ਅਨਾਜ ਨੂੰ ਲੈ ਕੇ ਕੇਂਦਰੀ ਖੁਰਾਕ ਮੰਤਰਾਲਾ ਨੇ ਵਿਦੇਸ਼ ਮੰਤਰਾਲਾ ਨੂੰ ਲਿਖੀ ਚਿੱਠੀ

10/17/2019 9:58:09 AM

ਜਲੰਧਰ (ਖੁਰਾਣਾ)— ਕੇਂਦਰੀ ਖੁਰਾਕ ਅਤੇ ਸਪਲਾਈ ਮੰਤਰਾਲਾ ਨੇ ਵਿਦੇਸ਼ ਮੰਤਰਾਲੇ ਨੂੰ ਇਕ ਚਿੱਠੀ ਲਿਖ ਕੇ ਮੰਗ ਕੀਤੀ ਹੈ ਕਿ ਦੇਸ਼ ਦੇ ਗੋਦਾਮਾਂ 'ਚ ਪਿਆ ਫਾਲਤੂ ਅਨਾਜ ਹੋਰਨਾਂ ਦੇਸ਼ਾਂ ਨੂੰ ਦਾਨ ਕਰ ਦਿੱਤਾ ਜਾਵੇ ਤਾਂ ਜੋ ਭਾਰਤ ਦੇ ਗੋਦਾਮਾਂ 'ਚ ਨਵੇਂ ਅਨਾਜ ਦੇ ਭੰਡਾਰ ਲਈ ਥਾਂ ਉਪਲੱਬਧ ਹੋ ਸਕੇ। ਦੱਸਣਯੋਗ ਹੈ ਕਿ ਇਸ ਸਾਲ 1 ਜੁਲਾਈ ਨੂੰ ਕੇਂਦਰੀ ਪੂਲ 'ਚ ਅਨਾਜ ਦੀ ਕੁਲ ਲੋੜ 411.20 ਲੱਖ ਟਨ ਸੀ ਪਰ 1 ਸਤੰਬਰ ਨੂੰ ਕੇਂਦਰੀ ਪੂਲ 'ਚ ਅਨਾਜ ਦਾ ਕੁਲ ਭੰਡਾਰ 669.15 ਲੱਖ ਟਨ ਸੀ, ਜਿਸ ਵਿਚੋਂ 254.25 ਲੱਖ ਟਨ ਚੌਲ ਅਤੇ 414 ਲੱਖ ਟਨ ਕਣਕ ਸੀ।

ਇਥੇ ਇਹ ਗੱਲ ਦੱਸਣਯੋਗ ਹੈ ਕਿ ਦੇਸ਼ 'ਚ ਅਨਾਜ ਦਾ ਉਤਪਾਦਨ ਲਗਾਤਾਰ ਵੱਧ ਰਿਹਾ ਹੈ। ਇਸ ਸਾਲ ਦੇਸ਼ ਦੇ ਵਧੇਰੇ ਹਿੱਸਿਆਂ 'ਚ ਚੋਖਾ ਮੀਂਹ ਪੈਣ ਕਾਰਨ ਝੋਨੇ ਦੇ ਰਿਕਾਰਡਤੋੜ ਉਤਪਾਦਨ ਦੀ ਸੰਭਾਵਨਾ ਹੈ। ਸਰਕਾਰ ਵੱਲੋਂ ਅਨਾਜ ਦੀ ਖਰੀਦ ਤੇਜ਼ੀ ਨਾਲ ਕੀਤੀ ਜਾ ਰਹੀ ਹੈ। ਐੱਫ. ਸੀ. ਆਈ. ਦੇ ਭੰਡਾਰ ਵਾਧੂ ਭਰ ਰਹੇ ਹਨ। ਇਸ ਤੋਂ ਪਹਿਲਾਂ ਵੀ ਭਾਰਤ ਹੋਰਨਾਂ ਦੇਸ਼ਾਂ ਨੂੰ ਆਪਣਾ ਫਾਲਤੂ ਅਨਾਜ ਦਾਨ ਕਰਦਾ ਰਿਹਾ ਹੈ। 2011-12, 2013-14 ਅਤੇ 2017-18 'ਚ ਭਾਰਤ ਨੇ 3.5 ਲੱਖ ਮੀਟ੍ਰਿਕ ਟਨ ਕਣਕ ਅਫਗਾਨਿਸਤਾਨ ਨੂੰ ਦਾਨ ਕੀਤੀ ਸੀ। 2012-13 'ਚ ਭਾਰਤ ਨੇ 2.447 ਮੀਟ੍ਰਿਕ ਟਨ ਅਨਾਜ ਯਮਨ ਨੂੰ ਭੇਜਿਆ ਸੀ। ਇਸ ਤੋਂ ਇਲਾਵਾ ਸ਼੍ਰੀਲੰਕਾ, ਨਾਮੀਬੀਆ, ਲੇਸੋਥੋ ਅਤੇ ਮਿਆਂਮਾਰ ਨੂੰ ਵੀ ਭਾਰਤ ਚੌਲ ਭੇਜ ਚੁੱਕਾ ਹੈ।

