ਚੰਡੀਗੜ੍ਹ ਦੇ ਲੋਕਾਂ ਲਈ ਵੱਡੀ ਖ਼ੁਸ਼ਖ਼ਬਰੀ, ਪਾਰਕਿੰਗ ਹੋਵੇਗੀ Free ਤੇ ਨਾਲ ਹੀ ਮੁਫ਼ਤ ਮਿਲੇਗਾ ਪਾਣੀ
Tuesday, Mar 12, 2024 - 09:45 AM (IST)
ਚੰਡੀਗੜ੍ਹ (ਰਾਏ) : ਚੰਡੀਗੜ੍ਹ ਨਗਰ ਨਿਗਮ ਹਾਊਸ ਦੀ ਹੋਈ ਹੰਗਾਮੀ ਮੀਟਿੰਗ ’ਚ ਸ਼ਹਿਰ ਵਾਸੀਆਂ ਨੂੰ 20 ਹਜ਼ਾਰ ਲਿਟਰ ਪ੍ਰਤੀ ਮਹੀਨਾ ਪਾਣੀ ਅਤੇ ਪਾਰਕਿੰਗ ਮੁਫ਼ਤ ਕੀਤੇ ਜਾਣ ਦਾ ਏਜੰਡਾ ਪਾਸ ਕੀਤਾ ਗਿਆ। ਮੁਫ਼ਤ ਪਾਣੀ ਦੇ ਏਜੰਡੇ ’ਤੇ ਭਾਜਪਾ ਨੇ ਕਿਹਾ ਕਿ 40 ਹਜ਼ਾਰ ਲਿਟਰ ਪਾਣੀ ਮੁਫ਼ਤ ਕੀਤਾ ਜਾਵੇ। ਇਸ ਤੋਂ ਬਾਅਦ ਬੁੜੈਲ ਪਿੰਡ ਦੇ ਇਕ ਏਜੰਡੇ ਨੂੰ ਲੈ ਕੇ ਸੱਤਾ ਧਿਰ ਵੱਲੋਂ ਡੈਫਰ ਕੀਤੇ ਜਾਣ ਨੂੰ ਲੈ ਕੇ ਬਹਿਸ ਤੋਂ ਬਾਅਦ ਮੇਅਰ ਨੇ ਭਾਜਪਾ ਕੌਂਸਲਰਾਂ ਕੰਵਰਜੀਤ ਰਾਣਾ ਅਤੇ ਸੌਰਭ ਜੋਸ਼ੀ ਨੂੰ ਮਾਰਸ਼ਲਾਂ ਦੀ ਮਦਦ ਨਾਲ ਸਦਨ ’ਚੋਂ ਬਾਹਰ ਕਰਵਾ ਦਿੱਤਾ। ਇਸ ਤੋਂ ਬਾਅਦ ਇਹ ਸਿਲਸਿਲਾ ਇੱਥੇ ਹੀ ਨਹੀਂ ਰੁਕਿਆ ਅਤੇ ਮੀਟਿੰਗ ’ਚ ਰੌਲਾ ਪਾਉਣ ਦੇ ਨਾਂ ’ਤੇ ਭਾਜਪਾ ਦੇ ਸਾਰੇ ਕੌਂਸਲਰਾਂ ਨੂੰ ਇਕ-ਇਕ ਕਰ ਕੇ ਨਿਗਮ ਹਾਊਸ ’ਚੋਂ ਬਾਹਰ ਕਰ ਦਿੱਤਾ ਗਿਆ। ਮਾਮਲਾ ਸ਼ਾਂਤ ਹੋਣ ਤੋਂ ਬਾਅਦ ਮੇਅਰ ਨੇ ਮੀਟਿੰਗ ਦੀ ਕਾਰਵਾਈ ਸ਼ੁਰੂ ਕਰਦਿਆਂ ਜੁਆਇੰਟ ਕਮਿਸ਼ਨਰ ਨੂੰ ਵਿੱਤ ਅਤੇ ਠੇਕਾ ਕਮੇਟੀ (ਐੱਫ. ਐਂਡ. ਸੀ. ਸੀ.) ਦੀਆਂ ਚੋਣਾਂ ਸ਼ੁਰੂ ਕਰਵਾਉਣ ਲਈ ਕਿਹਾ। ਭਾਜਪਾ ਕੌਂਸਲਰ ਪਿਛਲੀ ਮੀਟਿੰਗ ਦੇ ਮਿੰਟਸ ਪੇਸ਼ ਕਰਨ ’ਤੇ ਅੜੇ ਰਹੇ।
