ਗਰੀਨ ਐਨਰਜੀ ਦੇ ਖੇਤਰ ''ਚ ਸਭ ਤੋਂ ਅੱਗੇ ਹੋਵੇਗਾ ਭਾਰਤ''

Thursday, Jun 21, 2018 - 07:05 AM (IST)

ਜਲੰਧਰ (ਬਿਊਰੋ, ਚਾਵਲਾ) - ਦੇਸ਼ 'ਚ ਗਰੀਨ ਐਨਰਜੀ ਦੇ ਖੇਤਰ ਵਿਚ ਤੇਜ਼ੀ ਨਾਲ ਕੰਮ ਕੀਤਾ ਜਾ ਰਿਹਾ ਹੈ ਤੇ ਜਲਦੀ ਹੀ ਉਹ ਦਿਨ ਆਵੇਗਾ ਜਦੋਂ ਭਾਰਤ ਇਸ ਮਾਮਲੇ 'ਚ ਦੁਨੀਆ 'ਚ ਸਭ ਤੋਂ ਅੱਗੇ ਹੋਵੇਗਾ। ਪ੍ਰਦੂਸ਼ਣ ਰਹਿਤ ਤੇ ਸੋਲਰ ਊਰਜਾ ਲਈ ਵੱਡੇ ਪੱਧਰ 'ਤੇ ਪਲਾਂਟ ਲਾਏ ਜਾ ਰਹੇ ਹਨ। ਹੁਣ ਤਕ ਇਕ ਲੱਖ ਮੈਗਾਵਾਟ ਤੋਂ ਵੱਧ ਸਮਰਥਾ ਵਾਲੇ ਗਰੀਨ ਐਨਰਜੀ ਪਲਾਂਟ ਲਾਏ ਜਾ ਚੁੱਕੇ ਹਨ ਤੇ 2022 ਤਕ ਸਵਾ 2 ਲੱਖ ਮੈਗਾਵਾਟ ਸੋਲਰ ਬਿਜਲੀ ਭਾਰਤ 'ਚ ਪੈਦਾ ਹੋਣ ਲੱਗੇਗੀ, ਅਜਿਹਾ ਅੰਦਾਜ਼ਾ ਹੈ। ਇਹ ਵਿਚਾਰ ਕੇਂਦਰੀ ਮੰਤਰੀਆਂ ਨੇ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਆਯੋਜਿਤ ਸੋਲਰ ਐਨਰਜੀ ਪਲਾਂਟ ਲਈ ਉਦਘਾਟਨ ਸਮਾਗਮ ਵਿਚ ਪ੍ਰਗਟਾਏ। ਇਥੇ ਸੁਖਬੀਰ ਐਗਰੋ ਐਨਰਜੀ ਲਿਮਟਿਡ (ਸੇਲ) ਵਲੋਂ 1.5 ਮੈਗਾਵਾਟ ਦਾ ਸੋਲਰ ਐਨਰਜੀ ਪਲਾਂਟ ਸਥਾਪਿਤ ਕੀਤਾ ਗਿਆ ਹੈ। ਬੁੱਧਵਾਰ ਨੂੰ ਅਰਦਾਸ ਤੋਂ ਬਾਅਦ ਇਸ ਪਲਾਂਟ ਨੂੰ ਚਾਲੂ ਕੀਤਾ ਗਿਆ।
ਉਦਘਾਟਨ ਸਮਾਗਮ 'ਚ ਹਾਜ਼ਰ ਕੇਂਦਰੀ ਵਾਤਾਵਰਣ ਮੰਤਰੀ ਡਾ. ਹਰਸ਼ਵਰਧਨ ਸਿੰਘ ਨੇ ਕਿਹਾ ਕਿ ਵਾਤਾਵਰਣ ਦੀ ਸੁਰੱਖਿਆ ਸਾਡੇ ਸੱਭਿਆਚਾਰ 'ਚ ਸ਼ਾਮਲ ਹੈ। ਸਾਡੇ ਸੱਭਿਆਚਾਰ 'ਚ ਪਵਨ ਨੂੰ ਗੁਰੂ, ਪਾਣੀ ਨੂੰ ਪਿਤਾ ਅਤੇ ਧਰਤੀ ਨੂੰ ਮਾਤਾ ਕਿਹਾ ਗਿਆ ਹੈ। ਅੱਜ ਜਦੋਂ ਗਲੋਬਲ ਵਾਰਮਿੰਗ ਨਾਲ ਹਾਹਾਕਾਰ ਮਚੀ ਹੋਈ ਹੈ ਅਤੇ ਪ੍ਰਦੂਸ਼ਣ ਵਧਦਾ ਜਾ ਰਿਹਾ ਹੈ ਤਾਂ ਸਾਰੀ ਦੁਨੀਆ ਦੀ ਨਜ਼ਰ ਹਿੰਦੁਸਤਾਨ 'ਤੇ ਹੈ। ਹਿੰਦੁਸਤਾਨ ਹੀ ਦੁਨੀਆ ਨੂੰ ਪ੍ਰਦੂਸ਼ਣ ਤੋਂ ਬਚਾਉਣ ਦਾ ਰਾਹ ਦਿਖਾਵੇਗਾ। ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਸਥਾਪਿਤ ਕੀਤਾ ਗਿਆ ਸੋਲਰ ਐਨਰਜੀ ਪਲਾਂਟ ਇਕ ਮਿਸਾਲ ਹੈ। ਇਸ ਤਰ੍ਹਾਂ ਦੇ ਕੰਮ ਹਰੇਕ ਸੰਸਥਾ ਨੂੰ ਅੱਗੇ ਆ ਕੇ ਕਰਨੇ ਚਾਹੀਦੇ ਹਨ। ਸਮਾਗਮ 'ਚ ਮੁੱਖ ਮਹਿਮਾਨ ਦੇ ਤੌਰ 'ਤੇ ਹਾਜ਼ਰ  ਕੇਂਦਰੀ ਰਾਜ ਨਵੀਨੀਕਰਨ ਊਰਜਾ ਮੰਤਰੀ (ਆਜ਼ਾਦਾਨਾ ਚਾਰਜ) ਆਰ.ਕੇ. ਸਿੰਘ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ 'ਚ  2022 'ਚ 1 ਲੱਖ 75 ਹਜ਼ਾਰ ਮੈਗਾਵਾਟ ਗਰੀਨ ਐਨਰਜੀ ਦੇ ਉਤਪਾਦਨ ਦਾ ਟੀਚਾ ਸੀ। ਹੁਣ ਤੱਕ 70 ਹਜ਼ਾਰ ਮੈਗਾਵਾਟ ਬਿਜਲੀ ਦਾ ਉਤਪਾਦਨ ਹੋ ਰਿਹਾ ਹੈ ਅਤੇ 40 ਹਜ਼ਾਰ ਮੈਗਾਵਾਟ ਗਰੀਨ ਐਨਰਜੀ ਦੇ ਪਲਾਂਟ ਸ਼ੁਰੂ ਹੋਣ ਦੀ ਹਾਲਤ 'ਚ ਹਨ। ਜਿਸ ਤਰ੍ਹਾਂ ਕੰਮ ਚੱਲ ਰਿਹਾ ਹੈ, ਉਸ ਤੋਂ ਲੱਗਦਾ ਹੈ ਕਿ 2022 ਤੱਕ ਸਵਾ 2 ਲੱਖ ਮੈਗਾਵਾਟ ਸੋਲਰ ਬਿਜਲੀ ਦਾ ਉਤਪਾਦਨ ਭਾਰਤ 'ਚ ਕੀਤਾ ਜਾਵੇਗਾ। ਸਿੰਘ ਨੇ ਦੱਸਿਆ ਕਿ 10 ਹਜ਼ਾਰ ਮੈਗਾਵਾਟ ਲਈ ਭਾਰਤ ਸਰਕਾਰ ਨੇ ਟੈਂਡਰ ਕੱਢਿਆ ਹੈ। ਇਹ ਆਪਣੇ ਆਪ 'ਚ ਰਿਕਾਰਡ ਹੈ ਇਸ ਤੋਂ ਬਾਅਦ ਸਰਕਾਰ 1 ਲੱਖ ਮੈਗਾਵਾਟ ਲਈ ਟੈਂਡਰ ਕੱਢੇਗੀ, ਜਿਸ ਤਰ੍ਹਾਂ ਕੰਮ ਕੀਤਾ ਜਾ ਰਿਹਾ ਹੈ, ਪੂਰੀ ਦੁਨੀਆ 'ਚ ਗਰੀਨ ਐਨਰਜੀ ਲਈ ਭਾਰਤ ਦਾ ਨਾਂ ਸਭ ਤੋਂ ਉੱਪਰ ਹੋਵੇਗਾ। ਨਾਰਥ ਬਲਾਕ ਸਥਿਤ ਗੁਰਦੁਆਰਾ ਸਾਹਿਬ ਦੇ ਲੱਖੀਸ਼ਾਹ ਵਣਜਾਰਾ ਹਾਲ 'ਚ ਆਯੋਜਿਤ ਸਮਾਗਮ 'ਚ ਕੇਂਦਰੀ ਸ਼ਹਿਰੀ ਵਿਕਾਸ ਰਾਜ ਮੰਤਰੀ  (ਆਜ਼ਾਦਾਨਾ ਚਾਰਜ) ਹਰਦੀਪ ਸਿੰਘ ਪੁਰੀ ਵੀ ਹਾਜ਼ਰ ਸਨ।
