ਕੈਪਟਨ ਦੀ ਫੋਟੋ ਵਾਲੇ ਰਾਸ਼ਨ ਦੇ 10 ਲੱਖ ਹੋਰ ਪੈਕੇਟ ਵੰਡੇਗੀ ਸਰਕਾਰ

04/30/2020 6:51:23 PM

ਲੁਧਿਆਣਾ, (ਹਿਤੇਸ਼)— ਪੰਜਾਬ ਸਰਕਾਰ ਵੱਲੋਂ ਕਰਫਿਊ ਦੌਰਾਨ ਜੋ ਕੈਪਟਨ ਦੀ ਫੋਟੋ ਵਾਲੇ ਰਾਸ਼ਨ ਦੇ ਪੈਕੇਟ ਵੰਡੇ ਜਾ ਰਹੇ ਹਨ, ਉਨ੍ਹਾਂ ਦੀ ਗਿਣਤੀ 'ਚ 10 ਲੱਖ ਦਾ ਇਜ਼ਾਫਾ ਕਰਨ ਦਾ ਫੈਸਲਾ ਕੀਤਾ ਗਿਆ ਹੈ।
ਇਥੇ ਦੱਸਣਾ ਉਚਿਤ ਹੋਵੇਗਾ ਕਿ ਕੋਰੋਨਾ ਤੋਂ ਬਚਾਅ ਲਈ ਲਾਗੂ ਕੀਤੇ ਗਏ ਲਾਕਡਾਊਨ ਦੌਰਾਨ ਗਰੀਬ ਲੋਕਾਂ ਦੀ ਮਦਦ ਲਈ ਪੰਜਾਬ ਸਰਕਾਰ ਵੱਲੋਂ 10 ਲੱਖ ਰਾਸ਼ਨ ਦੇ ਪੈਕੇਟ ਵੰਡਣ ਦਾ ਐਲਾਨ ਕੀਤਾ ਗਿਆ ਸੀ। ਜਿਸ 'ਚ ਆਟਾ, ਦਾਲ ਅਤੇ ਖੰਡ ਸ਼ਾਮਲ ਕੀਤੇ ਗਏ ਸਨ। ਪਹਿਲਾਂ ਤਾਂ ਇਸ ਰਾਸ਼ਨ ਦੇ ਪੈਕੇਟ 'ਤੇ ਕੈਪਟਨ ਦੀ ਫੋਟੋ ਲਗਾਉਣ ਨੂੰ ਲੈ ਕੇ ਕਾਫੀ ਹੰਗਾਮਾ ਹੋਇਆ ਤੇ ਫਿਰ ਇਸ ਰਾਸ਼ਨ ਨੂੰ ਵੰਡਣ ਦੀ ਜ਼ਿੰਮੇਵਾਰੀ ਵਿਧਾਇਕਾਂ ਅਤੇ ਹਲਕਾ ਇੰਚਾਰਜ ਨੂੰ ਸੌਂਪਣ ਨੂੰ ਲੈ ਕੇ ਵਿਰੋਧੀ ਪਾਰਟੀਆਂ ਦੇ ਨਾਲ ਕਾਂਗਰਸ ਦੇ ਨੇਤਾਵਾਂ ਨੇ ਵੀ ਚਹੇਤਿਆਂ ਨੂੰ ਫਾਇਦਾ ਪਹੁੰਚਾਉਣ ਦਾ ਦੋਸ਼ ਲਾਇਆ। ਇਸ ਦੇ ਮੱਦੇਨਜ਼ਰ ਲੋੜਵੰਦ ਲੋਕਾਂ ਨੂੰ ਰਾਸ਼ਨ ਪਹੁੰਚਾਉਣ ਲਈ ਹੈਲਪਲਾਈਨ ਨੰਬਰ ਜਾਰੀ ਕੀਤਾ ਗਿਆ, ਜਿੱਥੇ ਆਉਣ ਵਾਲੀਆਂ ਸ਼ਿਕਾਇਤਾਂ ਨਜਿੱਠਣ ਲਈ ਵੀ ਕੈਪਟਨ ਦੀ ਫੋਟੋ ਵਾਲੇ ਰਾਸ਼ਨ ਦੇ ਪੈਕੇਟ ਵੰਡੇ ਜਾ ਰਹੇ ਹਨ। ਇਸ ਤੋਂ ਬਾਅਦ ਕੈਪਟਨ ਦੀ ਫੋਟੋ ਵਾਲੇ ਰਾਸ਼ਨ ਦੇ ਪੈਕੇਟ ਦੀ ਮੰਗ ਵੱਧ ਗਈ ਹੈ ਅਤੇ ਵਿਧਾਇਕਾਂ ਅਤੇ ਹਲਕਾ ਇੰਚਾਰਜ ਵੱਲੋਂ ਹੁਣ ਤਕ ਮਿਲੇ ਪੈਕੇਟਾਂ ਨੂੰ ਲਾਕਡਾਊਨ ਕਾਫੀ ਲੰਬਾ ਚੱਲਣ ਕਾਰਨ ਨਾਕਾਫੀ ਦੱਸਿਆ ਜਾ ਰਿਹਾ ਹੈ।
ਇਸ ਸਮੱਸਿਆ ਦਾ ਹੱਲ ਕਰਨ ਲਈ ਸਰਕਾਰ ਨੇ 10 ਲੱਖ ਹੋਰ ਰਾਸ਼ਨ ਦੇ ਪੈਕੇਟ ਵੰਡਣ ਦਾ ਫੈਸਲਾ ਕੀਤਾ ਹੈ, ਜਿਸ ਦੀ ਪੁਸ਼ਟੀ ਕਰਦੇ ਹੋਏ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਦੱਸਿਆ ਕਿ ਇਹ ਪੈਕੇਟ ਬਣਾਉਣ ਦੇ ਨਾਲ ਵੰਡਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ।

