ਵੱਡੀ ਲਾਪਰਵਾਹੀ : ਹਸਪਤਾਲ ਦੇ ਬਾਹਰ ਸ਼ਰੇਆਮ ਘੁੰਮਦਾ ਰਿਹਾ ਕੋਰੋਨਾ ਮਰੀਜ਼
Monday, May 11, 2020 - 11:58 PM (IST)
ਜਲਾਲਾਬਾਦ,(ਸੇਤੀਆ) : ਕੋਰੋਨਾ ਵਾਇਰਸ ਤੋਂ ਬਚਾਅ ਲਈ ਸਰਕਾਰਾਂ ਵਲੋਂ ਜਿਥੇ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਉਥੇ ਹੀ ਜਲਾਲਾਬਾਦ 'ਚ ਬਾਬਾ ਫਰੀਦ ਯੂਨੀਵਰਸਿਟੀ ਵਲੋਂ ਬਣਾਏ ਗਏ 100 ਬੈਡਾਂ ਦੇ ਹਸਪਤਾਲ 'ਚ ਵੱਡੀ ਲਾਪਰਵਾਹੀ ਦੇਖਣ ਨੂੰ ਮਿਲੀ, ਜਿਥੇ ਕੋਰੋਨਾ ਪਾਜ਼ੇਟਿਵ ਮਰੀਜ਼ ਦੇਰ ਰਾਤ ਹਸਪਤਾਲ ਦੇ ਬਾਹਰ ਸ਼ਰੇਆਮ ਘੁੰਮਦਾ ਰਿਹਾ। ਜਾਣਕਾਰੀ ਮੁਤਾਬਕ ਕੋਰੋਨਾ ਪਾਜ਼ੇਟਿਵ ਮਰੀਜ਼ ਮਹਿੰਦਰ ਸਿੰਘ, ਜਿਸ ਨੂੰ ਦੇਰ ਰਾਤ ਅਬੋਹਰ ਤੋਂ ਜਲਾਲਾਬਾਦ ਐਂਬੂਲੈਂਸ ਰਾਹੀ ਲਿਆਂਦਾ ਗਿਆ ਪਰ ਕੋਰੋਨਾ ਮਰੀਜ਼ ਨੂੰ ਲੈਣ ਲਈ ਹਸਪਤਾਲ ਦਾ ਕੋਈ ਵੀ ਮੈਂਬਰ ਉਥੇ ਮੌਜੂਦ ਨਹੀਂ ਸੀ, ਜਿਸ ਕਾਰਨ ਐਂਬੂਲੈਂਸ ਦੇ ਡਰਾਈਵਰ ਵਲੋਂ ਕੋਰੋਨਾ ਮਰੀਜ਼ ਨੂੰ ਹਸਪਤਾਲ ਬਾਹਰ ਛੱਡਿਆ ਗਿਆ ਅਤੇ ਕੋਰੋਨਾ ਮਰੀਜ਼ ਹਸਪਤਾਲ ਦੇ ਬਾਹਰ ਹੀ ਰਿਹਾ, ਜੋ ਕਿ ਹਸਪਤਾਲ ਦੀ ਵੱਡੀ ਲਾਪਰਵਾਹੀ ਹੈ।
ਇਸ ਬਾਰੇ 'ਜਗ ਬਾਣੀ' ਦੇ ਪੱਤਰਕਾਰ ਵਲੋਂ ਡਿਪਟੀ ਕਮਿਸ਼ਨਰ ਅਰਵਿੰਦਰ ਪਾਲ ਸਿੰਘ ਸੰਧੂ ਨਾਲ ਗੱਲਬਾਤ ਕਰ ਕੇ ਉਕਤ ਮਾਮਲਾ ਉਨ੍ਹਾਂ ਦੇ ਧਿਆਨ 'ਚ ਲਿਆਂਦਾ ਗਿਆ। ਜਿਸ ਤੋਂ ਬਾਅਦ ਕੋਰੋਨਾ ਮਰੀਜ਼ ਨੂੰ ਦੁਬਾਰਾ ਐਂਬੂਲੈਂਸ 'ਚ ਬਿਠਾ ਦਿੱਤਾ ਗਿਅ। ਉਕਤ ਮਾਮਲਾ ਡਿਪਟੀ ਕਮਿਸ਼ਨਰ ਦੇ ਧਿਆਨ 'ਚ ਆਉਣ ਦੇ ਤੁਰੰਤ ਬਾਅਦ ਹਸਪਤਾਲ ਪ੍ਰਸ਼ਾਸਨ ਵਲੋਂ ਕੁੱਝ ਸਮੇਂ ਬਾਅਦ ਮਰੀਜ਼ ਨੂੰ ਆਈਸੋਲੇਟ ਵਾਰਡ 'ਚ ਦਾਖਲ ਕਰ ਲਿਆ ਗਿਆ।