ਸਮੋਗ ਸਮੱਸਿਆ ਮਨੁੱਖੀ ਜੀਵਨ ਲਈ ਬੇਹੱਦ ਖਤਰਨਾਕ, ਸੜਕਾਂ ਤੇ ਰੇਲਵੇ ਸਟੇਸ਼ਨਾਂ ''ਤੇ ਯਾਤਰੀ ਹੋਏ ਪਰੇਸ਼ਾਨ
Wednesday, Nov 08, 2017 - 06:47 PM (IST)

ਕਪੂਰਥਲਾ (ਮਲਹੋਤਰਾ)— ਵਾਤਾਵਰਣ ਪ੍ਰਦੂਸ਼ਣ ਦੇ ਚਲਦੇ ਲੋਕਾਂ ਨੂੰ ਪ੍ਰਤੀ ਦਿਨ ਨਵੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ 'ਚੋਂ ਹੀ ਇਕ ਨਵੀਂ ਸਮੱਸਿਆ ਸਮੋਗ ਵੀ ਹੈ। ਗਰਮੀ ਤੋਂ ਦੁਖੀ ਲੋਕ ਹੁਣ ਸਰਦ ਰੁੱਤ ਦਾ ਆਨੰਦ ਲੈਣ ਦੀ ਥਾਂ 'ਤੇ ਸਮੋਗ ਦੀ ਦਹਿਸ਼ਤ ਨਾਲ ਪਰੇਸ਼ਾਨ ਹਨ। ਸਮੋਗ ਤੋਂ ਬਚਣ ਦੇ ਰਸਤੇ ਲੋਕਾਂ ਨੂੰ ਦੂਰ-ਦੂਰ ਤੱਕ ਨਜ਼ਰ ਨਹੀਂ ਆ ਰਹੇ। ਆਮ ਲੋਕਾਂ ਦੀ ਇਸ ਸਮੋਗ ਨੂੰ ਲੈ ਕੇ ਅਲੱਗ-ਅਲੱਗ ਰਾਏ ਹੈ।
ਸਟੇਸ਼ਨ 'ਤੇ ਕਰਾਸਿੰਗ ਸਮੇਂ ਯਾਤਰੀਆਂ ਨੂੰ ਕਰਨਾ ਪਿਆ ਬਹੁਤ ਮੁਸ਼ਕਿਲਾਂ ਦਾ ਸਾਹਮਣਾ
ਰੇਲਵੇ ਸਟੇਸ਼ਨ ਸੁਲਤਾਨਪੁਰ ਲੋਧੀ 'ਤੇ ਲੇਟ ਗੱਡੀਆਂ ਹੋਣ ਕਾਰਨ ਦੋ ਟਰੇਨਾਂ ਦੇ ਇਕੋ ਸਮੇਂ ਕਰਾਸਿੰਗ ਵੇਲੇ ਰੇਲਵੇ ਵੱਲੋਂ ਦੂਜੀ ਲਾਈਨ 'ਤੇ ਜਾਣ ਲਈ ਨਾ ਤਾਂ ਕੋਈ ਓਵਰਬ੍ਰਿਜ ਅਤੇ ਨਾ ਹੀ ਕੋਈ ਪਲੇਟਫਾਰਮ ਹੋਣ ਕਾਰਨ ਯਾਤਰੀਆਂ ਖਾਸ ਤੌਰ 'ਤੇ ਬਜ਼ੁਰਗ ਔਰਤਾਂ, ਬੱਚੇ ਤੇ ਅਪਾਹਿਜ ਯਾਤਰੀਆਂ ਨੂੰ ਰੇਲਵੇ ਲਾਈਨ 'ਚ ਖੜ੍ਹ ਕੇ ਜਾਨ ਹਥੇਲੀ 'ਤੇ ਰੱਖ ਕੇ ਚੜ੍ਹਨ ਸਮੇਂ ਬਹੁਤ ਮੁਸ਼ਕਿਲਾਂ ਪੇਸ਼ ਆਈਆਂ। ਯਾਤਰੀਆਂ ਦਾ ਕਹਿਣਾ ਸੀ ਕਿ ਰੇਲ ਵਿਭਾਗ ਨੂੰ ਘੱਟ ਤੋਂ ਘੱਟ ਓਵਰਬ੍ਰਿਜ ਜਾਂ ਪਲੇਟਫਾਰਮ ਜ਼ਰੂਰ ਦੂਸਰੀ ਲਾਈਨ 'ਤੇ ਬਣਾ ਦੇਣਾ ਚਾਹੀਦਾ ਹੈ।