ਨੀਲੇ ਕਾਰਡ ਵਾਲਿਆਂ ਨੂੰ ਵੀ ਮਿਲਣੀ ਸ਼ੁਰੂ ਹੋਈ ਕਣਕ ਤੇ ਦਾਲ
ਸਰਕਾਰ ਵੱਲੋਂ ਕਰੀਬ 1.41 ਕਰੋੜ ਨੀਲੇ ਕਾਰਡ ਵਾਲਿਆਂ ਨੂੰ 6 ਮਹੀਨੇ ਦੀ ਕਣਕ ਮਾਰਚ 'ਚ ਹੀ ਵੰਡਿਆ ਗਿਆ ਹੈ। ਇਸ ਤੋਂ ਇਲਾਵਾ ਹੁਣ ਕਰਫਿਊ ਦੇ ਮੱਦੇਨਜ਼ਰ ਮੁਫਤ 'ਚ 15 ਕਿੱਲੋ ਕਣਕ ਤੇ ਦਾਲ ਦੇਣ ਦਾ ਜੋ ਫੈਸਲਾ ਕੀਤਾ ਗਿਆ ਹੈ। ਉਸ ਦਾ ਵੇਰਵਾ ਸ਼ੁਰੂ ਹੋ ਗਿਆ ਹੈ, ਜਿਸ ਦੀ ਰੈਗੂਲਰ ਮਾਨੀਟਰਿੰਗ ਕਰਨ ਦੀ ਗੱਲ ਆਸ਼ੂ ਨੇ ਕਹੀ ਹੈ।

ਗਰੀਬ ਅਤੇ ਲੋੜਵੰਦਾਂ ਨੂੰ ਰਾਸ਼ਨ ਵੰਡਣ ਦਾ ਸਿਸਟਮ ਜ਼ਿਲ੍ਹਾ ਪ੍ਰਸ਼ਾਸਨ ਦੇ ਅਧੀਨ ਕੀਤਾ ਗਿਆ ਹੈ, ਜੋ ਡਿਮਾਂਡ ਜਾਂ ਸ਼ਿਕਾਇਤ ਦੇ ਅਧਾਰ 'ਤੇ ਸਪਲਾਈ ਕਰ ਰਹੇ ਹਨ। ਇਸ ਤੋਂ ਇਲਾਵਾ ਚੀਫ ਮਨਿਸਟਰ ਦੇ ਨਾਲ ਵੀਡੀਓ ਕਾਨਫਰੰਸ ਦੌਰਾਨ ਵਿਰੋਧੀ ਦਲਾਂ ਦੇ ਨੇਤਾਵਾਂ ਵੱਲੋਂ ਮੁੱਦਾ ਚੁੱਕਣ ਤੋਂ ਬਾਅਦ ਉਨ੍ਹਾਂ ਦੀ ਸਿਫਾਰਸ਼ 'ਤੇ ਵੀ ਕਈ ਥਾਈਂ ਰਾਸ਼ਨ ਦੀ ਸਪਲਾਈ ਦਿੱਤੀ ਗਈ ਹੈ।


KamalJeet Singh

Content Editor

Related News