ਸਮਾਗਮ 'ਚ ਸੰਤ ਬਲਬੀਰ ਸਿੰਘ ਸੀਚੇਵਾਲ, ਬਾਬਾ ਸੇਵਾ ਸਿੰਘ ਖਡੂਰ ਸਾਹਿਬ, ਬਾਬਾ ਬਚਨ ਸਿੰਘ ਕਾਰ ਸੇਵਾ ਵਾਲੇ, ਲੋਕਸਭਾ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ, ਡਾ. ਜਸਪਾਲ ਸਿੰਘ, ਸਾਬਕਾ ਸੰਸਦ ਮੈਂਬਰ ਤ੍ਰਿਲੋਚਨ ਸਿੰਘ, 'ਸੇਲ' ਦੇ ਮੈਨੇਜਿੰਗ ਡਾਇਰੈਕਟਰ ਜਸਬੀਰ ਸਿੰਘ ਆਵਲਾ ਹਾਜ਼ਰ ਸਨ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਨੇ ਮਹਿਮਾਨਾਂ ਦਾ ਸਵਾਗਤ ਕੀਤਾ। ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਧੰਨਵਾਦ ਕੀਤਾ। ਸਮਾਗਮ 'ਚ ਵੱਡੀ ਗਿਣਤੀ 'ਚ ਵਾਤਾਵਰਣ ਪ੍ਰੇਮੀ ਹਾਜ਼ਰ ਸਨ। ਮਹਿਮਾਨਾਂ ਨੂੰ ਬੂਟੇ ਵੀ ਭੇਟ ਕੀਤੇ ਗਏ।
8 ਗੁਰਦੁਆਰਿਆਂ 'ਚ ਲਾਇਆ ਜਾ ਰਿਹੈ ਸੋਲਰ ਪਲਾਂਟ: ਜਸਬੀਰ ਸਿੰਘ ਆਵਲਾ
ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਸੋਲਰ ਪਲਾਂਟ ਸਥਾਪਤ ਕਰਨ ਵਾਲੀ ਕੰਪਨੀ ਸੁਖਬੀਰ ਐਗਰੋ ਐਨਰਜੀ ਲਿਮਟਿਡ ਦੇ ਮੈਨੇਜਿੰਗ ਡਾਇਰੈਕਟਰ ਸ਼੍ਰੀ ਜਸਬੀਰ ਸਿੰਘ ਆਵਲਾ  ਨੇ ਦੱਸਿਆ ਕਿ ਦਿੱਲੀ ਦੇ ਅੱਠ ਗੁਰਦੁਆਰਿਆਂ 'ਚ ਸੋਲਰ ਐਨਰਜੀ ਪਲਾਂਟ ਲਾਉਣ ਦਾ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਵਾਤਾਵਰਣ ਰੱਖਵਾਲੀ ਦੀ ਦਿਸ਼ਾ 'ਚ ਸੋਲਰ ਊਰਜਾ ਦੀ ਵੱਧ ਤੋਂ ਵੱਧ ਵਰਤੋਂ ਕੀਤੀ ਜਾਣੀ ਚਾਹੀਦੀ ਹੈ। ਇਸ ਦੇ ਲਈ ਉਨ੍ਹਾਂ ਦੀ ਕੰਪਨੀ ਨੇ ਉੱਤਰਾਖੰਡ 'ਚ ਵੀ ਬੜਾ ਕੰਮ ਕੀਤਾ ਹੈ। ਹੋਰ ਸੂਬਿਆਂ 'ਚ ਵੀ ਸੋਲਰ ਊਰਜਾ ਪਲਾਂਟ ਲਾਉਣ ਲਈ ਤੇਜ਼ੀ ਨਾਲ ਕੰਮ ਚੱਲ ਰਿਹਾ ਹੈ। ਪੰਜਾਬ 'ਚ ਪਰਾਲੀ ਸਾੜਨ ਕਾਰਨ ਕਾਫੀ ਪ੍ਰਦੂਸ਼ਣ ਹੁੰਦਾ ਹੈ। ਸੁਖਬੀਰ ਐਗਰੋ ਵਲੋਂ ਪਰਾਲੀ ਤੋਂ ਊਰਜਾ ਬਣਾਉਣ ਲਈ ਵੀ ਪਲਾਂਟ ਲਾਇਆ ਜਾ ਰਿਹਾ ਹੈ। ਇਸ ਨਾਲ ਪ੍ਰਦੂਸ਼ਣ 'ਚ ਕਾਫੀ ਕਮੀ ਆਵੇਗੀ।


Related News