ਜਲੰਧਰ ਦੇ ਬਸਤੀ ਗੁਜ਼ਾਂ 'ਚ ਹੋਏ ਕਰਿਆਨਾ ਸਟੋਰ ਮਾਲਕ ਦਾ ਮਰਡਰ ਕੇਸ ਟਰੇਸ, ਕਾਤਲ ਗ੍ਰਿਫ਼ਤਾਰ, ਹੋਏ ਵੱਡੇ ਖ਼ੁਲਾਸੇ

Wednesday, Jun 28, 2023 - 03:33 PM (IST)

ਜਲੰਧਰ ਦੇ ਬਸਤੀ ਗੁਜ਼ਾਂ 'ਚ ਹੋਏ ਕਰਿਆਨਾ ਸਟੋਰ ਮਾਲਕ ਦਾ ਮਰਡਰ ਕੇਸ ਟਰੇਸ, ਕਾਤਲ ਗ੍ਰਿਫ਼ਤਾਰ, ਹੋਏ ਵੱਡੇ ਖ਼ੁਲਾਸੇ

ਜਲੰਧਰ (ਜ. ਬ., ਮ੍ਰਿਦੁਲ)–ਬਸਤੀ ਗੁਜ਼ਾਂ ਦੇ ਲੰਮਾ ਬਾਜ਼ਾਰ ਵਿਚ ਸੋਮਵਾਰ ਸਵੇਰੇ ਨਸ਼ੇ ਲਈ ਕਰਿਆਨਾ ਦੁਕਾਨਦਾਰ ਪਰਮਜੀਤ ਅਰੋੜਾ (60) ਦੇ ਕੀਤੇ ਗਏ ਕਤਲ ਦੇ ਮਾਮਲੇ ਨੂੰ ਕਮਿਸ਼ਨਰੇਟ ਪੁਲਸ ਨੇ 17 ਘੰਟਿਆਂ ਵਿਚ ਟਰੇਸ ਕਰਕੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜਿਸ ਛੁਰੇ ਨਾਲ ਮੁਲਜ਼ਮ ਨੇ ਪਰਮਜੀਤ ਅਰੋੜਾ ਦਾ ਕਤਲ ਕੀਤਾ, ਉਹ ਉਸ ਦੀ ਗ੍ਰਿਫ਼ਤਾਰੀ ਦੇ ਸਮੇਂ ਵੀ ਡੱਬ ਵਿਚ ਲੱਗਾ ਹੋਇਆ ਸੀ। ਮੁਲਜ਼ਮ ਨੇ ਮੰਨਿਆ ਕਿ ਉਹ ਬਸਤੀ ਗੁਜ਼ਾਂ ਦਾ ਹੀ ਰਹਿਣ ਵਾਲਾ ਹੈ ਅਤੇ ਜੇਕਰ ਉਹ ਸਿਰਫ਼ ਪੈਸੇ ਲੁੱਟਦਾ ਤਾਂ ਦੁਕਾਨਦਾਰ ਉਸ ਨੂੰ ਪਛਾਣਦਾ ਸੀ, ਜਿਸ ਕਰਕੇ ਪੁਲਸ ਆਸਾਨੀ ਨਾਲ ਉਸ ਨੂੰ ਗ੍ਰਿਫ਼ਤਾਰ ਕਰ ਲੈਂਦੀ। ਆਪਣੀ ਪਛਾਣ ਲੁਕਾਉਣ ਲਈ ਉਸ ਨੇ ਦੁਕਾਨ ਵਿਚੋਂ ਪੈਸੇ ਲੁੱਟ ਕੇ ਪਰਮਜੀਤ ਅਰੋੜਾ ਦਾ ਕਤਲ ਕਰ ਦਿੱਤਾ। ਹਾਲਾਂਕਿ ਪੁਲਸ ਨੇ ਇਸ ਗੱਲ ਨੂੰ ਸਿਰੇ ਤੋਂ ਨਕਾਰਿਆ ਹੈ ਕਿ ਵਾਰਦਾਤ ਵਿਚ 3 ਲੋਕ ਸ਼ਾਮਲ ਸਨ। ਇਸੇ ਨਸ਼ੇੜੀ ਮੁਲਜ਼ਮ ਨੇ ਪਰਮਜੀਤ ਅਰੋੜਾ ਦਾ ਕਤਲ ਕੀਤਾ, ਜਦਕਿ ਵਾਇਰਲ ਹੋਈ ਸੀ. ਸੀ. ਟੀ. ਵੀ. ਫੁਟੇਜ ਵਿਚ ਜਿਹੜੇ 3 ਲੋਕ ਵਿਖਾਈ ਦੇ ਰਹੇ ਹਨ, ਉਹ ਸ਼ੱਕੀ ਸਨ।

ਜਾਣਕਾਰੀ ਦਿੰਦਿਆਂ ਡੀ. ਸੀ. ਪੀ. ਇਨਵੈਸਟੀਗੇਸ਼ਨ ਹਰਵਿੰਦਰ ਸਿੰਘ ਵਿਰਕ ਨੇ ਦੱਸਿਆ ਕਿ ਇਸ ਕਤਲ ਤੋਂ ਬਾਅਦ ਥਾਣਾ ਬਸਤੀ ਬਾਵਾ ਖੇਲ ਦੀ ਪੁਲਸ ਸਮੇਤ ਸੀ. ਆਈ. ਏ. ਸਟਾਫ਼ ਅਤੇ ਸਪੈਸ਼ਲ ਆਪ੍ਰੇਸ਼ਨ ਯੂਨਿਟ ਦੀਆਂ ਵੱਖ-ਵੱਖ ਟੀਮਾਂ ਹਰ ਬਿੰਦੂ ’ਤੇ ਇਨਵੈਸਟੀਗੇਸ਼ਨ ਕਰ ਰਹੀਆਂ ਸਨ। ਸੀ. ਆਈ. ਏ. ਸਟਾਫ਼ ਅਤੇ ਸਪੈਸ਼ਲ ਆਪ੍ਰੇਸ਼ਨ ਯੂਨਿਟ ਦੀ ਟੀਮ ਨੂੰ ਕੁਝ ਸੀ. ਸੀ. ਟੀ. ਵੀ. ਫੁਟੇਜ ਮਿਲੇ। ਇਸ ਤੋਂ ਬਾਅਦ ਟੀਮਾਂ ਨੇ ਮਨੁੱਖੀ ਵਸੀਲਿਆਂ ਤੋਂ ਸੀ. ਸੀ. ਟੀ. ਵੀ. ਫੁਟੇਜ ਵਿਚ ਵਿਖਾਈ ਦੇ ਰਹੇ ਮੁਲਜ਼ਮ ਦੀ ਪਛਾਣ ਕਰ ਲਈ।

ਇਹ ਵੀ ਪੜ੍ਹੋ- ਵੈਸ਼ਨੋ ਦੇਵੀ ਤੋਂ ਘਰ ਪਰਤ ਰਹੇ ਨੌਜਵਾਨ ਨਾਲ ਵਾਪਰੀ ਅਣਹੋਣੀ ਨੇ ਘਰ 'ਚ ਵਿਛਾਏ ਸੱਥਰ, ਮਿਲੀ ਰੂਹ ਕੰਬਾਊ ਮੌਤ