ਰੇਲ ਸੇਵਾ ਹੋਈ ਪ੍ਰਭਾਵਿਤ ਗੱਡੀਆਂ ਕਈ ਘੰਟੇ ਲੇਟ ਚੱਲੀਆਂ
ਸਰਦੀ ਦੇ ਮੌਸਮ ਕਾਰਨ ਮੰਗਲਵਾਰ ਨੂੰ ਪਹਿਲੀ ਪਈ ਸਮੋਗ ਕਾਰਨ ਰੇਲ ਸੇਵਾ ਬਹੁਤ ਪ੍ਰਭਾਵਿਤ ਹੋਈ। ਮੇਲ ਅਤੇ ਪੈਸੰਜਰ ਟਰੇਨਾਂ ਆਪਣੇ ਨਿਰਧਾਰਿਤ ਸਮੇਂ ਤੋਂ ਕਾਫੀ ਦੇਰੀ ਨਾਲ ਚੱਲਣ ਕਾਰਨ ਜਿੱਥੇ ਯਾਤਰੀਆਂ ਨੂੰ ਕਈ-ਕਈ ਘੰਟੇ ਰੇਲਵੇ ਸਟੇਸ਼ਨ 'ਤੇ ਇੰਤਜ਼ਾਰ ਕਰਨਾ ਪਿਆ, ਉਥੇ ਹੀ ਸੁਲਤਾਨਪੁਰ ਲੋਧੀ ਤੋਂ ਕਪੂਰਥਲਾ-ਜਲੰਧਰ ਜਾਣ ਵਾਲੇ ਨੌਕਰੀ ਪੇਸ਼ਾ ਡੇਲੀ ਪੈਸੰਜਰ ਅਤੇ ਵਿਦਿਆਰਥੀਆਂ ਨੂੰ ਬਹੁਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਯਾਤਰੀਆਂ ਦਾ ਕਹਿਣਾ ਸੀ ਚਾਹੇ ਇਸ ਵਾਰ ਸਮੋਗ ਮੌਸਮ ਤੋਂ ਕੁਝ ਸਮਾਂ ਪਹਿਲਾਂ ਪੈਣੀ ਸ਼ੁਰੂ ਹੋ ਗਈ ਹੈ। ਉਥੇ ਰੇਲ ਵਿਭਾਗ ਨੂੰ ਇਸ ਦਾ ਪਹਿਲਾਂ ਇੰਤਜਾਮ ਕਰਨਾ ਚਾਹੀਦਾ ਹੈ। ਸੁਲਤਾਨਪੁਰ ਲੋਧੀ ਰੇਲਵੇ ਸਟੇਸ਼ਨ ਦੇ ਮੁੱਖ ਸੁਪਰਡੈਂਟ ਨਰੇਸ਼ ਬਹਿਲ ਨੇ ਦੱਸਿਆ ਕਿ ਸਮੋਗ ਕਾਰਨ ਰੇਲ ਵਿਭਾਗ ਵੱਲੋਂ ਰੇਲ ਗੱਡੀਆਂ ਦੀ ਸਪੀਡ ਲਿਮਟ ਕਰ ਦਿੱਤੀ ਜਾਂਦੀ ਹੈ, ਜਿਸ ਕਾਰਨ ਟਰੇਨਾਂ ਦੇਰੀ ਨਾਲ ਆ ਰਹੀਆਂ ਹਨ। ਉਨ੍ਹਾਂ ਰੇਲ ਗੱਡਆਂ ਦੇ ਲੇਟ ਸਬੰਧੀ ਵੇਰਵਾ ਦਿੰਦੇ ਦੱਸਿਆ।
ਪਵਿੱਤਰ ਨਗਰੀ ਨੂੰ ਸਮੋਗ ਦੀ ਸਫੈਦ ਚਾਦਰ ਨੇ ਲਪੇਟਿਆ