ਉਨ੍ਹਾਂ ਦਲੀਲ ਦਿੱਤੀ ਕਿ ਨਿਯਮਾਂ ਅਨੁਸਾਰ ਪਿਛਲੀ ਮੀਟਿੰਗ ਦੇ ਮਿੰਟਸ ਪੇਸ਼ ਕੀਤੇ ਬਿਨਾਂ ਅਗਲੀ ਮੀਟਿੰਗ ਨਹੀਂ ਚੱਲ ਸਕਦੀ। ਇਸ ਨੂੰ ਲੈ ਕੇ ਕਾਫ਼ੀ ਦੇਰ ਤੱਕ ਹੰਗਾਮਾ ਹੁੰਦਾ ਰਿਹਾ ਅਤੇ ਨਿਗਮ ਕਮਿਸ਼ਨਰ ਨੇ ਇਸ ਮਾਮਲੇ ’ਤੇ ਕਾਨੂੰਨੀ ਰਾਏ ਜਾਣਨ ਲਈ ਨਿਗਮ ਦੇ ਲਾਅ ਅਫ਼ਸਰ ਨੂੰ ਸਥਿਤੀ ਸਪੱਸ਼ਟ ਕਰਨ ਲਈ ਕਿਹਾ। ਲਾਅ ਅਫ਼ਸਰ ਕਿਸੇ ਕੰਮ ਲਈ ਬਾਹਰ ਗਏ ਹੋਏ ਸਨ। ਉਨ੍ਹਾਂ ਨੂੰ ਫੋਨ ਕਰ ਕੇ ਤੁਰੰਤ ਹਾਜ਼ਰ ਹੋਣ ਲਈ ਕਿਹਾ ਗਿਆ। ਕਾਨੂੰਨ ਅਧਿਕਾਰੀ ਨੇ ਮੀਟਿੰਗ ’ਚ ਮਿੰਟਸ ਸਬੰਧੀ ਸਥਿਤੀ ਸਪੱਸ਼ਟ ਕਰਦਿਆਂ ਕਿਹਾ ਕਿ ਅਗਲੀ ਮੀਟਿੰਗ ’ਚ ਵੀ ਮਿੰਟਸ ਨੂੰ ਪੇਸ਼ ਕੀਤਾ ਜਾ ਸਕਦਾ ਹੈ। ਸਥਿਤੀ ਸਪੱਸ਼ਟ ਹੁੰਦਿਆਂ ਹੀ ਮੇਅਰ ਕੁਲਦੀਪ ਕੁਮਾਰ ਨੇ ਨਿਗਮ ਦੇ ਜੁਆਇੰਟ ਕਮਿਸ਼ਨਰ ਸ਼ੰਭੂ ਰਾਠੀ ਨੂੰ ਵਿੱਤ ਅਤੇ ਠੇਕਾ ਕਮੇਟੀ ਦੀ ਚੋਣ ਦੀ ਪ੍ਰਕਿਰਿਆ ਸ਼ੁਰੂ ਕਰਨ ਲਈ ਕਿਹਾ। ਸ਼ੰਭੂ ਰਾਠੀ ਨੇ ਚੋਣ ਪ੍ਰਕਿਰਿਆ ਬਾਰੇ ਵੋਟਿੰਗ ਕਰਨ ਨੂੰ ਲੈ ਕੇ ਕੌਂਸਲਰਾਂ ਨੂੰ ਪੇਸ਼ਕਾਰੀ ਦੇਣੀ ਸ਼ੁਰੂ ਕਰ ਦਿੱਤੀ। ਮੇਅਰ ਨੇ ਜੁਆਇੰਟ ਕਮਿਸ਼ਨਰ-1 ਗੁਰਿੰਦਰ ਸਿੰਘ ਸੋਢੀ ਨੂੰ ਚੋਣਾਂ ਕਰਵਾਉਣ ਲਈ ਅਧਿਕਾਰਤ ਕੀਤਾ। ਇਸ ਤੋਂ ਇਲਾਵਾ ਚੋਣ ਕਰਵਾਉਣ ਲਈ ਪੰਜਾਬ ਯੂਨੀਵਰਸਿਟੀ ਦੇ ਸੁਪਰਡੈਂਟ ਸੁਨੀਲ ਕੁਮਾਰ ਅਤੇ ਸੀਨੀਅਰ ਸਹਾਇਕ ਦਿਨੇਸ਼ ਕੁਮਾਰ ਵੀ ਮੌਜੂਦ ਰਹੇ।