PunjabKesari

ਭੱਜਣ ਲਈ ਸੁੱਕੀ ਨਹਿਰ 'ਚ ਮਾਰੀ ਛਾਲ ਤਾਂ ਪੁਲਸ ਨੇ ਕੀਤਾ ਗ੍ਰਿਫ਼ਤਾਰ
ਪਤਾ ਲੱਗਾ ਹੈ ਕਿ ਕਤਲ ਕਰਨ ਵਾਲਾ 29 ਸਾਲਾ ਲਵਪ੍ਰੀਤ ਸਿੰਘ ਉਰਫ਼ ਪ੍ਰੀਤ ਪੁੱਤਰ ਸੁਖਦੇਵ ਸਿੰਘ ਨਿਵਾਸੀ ਨਜ਼ਦੀਕ ਸ਼ਿਵ ਮੰਦਿਰ, ਵੱਡਾ ਵਿਹੜਾ ਮੁਹੱਲਾ, ਬਸਤੀ ਗੁਜ਼ਾਂ ਦਾ ਰਹਿਣ ਵਾਲਾ ਹੈ। ਪੁਲਸ ਨੇ ਉਸ ਦੇ ਘਰ ਰੇਡ ਕੀਤੀ ਤਾਂ ਉਹ ਫ਼ਰਾਰ ਪਾਇਆ ਗਿਆ। ਪੁਲਸ ਨੂੰ ਪੱਕਾ ਹੋ ਗਿਆ ਕਿ ਇਹੀ ਮੁਲਜ਼ਮ ਹੈ। ਘਰੋਂ ਪਤਾ ਲੱਗਾ ਕਿ ਲਵਪ੍ਰੀਤ ਚਿੱਟੇ ਦਾ ਨਸ਼ਾ ਕਰਦਾ ਹੈ। ਉਹ 7 ਸਾਲਾਂ ਤੋਂ ਇਲਾਕੇ ਵਿਚ ਆਪਣੀ ਪਤਨੀ ਨਾਲ ਕਿਰਾਏ ’ਤੇ ਰਹਿ ਰਿਹਾ ਹੈ। ਪੁਲਸ ਨੂੰ ਸੋਮਵਾਰ ਰਾਤੀਂ 11.30 ਵਜੇ ਪਤਾ ਲੱਗਾ ਕਿ ਮੁਲਜ਼ਮ ਲਵਪ੍ਰੀਤ ਬਾਬਾ ਬੁੱਢਾ ਜੀ ਨਗਰ ਦੀ ਨਹਿਰ ਪੁਲੀ ਵੱਲ ਪੈਦਲ ਘੁੰਮ ਰਿਹਾ ਹੈ। ਪੁਲਸ ਨੇ ਤੁਰੰਤ ਉਥੇ ਟਰੈਪ ਲਾ ਲਿਆ। ਪੁਲਸ ਦਾ ਟਰੈਪ ਲੱਗਾ ਵੇਖ ਕੇ ਲਵਪ੍ਰੀਤ ਨੇ ਸੁੱਕੀ ਨਹਿਰ ਵਿਚ ਛਾਲ ਮਾਰ ਦਿੱਤੀ। ਇਸ ਦੌਰਾਨ ਉਹ ਜ਼ਖ਼ਮੀ ਵੀ ਹੋਇਆ, ਜਦਕਿ ਪੁਲਸ ਨੇ ਮੁਲਜ਼ਮ ਲਵਪ੍ਰੀਤ ਨੂੰ ਗ੍ਰਿਫ਼ਤਾਰ ਕਰ ਲਿਆ। ਮੁਲਜ਼ਮ ਦੀ ਤਲਾਸ਼ੀ ਲੈਣ ’ਤੇ ਉਸ ਦੀ ਡੱਬ ਵਿਚ ਲੱਗਾ ਛੁਰਾ ਵੀ ਮਿਲਿਆ।