ਪਵਿੱਤਰ ਨਗਰੀ ਸੁਲਤਾਨਪੁਰ ਲੋਧੀ ਨੂੰ ਮੰਗਲਵਾਰ ਸਵੇਰ ਤੋਂ ਹੀ ਸਮੋਗ ਦੀ ਚਾਦਰ ਨੇ ਆਪਣੀ ਲਪੇਟ 'ਚ ਲਿਆ, ਜਿਸ ਕਾਰਨ ਜਿਥੇ ਸੜਕ ਆਵਾਜਾਈ ਤੇ ਰੇਲ ਸੇਵਾ ਪ੍ਰਭਾਵਤ ਹੋਈ, ਉਥੇ ਦੂਜੇ ਪਾਸੇ ਸਕੂਲ ਜਾਣ ਵਾਲੇ ਬੱਚਿਆਂ ਤੇ ਆਮ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। 'ਜਗ ਬਾਣੀ' ਟੀਮ ਵਲੋਂ ਜਦੋਂ ਸਵੇਰੇ ਮੁੱਖ ਹਾਈਵੇਅ ਮਾਰਗ 'ਤੇ ਇਸਦਾ ਰੁੱਖ ਕੀਤਾ ਤਾਂ ਦੇਖਿਆ ਸਮੋਗ ਕਾਰਨ ਵਾਹਨ ਹੈੱਡ ਲਾਈਟਾਂ ਜਗਾ ਕੇ ਕੀੜੀ ਦੀ ਰਫਤਾਰ ਨਾਲ ਹੌਲੀ-ਹੌਲੀ ਅੱਗੇ ਵੱਧ ਰਹੇ ਸਨ, ਕਿਉਂਕਿ ਸੜਕ ਦਾ ਕਿਨਾਰਾ ਵੀ ਦਿਖਾਈ ਨਹੀਂ ਦੇ ਰਿਹਾ ਸੀ। ਸਮੋਗ ਕਾਰਨ ਰੇਲ ਗੱਡੀਆਂ ਦੇ ਨਾਲ-ਨਾਲ ਬੱਸ ਸੇਵਾ ਵੀ ਪ੍ਰਭਾਵਿਤ ਹੋਈ ਤੇ ਯਾਤਰੀ ਆਪਣੇ ਟਿਕਾਣਿਆਂ 'ਤੇ ਨਿਸ਼ਚਿਤ ਸਮੇਂ ਤੋਂ ਦੇਰੀ ਨਾਲ ਪੁੱਜੇ।
ਸੜਕਾਂ 'ਤੇ ਹੌਲੀ-ਹੌਲੀ ਚਲਦੇ ਨਜ਼ਰ ਆਏ ਵਾਹਨ
ਮੁੱਖ ਅਤੇ ਲਿੰਕ ਸੜਕਾਂ 'ਤੇ ਮੰਗਲਵਾਰ ਵਾਹਨ ਲਾਈਟਾਂ ਜਗਾ ਕੇ ਹੌਲੀ-ਹੌਲੀ ਚਲਦੇ ਨਜ਼ਰ ਆਏ। ਦੋ-ਪਹੀਆ ਵਾਹਨਾਂ ਵਾਲਿਆਂ ਨੂੰ ਬਹੁਤ ਹੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ, ਖਾਸ ਤੌਰ 'ਤੇ ਪਿੰਡਾਂ ਤੋਂ ਆਉਣ ਵਾਲੇ ਸਕੂਲੀ ਬੱਚਿਆਂ ਨੂੰ, ਜੋ ਧੁੰਦ ਕਾਰਨ ਸਕੂਲ ਨਿਰਧਾਰਿਤ ਸਮੇਂ ਤੋਂ ਦੇਰੀ ਨਾਲ ਪੁੱਜੇ। ਸਮੋਗ ਕਾਰਨ ਬਿਨਾਂ ਰਿਫਲੈਕਟਰ ਤੋਂ ਚੱਲੀਆਂ ਟਰੈਕਟਰ-ਟਰਾਲੀਆਂ ਵਾਹਨਾਂ ਵਾਸਤੇ ਬਹੁਤ ਹੀ ਪ੍ਰੇਸ਼ਾਨੀ ਦਾ ਸਬੱਬ ਬਣੀਆਂ ਹੋਈਆਂ ਸਨ। ਇਸ ਤੋਂ ਇਲਾਵਾ ਸੜਕਾਂ ਦੇ ਵਿਚਕਾਰ ਬੈਠੇ ਬੇਸਹਾਰਾ ਪਸ਼ੂ ਵੀ ਦੁਰਘਟਨਾ ਦਾ ਕਾਰਨ ਬਣ ਰਹੇ ਸਨ।
