ਫਿਰੋਜ਼ਪੁਰ ਲਈ ਵੱਡੀ ਰਾਹਤ, 39 ਮਰੀਜ਼ਾਂ ਨੇ ਦਿੱਤੀ ਕੋਰੋਨਾ ਨੂੰ ਮਾਤ

05/15/2020 8:52:23 PM

ਫਿਰੋਜ਼ਪੁਰ, (ਮਲਹੋਤਰਾ)— ਸਿਵਲ ਹਸਪਤਾਲ ਦੇ ਆਈਸੋਲੇਸ਼ਨ ਵਾਰਡ 'ਚ ਦਾਖਲ 39 ਕੋਰੋਨਾ ਪੀੜਤਾਂ ਦੀ ਰਿਪੋਰਟ ਨੈਗੇਟਿਵ ਮਿਲਣ ਤੋਂ ਬਾਅਦ ਪ੍ਰਸ਼ਾਸਨ ਵੱਲੋਂ ਉਨ੍ਹਾਂ ਸਾਰੇ ਲੋਕਾਂ ਨੂੰ ਸ਼ੁੱਕਰਵਾਰ ਹਸਪਤਾਲ ਤੋਂ ਛੁੱਟੀ ਦੇ ਕੇ ਘਰ ਭੇਜ ਦਿੱਤਾ ਗਿਆ ਹੈ। ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨੇ ਦੱਸਿਆ ਕਿ ਇਨ੍ਹਾਂ ਲੋਕਾਂ ਦੇ ਸਿਹਤਮੰਦ ਹੋਣ ਤੋਂ ਬਾਅਦ ਜ਼ਿਲ੍ਹਾ ਫਿਰੋਜ਼ਪੁਰ ਇਕ ਵਾਰ ਫਿਰ ਕੋਰੋਨਾ ਗਰੀਨ ਜ਼ੋਨ 'ਚ ਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਪੰਜਾਬ ਪੁਲਸ ਦਾ ਕਾਂਸਟੇਬਲ ਪ੍ਰਭਜੋਤ ਸਿੰਘ ਸਿਹਤਮੰਦ ਹੋ ਕੇ ਘਰ ਜਾ ਚੁੱਕਾ ਹੈ। ਕੋਰੋਨਾ ਨਾਲ ਜ਼ਿਲ੍ਹੇ 'ਚ ਹਾਲੇ ਤਕ ਇਕ ਵਿਅਕਤੀ ਦੀ ਮੌਤ ਹੋਈ ਹੈ। ਡੀ. ਸੀ. ਅਨੁਸਾਰ ਲਾਕਡਾਊਨ 2 ਸ਼ੁਰੂ ਹੋਣ ਤੇ ਮਹਾਰਾਸ਼ਟਰ ਦੇ ਹਜ਼ੂਰ ਸਾਹਿਬ ਸਮੇਤ ਦੇਸ਼ ਦੇ ਹੋਰਨਾਂ ਰਾਜਾਂ ਤੋਂ ਆਏ ਸੈਂਕੜੇ ਲੋਕਾਂ ਨੂੰ ਕੁਆਰੰਟਾਈਨ ਸੈਂਟਰਾਂ 'ਚ ਰੱਖ ਕੇ ਉਨ੍ਹਾਂ ਦੀ ਸਕਰੀਨਿੰਗ 'ਤੇ ਹੋਰ ਜਾਂਚ ਕੀਤੀ ਗਈ ਸੀ। ਇਨ੍ਹਾਂ 'ਚੋਂ 43 ਲੋਕਾਂ ਦੀ ਰਿਪੋਰਟ ਕੋਰੋਨਾ ਪੋਜ਼ੇਟਿਵ ਮਿਲਣ 'ਤੇ ਇਨ੍ਹਾਂ ਸਾਰਿਆਂ ਨੂੰ ਸਿਵਲ ਹਸਪਤਾਲ ਦੇ ਆਈਸੋਲੇਸ਼ਨ ਵਾਰਡ 'ਚ ਦਾਖਲ ਕਰਕੇ ਇਨ੍ਹਾਂ ਦਾ ਇਲਾਜ ਸ਼ੁਰੂ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਬੜੀ ਖੁਸ਼ੀ ਦੀ ਗੱਲ ਹੈ ਕਿ 39 ਲੋਕਾਂ ਦੀ ਆਈਸੋਲੇਸ਼ਨ 'ਚ ਰੱਖਣ ਤੋਂ ਬਾਅਦ ਕਰਵਾਈ ਗਈ ਜਾਂਚ ਰਿਪੋਰਟ ਨੈਗੇਟਿਵ ਆਈ ਹੈ। ਪ੍ਰਸ਼ਾਸਨ ਵੱਲੋਂ ਸਾਰੇ ਸਿਹਤਮੰਦ ਹੋ ਕੇ ਘਰ ਜਾ ਰਹੇ ਲੋਕਾਂ ਦਾ ਮੂੰਹ ਮਿੱਠਾ ਕਰਵਾਇਆ ਗਿਆ। ਡੀ. ਸੀ. ਨੇ ਦੱਸਿਆ ਕਿ ਹੋਰਨਾਂ ਚਾਰ ਰੋਗੀਆਂ ਦਾ ਇਲਾਜ ਵੀ ਚੱਲ ਰਿਹਾ ਹੈ ਤੇ ਉਹ ਵੀ ਜਲਦ ਸਿਹਤਮੰਦ ਹੋ ਜਾਣਗੇ, ਜਿਸ ਤੋਂ ਬਾਅਦ ਜ਼ਿਲ੍ਹਾ ਫਿਰੋਜ਼ਪੁਰ ਇਕ ਵਾਰ ਫਿਰ ਕੋਰੋਨਾ ਫਰੀ ਜ਼ਿਲ੍ਹਾ ਬਣ ਜਾਵੇਗਾ।


KamalJeet Singh

Content Editor

Related News