ਇਹ ਵੀ ਪੜ੍ਹੋ : ਪੰਜਾਬ 'ਚ ਸਰਕਾਰੀ ਬੱਸਾਂ ਨੂੰ ਲੈ ਕੇ ਵੱਡੀ ਖ਼ਬਰ, ਘਰੋਂ ਨਿਕਲਣ ਦਾ Plan ਹੈ ਤਾਂ ਜ਼ਰਾ ਸੋਚ-ਸਮਝ ਲਓ
ਵਿੱਤ ਤੇ ਠੇਕਾ ਕਮੇਟੀ ਦੀ ਚੋਣ ਪ੍ਰਕਿਰਿਆ ਨੂੰ ਸਮਝਾਉਣ ਦੌਰਾਨ ਕੌਂਸਲਰਾਂ ਵਿਚਾਲੇ ਹੱਥੋਪਾਈ ਤੱਕ ਦੀ ਨੌਬਤ ਆ ਗਈ। ਕਿਸੇ ਤਰ੍ਹਾਂ ਮਾਮਲਾ ਸ਼ਾਂਤ ਹੋਇਆ ਅਤੇ ਵਿੱਤ ਅਤੇ ਠੇਕਾ ਕਮੇਟੀ ਦੀਆਂ ਚੋਣਾਂ ਸ਼ੁਰੂ ਹੋਈਆਂ। ਇਸੇ ਦੌਰਾਨ ਕਮੇਟੀ ਦੀਆਂ ਚੋਣਾਂ ਲਈ ਭਾਜਪਾ ਦੇ ਉਮੀਦਵਾਰ ਜਸਮਨਪ੍ਰੀਤ ਸਿੰਘ ਨੇ ਆਪਣਾ ਨਾਂ ਵਾਪਸ ਲੈਣ ਦਾ ਐਲਾਨ ਕਰ ਦਿੱਤਾ। ਇਸ ਕਾਰਨ ਚੋਣ ’ਚ ਬਾਕੀ ਪੰਜ ਉਮੀਦਵਾਰਾਂ ਨੂੰ ਸਰਬ ਸੰਮਤੀ ਨਾਲ ਵਿੱਤ ਤੇ ਠੇਕਾ ਕਮੇਟੀ ਦੇ ਮੈਂਬਰ ਐਲਾਨ ਦਿੱਤਾ ਗਿਆ। ‘ਆਪ’ ਕੌਂਸਲਰ ਜਸਵਿੰਦਰ ਕੌਰ ਤੇ ਰਾਮਚੰਦਰ ਯਾਦਵ, ਕਾਂਗਰਸੀ ਕੌਂਸਲਰ ਤਰੁਣਾ ਮਹਿਤਾ, ਭਾਜਪਾ ਕੌਂਸਲਰ ਮਹੇਸ਼ਇੰਦਰ ਸਿੰਘ ਸਿੱਧੂ ਅਤੇ ਕੌਂਸਲਰ ਲਖਬੀਰ ਸਿੰਘ ਨੂੰ ਮੈਂਬਰ ਚੁਣਿਆ ਗਿਆ। ਨਿਗਮ ਦੀਆਂ ਹੋਰ ਤਿੰਨ ਸਬ-ਕਮੇਟੀਆਂ ਦੇ ਗਠਨ ਬਾਰੇ ਮੇਅਰ ਕੁਲਦੀਪ ਕੁਮਾਰ ਨੇ ਕਿਹਾ ਕਿ ਜਲਦੀ ਹੀ ਇਨ੍ਹਾਂ ਦਾ ਗਠਨ ਕਰ ਦਿੱਤਾ ਜਾਵੇਗਾ।
ਰੌਲਾ ਪਾਉਣ ਦੀ ਬਜਾਏ ਸ਼ਹਿਰ ਵਾਸੀਆਂ ਲਈ ਕਰੀਏ ਕੰਮ : ਖੇਰ
ਨਗਰ ਨਿਗਮ ਦੀ ਮੀਟਿੰਗ ’ਚ ਹੰਗਾਮੇ ਦਰਮਿਆਨ ਪੁੱਜੀ ਸੰਸਦ ਮੈਂਬਰ ਕਿਰਨ ਖੇਰ ਨੇ ਨਿਗਮ ਕੌਂਸਲਰਾਂ ਨੂੰ ਵਾਰ-ਵਾਰ ਸ਼ਾਂਤ ਰਹਿਣ ਦੀ ਅਪੀਲ ਕੀਤੀ। ਉਨ੍ਹਾਂ ਨਿਗਮ ਹਾਊਸ ਦੇ ਅੰਦਰ ਚੱਲ ਰਹੇ ਹੰਗਾਮੇ ਅਤੇ ਰੌਲੇ ’ਤੇ ਅਫ਼ਸੋਸ ਪ੍ਰਗਟ ਕਰਦਿਆਂ ਕਿਹਾ ਕਿ ਰੌਲਾ ਪਾਉਣ ਦੀ ਬਜਾਏ ਸ਼ਹਿਰ ਵਾਸੀਆਂ ਲਈ ਕੰਮ ਕਰਨਾ ਬਿਹਤਰ ਹੋਵੇਗਾ। ਹੰਗਾਮੇ ਕਾਰਨ ਸੰਸਦ ਮੈਂਬਰ ਕਿਰਨ ਖੇਰ ਸਦਨ ਤੋਂ ਬਾਹਰ ਚਲੀ ਗਈ। ਜਾਣ ਤੋਂ ਪਹਿਲਾਂ ਉਨ੍ਹਾਂ ਹੰਗਾਮਾ ਕਰ ਰਹੇ ਕੌਂਸਲਰਾਂ ਨੂੰ ਸ਼ਹਿਰ ਦੇ ਲੋਕਾਂ ਲਈ ਕੰਮ ਕਰਨ ਦੀ ਨਸੀਹਤ ਦੇ ਦਿੱਤੀ।
9 ਸਾਲ ਕਿੱਥੇ ਸੀ, ਜੋ ਹੁਣ ਮੁਫ਼ਤ ਪਾਣੀ ਦੀ ਯਾਦ ਆ ਗਈ
ਪਾਣੀ ਦੇ ਏਜੰਡੇ ’ਤੇ ਹੋਈ ਬਹਿਸ ਦੌਰਾਨ ਜਦੋਂ ਭਾਜਪਾ ਨੇ ਵੀ ਸ਼ਹਿਰ ਵਾਸੀਆਂ ਨੂੰ 40 ਹਜ਼ਾਰ ਲਿਟਰ ਮੁਫ਼ਤ ਪਾਣੀ ਦੇਣ ਦਾ ਏਜੰਡਾ ਲਿਆਂਦਾ ਤਾਂ ਕਾਂਗਰਸੀ ਕੌਂਸਲਰ ਗੁਰਪ੍ਰੀਤ ਸਿੰਘ ਗਾਬੀ ਨੇ ਕਿਹਾ ਕਿ ਭਾਜਪਾ 9 ਸਾਲ ਤੋਂ ਨਿਗਮ ’ਚ ਸੱਤਾ ’ਚ ਸੀ, ਉਦੋਂ ਉਨ੍ਹਾਂ ਨੂੰ 40 ਲਿਟਰ ਪਾਣੀ ਮੁਫ਼ਤ ਦਿੱਤੇ ਜਾਣ ਦਾ ਖ਼ਿਆਲ ਨਹੀਂ ਆਇਆ ਪਰ ਜਦੋਂ ਗਠਜੋੜ ਵਲੋਂ ਪਾਣੀ ਮੁਫ਼ਤ ਕਰਨ ਦਾ ਏਜੰਡਾ ਲਿਆਂਦਾ ਗਿਆ ਤਾਂ ਭਾਜਪਾ ਵੀ ਜਾਗ ਪਈ ਅਤੇ ਉਹ ਇਹ ਏਜੰਡਾ ਵੀ ਸਿਰਫ਼ ਦਿਖਾਵੇ ਲਈ ਲਿਆਈ। ਉਨ੍ਹਾਂ ਕਿਹਾ ਕਿ ਭਾਜਪਾ ਨੇ ਹਮੇਸ਼ਾ ਜਨਤਾ ’ਤੇ ਟੈਕਸਾਂ ਦਾ ਬੋਝ ਵਧਾਇਆ ਹੈ ਅਤੇ ਹੋਰ ਕੁਝ ਨਹੀਂ ਕੀਤਾ। ਹੁਣ ਜਦੋਂ ਗਠਜੋੜ ਸ਼ਹਿਰ ਵਾਸੀਆਂ ਨੂੰ ਕੁਝ ਰਾਹਤ ਦੇਣ ਜਾ ਰਿਹਾ ਹੈ ਤਾਂ ਉਸ ’ਚ ਵੀ ਭਾਜਪਾ ਆਪਣੀ ਟੰਗ ਅੜਾਉਣ ਤੋਂ ਪਿੱਛੇ ਨਹੀਂ ਹਟ ਰਹੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8