ਪ੍ਰਦੂਸ਼ਣ ਤੇ ਫੋਗ ਦਾ ਮਿਸ਼ਰਣ ਸਮੋਗ ਨੂੰ ਪੈਦਾ ਕਰਦਾ ਹੈ। ਇਹ ਦੋ ਪ੍ਰਕਾਰ ਦਾ ਹੁੰਦਾ ਹੈ ਸੈਲਫ ਫਿਊਰਕ ਤੇ ਫੋਟੋ ਕੈਮੀਕਲ। ਸਮੋਗ ਨੂੰ ਨੀਥੋਲੋਮੀਟਰ ਨਾਲ ਮਾਪਿਆ ਜਾ ਸਕਦਾ ਹੈ। ਸਮੋਗ ਦੀ ਸਭ ਤੋਂ ਪਹਿਲਾਂ ਪਛਾਣ 1905 'ਚ ਪਬਲਿਕ ਹੈਲਥ ਕਾਂਗਰਸ ਦੀ ਇਕ ਮੀਟਿੰਗ 'ਚ ਡਾ. ਹੈਨਰੀ ਐਨਟੋਨੀ ਨੇ ਕੀਤੀ ਸੀ।
ਇਸ ਮੀਟਿੰਗ 'ਚ ਦੁਨੀਆ ਦੇ ਕਈ ਦੇਸ਼ਾਂ ਨੇ ਭਾਗ ਲਿਆ ਸੀ। ਸਮੋਗ ਦਾ ਸਭ ਤੋਂ ਪਹਿਲਾ ਅਟੈਕ ਅਮਰੀਕਾ ਦੇ ਲਾਸ ਏਂਜਲਸ 'ਚ ਹੋਇਆ ਸੀ। -ਅਕਲਾ ਐਜੂਕੇਸ਼ਨਿਸਟ
ਜ਼ਹਿਰੀਲੇ ਧੂੰਏਂ ਨਾਲ ਪੈਦਾ ਹੋਈ ਇਹ ਸਮੋਗ ਮਾਨਵ ਜੀਵਨ ਦੇ ਨਾਲ-ਨਾਲ ਉਨ੍ਹਾਂ ਦੀਆਂ ਅੱਖਾਂ ਲਈ ਬੇਹੱਦ ਹਾਨੀਕਾਰਕ ਹੈ। ਸਮੋਗ ਨਾਲ ਅੱਖਾਂ 'ਚ ਜਲਣ, ਨੱਕ 'ਚ ਪਾਣੀ ਆਉਣਾ ਆਦਿ ਦੀਆਂ ਸਮੱਸਿਆਵਾਂ ਹੁੰਦੀਆਂ ਹਨ। -ਡਾ. ਅਨੂੰ ਰਤਨ ਅੱਖਾਂ ਦੇ ਮਾਹਿਰ
ਸਮੋਗ ਇਕ ਬਹੁਤ ਹੀ ਖਤਰਨਾਕ ਹਵਾ ਪ੍ਰਦੂਸ਼ਣ ਹੈ। ਇਸਦੇ ਬਚਾਅ ਲਈ ਲੋਕਾਂ ਨੂੰ ਵਿਸ਼ੇਸ਼ ਕਰਕੇ ਬੱਚਿਆਂ ਨੂੰ ਸਵੇਰੇ-ਸ਼ਾਮ ਬਾਹਰ ਜਾਣਾ ਚਾਹੀਦਾ। ਸਮੋਗ 'ਚ ਕਦੇ ਵੀ ਖੁੱਲ੍ਹੇ 'ਚ ਕਸਰਤ ਨਹੀਂ ਕਰਨੀ ਚਾਹੀਦੀ।-ਮਨਿੰਦਰ ਕੌਰ
ਜ਼ਹਿਰੀਲੇ ਧੂੰਏਂ ਦਾ ਮਿਸ਼ਰਣ ਸਮੋਗ ਮਾਨਵ ਸਰੀਰ ਦੇ ਨਾਲ-ਨਾਲ ਚਿਹਰੇ ਲਈ ਬੇਹੱਦ ਖਤਰਨਾਕ ਹੈ। ਸਮੋਗ ਚਿਹਰੇ 'ਚ ਕਈ ਤਰ੍ਹਾਂ ਦੀਆਂ ਬੀਮਾਰੀਆਂ ਪੈਦਾ ਕਰਦਾ ਹੈ। ਸ਼ੁਰੂ 'ਚ ਖਾਰਿਸ਼ ਹੋਣ ਤੋਂ ਬਾਅਦ ਚਿਹਰਾ ਕਾਲੇ ਰੰਗ ਦਾ ਖਰਾਬ ਹੋ ਜਾਂਦਾ ਹੈ।-ਡਾ. ਅਨੂਪ ਮੇਘ ਐੱਸ. ਐੱਮ. ਓ.