ਪੰਜਾਬ ਦੀ ਗੱਲ ਕਰੀਏ ਤਾਂ ਇਸ ਸਾਲ ਸੂਬੇ 'ਚ 170 ਲੱਖ ਮੀਟ੍ਰਿਕ ਟਨ ਝੋਨੇ ਦਾ ਉਤਪਾਦਨ ਹੋਣ ਦੀ ਸੰਭਾਵਨਾ ਹੈ। ਇਸ 'ਚੋਂ 114 ਲੱਖ ਮੀਟ੍ਰਿਕ ਟਨ ਚੌਲ ਨਿਕਲਣਗੇ। ਐੱਫ. ਸੀ. ਆਈ. ਕੋਲ ਚੌਲਾਂ ਦਾ ਭੰਡਾਰ ਕਰਨ ਦੀ 110 ਮੀਟ੍ਰਿਕ ਟਨ ਦੀ ਸਮਰੱਥਾ ਹੈ ਪਰ ਸਰਕਾਰੀ ਗੋਦਾਮਾਂ 'ਚ 92 ਲੱਖ ਮੀਟ੍ਰਿਕ ਟਨ ਚੌਲ ਪਹਿਲਾਂ ਹੀ ਪਿਆ ਹੈ। ਅਜਿਹੀ ਹਾਲਤ 'ਚ 18 ਲੱਖ ਮੀਟ੍ਰਿਕ ਟਨ ਚੌਲ ਹੀ ਹੋਰ ਸੰਭਾਲਿਆ ਜਾ ਸਕਦਾ ਹੈ ਪਰ ਮਿੱਲਰਜ਼ 114 ਲੱਖ ਮੀਟ੍ਰਿਕ ਟਨ ਚੌਲ ਕੱਢ ਕੇ ਐੱਫ. ਸੀ. ਆਈ. ਨੂੰ ਮਾਰਚ 2020 ਤੱਕ ਦੇਣ ਲਈ ਮਜਬੂਰ ਹਨ।

ਪੰਜਾਬ ਰਾਈਸ ਮਿੱਲਰਜ਼ ਵੈੱਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਰਾਕੇਸ਼ ਜੈਨ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸੂਬੇ ਦੇ ਖੁਰਾਕ ਅਤੇ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਅਪੀਲ ਕੀਤੀ ਹੈ ਕਿ ਉਹ ਅਨਾਜ ਦੇ ਭੰਡਾਰ ਦੀ ਸਮਰੱਥਾ ਦਾ ਮਾਮਲਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਖੁਰਾਕ ਮੰਤਰੀ ਰਾਮ ਵਿਲਾਸ ਪਾਸਵਾਨ ਸਾਹਮਣੇ ਉਠਾਉਣ, ਨਹੀਂ ਤਾਂ ਪੰਜਾਬ ਦਾ ਸ਼ੈਲਰ ਉਦਯੋਗ ਅਤੇ ਕਿਸਾਨ ਬਹੁਤ ਹੱਦ ਤੱਕ ਪ੍ਰਭਾਵਿਤ ਹੋਣਗੇ ਅਤੇ ਨਾਲ ਹੀ ਪੰਜਾਬ ਦੀ ਆਰਥਿਕਤਾ ਨੂੰ ਵੀ ਸੱਟ ਵੱਜੇਗੀ।


shivani attri

Content Editor

Related News