ਮੁਲਜ਼ਮ ਨੇ ਮੰਨਿਆ ਕਿ ਉਸੇ ਨੇ ਨਸ਼ੇ ਦੀ ਪੂਰਤੀ ਲਈ ਦੁਕਾਨ ਵਿਚੋਂ ਪੈਸੇ ਲੁੱਟੇ ਸਨ ਅਤੇ ਆਪਣੀ ਪਛਾਣ ਲੁਕਾਈ ਰੱਖਣ ਲਈ ਪਰਮਜੀਤ ਅਰੋੜਾ ਦਾ ਇਸੇ ਛੁਰੇ ਨਾਲ ਕਤਲ ਕਰ ਦਿੱਤਾ। ਮੁਲਜ਼ਮ ਨੂੰ ਪੁਲਸ ਨੇ ਰਿਮਾਂਡ ’ਤੇ ਲਿਆ ਹੈ। ਪੁਲਸ ਅਧਿਕਾਰੀਆਂ ਦੀ ਮੰਨੀਏ ਤਾਂ ਇਸ ਵਾਰਦਾਤ ਵਿਚ ਇਕੱਲਾ ਲਵਪ੍ਰੀਤ ਹੀ ਸ਼ਾਮਲ ਸੀ। ਜਿਹੜੀ ਸੀ. ਸੀ. ਟੀ. ਵੀ. ਫੁਟੇਜ ਵਾਇਰਲ ਹੋਈ, ਉਸ ਵਿਚ ਸ਼ਾਮਲ ਤਿੰਨੋਂ ਵਿਅਕਤੀ ਸ਼ੱਕੀ ਸਨ ਅਤੇ ਲਵਪ੍ਰੀਤ ਵਾਲੀ ਫੁਟੇਜ ਵੱਖ ਹੈ।

ਇਹ ਵੀ ਪੜ੍ਹੋ- ਜਲੰਧਰ 'ਚ ਵੱਡੀ ਵਾਰਦਾਤ, ਬਸਤੀ ਗੁਜ਼ਾਂ 'ਚ ਕਰਿਆਨਾ ਸਟੋਰ ਮਾਲਕ ਦਾ ਚੜ੍ਹਦੀ ਸਵੇਰ ਕੀਤਾ ਕਤਲ

PunjabKesari

ਇੰਝ ਦਿੱਤਾ ਵਾਰਦਾਤ ਨੂੰ ਅੰਜਾਮ
ਡੀ. ਸੀ. ਵਿਰਕ ਨੇ ਕਿਹਾ ਕਿ ਮੁਲਜ਼ਮ ਕੋਲ ਨਸ਼ੇ ਲਈ ਪੈਸੇ ਨਹੀਂ ਸਨ। ਉਸ ਨੂੰ ਪਰਮਜੀਤ ਅਰੋੜਾ ਬਾਰੇ ਸਾਰੀ ਜਾਣਕਾਰੀ ਸੀ, ਜਿਸ ਕਾਰਨ ਉਸ ਨੇ ਪੈਸੇ ਲੁੱਟਣ ਅਤੇ ਕਤਲ ਦੀ ਯੋਜਨਾ ਬਣਾ ਲਈ। ਉਸ ਕੋਲੋਂ ਬਰਾਮਦ ਹੋਇਆ ਛੁਰਾ ਵੀ ਘਰਾਂ ਵਿਚ ਵਰਤੋਂ ਵਾਲਾ ਹੈ ਪਰ ਪੇਟ ਅਤੇ ਦਿਲ ’ਤੇ ਵਾਰ ਕਰਨ ਕਰਕੇ ਪਰਮਜੀਤ ਅਰੋੜਾ ਦੀ ਜਾਨ ਨਹੀਂ ਬਚ ਸਕੀ।

