ਬਾਹਰ ਜਾਣ ਨੂੰ ਬੇਚੈਨ ਹੋ ਜਾਂਦਾ ਹੈ।