ਦੱਸਣਯੋਗ ਹੈ ਕਿ ਸੋਮਵਾਰ ਸਵੇਰੇ 6.30 ਵਜੇ ਲੰਮਾ ਬਾਜ਼ਾਰ ਬਸਤੀ ਗੁਜ਼ਾਂ ਵਿਚ ਘਰ ਦੇ ਬਾਹਰ ਕਰਿਆਨੇ ਦੀ ਦੁਕਾਨ ਚਲਾਉਂਦੇ ਪਰਮਜੀਤ ਅਰੋੜਾ ਦੀ ਚਾਕੂ ਮਾਰ-ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਕਾਤਲ ਦੁਕਾਨ ਵਿਚੋਂ 7 ਹਜ਼ਾਰ ਰੁਪਏ ਲੁੱਟ ਕੇ ਫ਼ਰਾਰ ਹੋ ਗਿਆ ਸੀ। ਸ਼ੁਰੂ ਤੋਂ ਹੀ ਇਹ ਸਾਫ਼ ਸੀ ਕਿ ਇਹ ਕਤਲ ਲੁੱਟ ਦੇ ਇਰਾਦੇ ਨਾਲ ਕੀਤਾ ਗਿਆ ਹੈ। ਪੁਲਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਨੇ ਇਸ ਮਾਮਲੇ ਨੂੰ ਟਰੇਸ ਕਰਨ ਲਈ ਤੁਰੰਤ ਵੱਖ-ਵੱਖ ਟੀਮਾਂ ਬਣਾ ਦਿੱਤੀਆਂ ਸਨ। ਪਰਮਜੀਤ ਅਰੋੜਾ ਆਪਣੀ ਪਤਨੀ ਅਤੇ ਧੀ ਦਾ ਇਕਲੌਤਾ ਸਹਾਰਾ ਸਨ। ਬੇਟੀ ਬੈਂਕ ਵਿਚ ਨੌਕਰੀ ਕਰਦੀ ਹੈ ਅਤੇ ਪਤਨੀ ਹਾਊਸ ਵਾਈਫ ਹੈ। 2001 ਵਿਚ ਪਰਮਜੀਤ ਅਰੋੜਾ ਦੇ ਇਕਲੌਤੇ ਬੇਟੇ ਦੀ ਕਰੰਟ ਲੱਗਣ ਨਾਲ ਮੌਤ ਹੋ ਗਈ ਸੀ। ਇਸ ਵਾਰਦਾਤ ਤੋਂ ਬਾਅਦ ਪਰਮਜੀਤ ਅਰੋੜਾ ਦੀ ਪਤਨੀ ਅਤੇ ਧੀ ਦਾ ਰੋ-ਰੋ ਕੇ ਬੁਰਾ ਹਾਲ ਸੀ।

ਮੁਲਜ਼ਮ ਨੂੰ ਪਤਾ ਸੀ ਪਰਮਜੀਤ ਅਰੋੜਾ ਸਵੇਰੇ ਜਲਦੀ ਖੋਲ੍ਹਦੇ ਹਨ ਦੁਕਾਨ, ਸੜਕਾਂ ਵੀ ਹੁੰਦੀਆਂ ਹਨ ਖਾਲੀ
ਡੀ. ਸੀ ਪੀ. ਇਨਵੈਸਟੀਗੇਸ਼ਨ ਹਰਵਿੰਦਰ ਸਿੰਘ ਵਿਰਕ ਨੇ ਦੱਸਿਆ ਕਿ ਮੁਲਜ਼ਮ ਨਸ਼ੇੜੀ ਤਾਂ ਹੈ ਪਰ ਚਲਾਕ ਵੀ ਹੈ। ਉਸ ਨੂੰ ਪਤਾ ਸੀ ਕਿ ਪਰਮਜੀਤ ਅਰੋੜਾ ਲੰਮਾ ਬਾਜ਼ਾਰ ਬਸਤੀ ਗੁਜ਼ਾਂ ਵਿਚ ਸਵੇਰ ਸਮੇਂ ਜਲਦੀ ਦੁਕਾਨ ਖੋਲ੍ਹ ਲੈਂਦੇ ਹਨ। ਉਸ ਸਮੇਂ ਗਾਹਕ ਵੀ ਕਾਫ਼ੀ ਘੱਟ ਆਉਂਦੇ ਹਨ ਅਤੇ ਸੜਕਾਂ ਵੀ ਖਾਲੀ ਹੁੰਦੀਆਂ ਹਨ। ਹਾਲਾਂਕਿ ਉਸ ਨੇ ਪਰਮਜੀਤ ਅਰੋੜਾ ਦੇ ਬਜ਼ੁਰਗ ਹੋਣ ਦਾ ਵੀ ਫਾਇਦਾ ਉਠਾਇਆ ਅਤੇ ਉਸ ਨੂੰ ਇਹ ਵੀ ਪਤਾ ਸੀ ਕਿ ਸਵੇਰੇ ਦੁਕਾਨ ਵਿਚ ਘਰ ਦਾ ਕੋਈ ਹੋਰ ਮੈਂਬਰ ਨਹੀਂ ਹੁੰਦਾ। ਅਜਿਹੇ ਵਿਚ ਉਸ ਨੇ ਲੁੱਟ ਦੇ ਇਰਾਦੇ ਨਾਲ ਪਰਮਜੀਤ ਅਰੋੜਾ ਦਾ ਕਤਲ ਕਰ ਦਿੱਤਾ। 

ਨਸ਼ੇੜੀ ਲਵਪ੍ਰੀਤ ਤੋਂ ਨਸ਼ੇ ਨੂੰ ਲੈ ਕੇ ਵੀ ਹੋਵੇਗੀ ਪੁੱਛਗਿੱਛ
ਪੁਲਸ ਅਧਿਕਾਰੀਆਂ ਨੇ ਕਿਹਾ ਕਿ ਮੁਲਜ਼ਮ ਨਸ਼ੇ ਦਾ ਆਦੀ ਹੈ। ਅਜਿਹੀ ਹਾਲਤ ਵਿਚ ਉਸ ਕੋਲੋਂ ਪੁੱਛਗਿੱਛ ਕੀਤੀ ਜਾਵੇਗੀ ਕਿ ਉਹ ਕਿਹੜੇ-ਕਿਹੜੇ ਲੋਕਾਂ ਕੋਲੋਂ ਨਸ਼ਾ ਖ਼ਰੀਦ ਕੇ ਲਿਆਉਂਦਾ ਸੀ। ਉਨ੍ਹਾਂ ਸਾਰਿਆਂ ਖ਼ਿਲਾਫ਼ ਪੁਲਸ ਕਾਨੂੰਨੀ ਕਾਰਵਾਈ ਕਰੇਗੀ, ਹਾਲਾਂਕਿ ਸੀ. ਪੀ. ਦੇ ਹੁਕਮਾਂ ਤੋਂ ਬਾਅਦ ਥਾਣਾ ਪੱਧਰ ’ਤੇ ਨਸ਼ੇ ਵੇਚਣ ਵਾਲਿਆਂ ’ਤੇ ਹੋਰ ਸ਼ਿਕੰਜਾ ਕੱਸਣ ਨੂੰ ਕਿਹਾ ਗਿਆ ਹੈ ਅਤੇ ਜ਼ੀਰੋ ਟਾਲਰੈਂਸ ਨੀਤੀ ਅਪਣਾ ਕੇ ਨਸ਼ਿਆਂ ਦਾ ਕੰਮ ਕਰਨ ਵਾਲਿਆਂ ਨੂੰ ਗ੍ਰਿਫ਼ਤਾਰ ਕਰਨ ਨੂੰ ਕਿਹਾ ਗਿਆ ਹੈ।

ਇਹ ਵੀ ਪੜ੍ਹੋ- ਦਸੂਹਾ 'ਚ ਵੱਡੀ ਵਾਰਦਾਤ, ਏ. ਸੀ. ਨੂੰ ਲੈ ਕੇ ਹੋਏ ਮਾਮੂਲੀ ਝਗੜੇ ਮਗਰੋਂ ਕਲਯੁਗੀ ਪੁੱਤ ਨੇ ਪਿਓ ਨੂੰ ਮਾਰੀ ਗੋਲ਼ੀ

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।

ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani


author

shivani attri

Content Editor

Related News