ਸਰਕਾਰ ਪੁਲਸ ’ਤੇ ਦਬਾਅ ਬਣਾ ਕੇ ਅਕਾਲੀ ਦਲ ਦੇ ਆਗੂਆਂ ''ਤੇ ਝੂਠੇ ਪਰਚੇ ਦਰਜ ਕਰਨਾ ਚਾਹੁੰਦੀ ਹੈ: ਸੁਖਬੀਰ ਬਾਦਲ
Saturday, Dec 18, 2021 - 01:26 AM (IST)
ਟਾਂਡਾ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਕਾਂਗਰਸ ਸਰਕਾਰ ਨੇ ਵਾਰ-ਵਾਰ ਬਿਊਰੋ ਆਫ ਇਨਵੈਸਟੀਗੇਸ਼ਨ ਦੇ ਮੁਖੀ ਬਦਲੇ ਅਤੇ ਹੁਣ ਕਾਰਜਕਾਰੀ ਡੀ.ਜੀ.ਪੀ. ਬਦਲ ਕੇ ਨਵੇਂ ਅਫਸਰਾਂ ’ਤੇ ਅਕਾਲੀ ਆਗੂਆਂ ਨੂੰ ਝੂਠੇ ਕੇਸਾਂ ਵਿਚ ਫਸਾਉਣ ਲਈ ਦਬਾਅ ਬਣਾਉਣਾ ਚਾਹੁੰਦੀ ਹੈ।
ਇਥੇ ਟਾਂਡਾ ਉੜਮੁੜ ਤੋਂ ਅਕਾਲੀ ਦਲ ਅਤੇ ਬਸਪਾ ਗਠਜੋੜ ਦੇ ਉਮੀਦਵਾਰ ਲਖਵਿੰਦਰ ਸਿੰਘ ਲੱਖੀ ਦੇ ਹੱਕ ਵਿਚ ਜਨਤਕ ਪ੍ਰੋਗਰਾਮਾਂ ਨੂੰ ਸੰਬੋਧਨ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਇਕ ਝੂਠ ਹਮੇਸ਼ਾ ਝੂਠ ਹੀ ਰਹਿੰਦਾ ਹੈ, ਇਸੇ ਲਈ ਸਿਖ਼ਰਲੇ ਪੁਲਸ ਅਫਸਰ ਅਕਾਲੀ ਵਰਕਰਾਂ ਨੂੰ ਝੂਠੇ ਪੁਲਸ ਕੇਸਾਂ ਵਿਚ ਫਸਾਉਣ ਦੀਆਂ ਕਾਂਗਰਸ ਸਰਕਾਰ ਦੀਆਂ ਹਦਾਇਤਾਂ ਮੰਨਣ ਤੋਂ ਇਨਕਾਰੀ ਹਨ। ਉਨ੍ਹਾਂ ਕਿਹਾ ਕਿ ਸਰਕਾਰ ਨੇ ਸਿਖਰਲੀ ਪੁਲਸ ਲੀਡਰਸ਼ਿਪ ਵਿਚ ਦੋ ਤਬਦੀਲੀਆਂ ਕੀਤੀਆਂ ਹਨ ਜਿਨ੍ਹਾਂ ਵਿਚ ਪਹਿਲਾਂ ਬਿਊਰੋ ਆਫ ਇਨਵੈਸਟੀਗੇਸ਼ਨ (ਬੀ.ਓ.ਆਈ.) ਦੇ ਏ.ਡੀ.ਜੀ.ਪੀ. ਅਰਪਿਤ ਸ਼ੁਕਲਾ ਨੁੰ ਬਦਲਿਆ ਅਤੇ ਫਿਰ ਏ.ਡੀ.ਜੀ.ਪੀ. ਵਰਿੰਦਰ ਕੁਮਾਰ ਨੂੰ ਬਦਲਿਆ। ਹੁਣ ਬੀ.ਓ.ਆਈ. ਦੇ ਤੀਜੇ ਮੁਖੀ ਐਸ.ਕੇ. ਅਸਥਾਨਾ ਨੇ ਡੀ.ਜੀ.ਪੀ. ਨੂੰ ਪੱਤਰ ਲਿਖ ਕੇ ਸਰਕਾਰਾਂ ਨੂੰ ਬੇਨਕਾਬ ਕਰ ਦਿੱਤਾ ਹੈ ਅਤੇ ਹਦਾਇਤਾਂ ਮੰਗੀਆਂ ਹਨ ਕਿ ਉਹ ਸਰਕਾਰ ਦੇ ਕਹਿਣ ’ਤੇ ਇਕ ਗੈਰ ਕਾਨੂੰਨੀ ਕੇਸ ਕਿਵੇਂ ਦਰਜ ਕਰ ਦੇਣ।
ਸਰਦਾਰ ਸੁਖਬੀਰ ਸਿੰਘ ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਸਭ ਤੋਂ ਸੀਨੀਅਰ ਅਫਸਰ ਰਾਜਨੀਤਕ ਬਦਲਾਖੋਰੀ ਦਾ ਹਿੱਸਾ ਬਣਨ ਲਈ ਤਿਆਰ ਨਹੀਂ ਹਨ। ਉਨ੍ਹਾਂ ਨੇ ਸਾਰੇ ਅਫਸਰਾਂ ਨੂੰ ਇਹ ਬੇਨਤੀ ਕੀਤੀ ਕਿ ਉਹ ਇਹ ਧਿਆਨ ਵਿਚ ਰੱਖਣ ਕਿ ਉਹ ਬਦਲਾਖੋਰੀ ਦੀ ਮੁਹਿੰਮ ਦੇ ਲਪੇਟੇ ਵਿਚ ਨਾ ਆ ਜਾਣ। ਉਨ੍ਹਾਂ ਕਿਹਾ ਕਿ ਕਾਨੂੰਨ ਹਰੇਕ ਲਈ ਬਰਾਬਰ ਹੁੰਦਾ ਹੈ ਭਾਵੇਂ ਉਹ ਕਾਨੁੰਨ ਤੋੜਨ ਵਾਲੇ ਆਮ ਆਦਮੀ ਹੋਣ ਜਾਂ ਫਿਰ ਵਰਦੀਧਾਰੀ ਅਫਸਰ। ਉਨ੍ਹਾਂ ਕਿਹਾ ਕਿ ਅਕਾਲੀ ਦਲ ਅਤੇ ਬਸਪਾ ਗਠਜੋੜ ਸਰਕਾਰ ਬਣਨ ’ਤੇ ਸਭ ਤੋਂ ਹਿਸਾਬ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਜੋ ਅਫਸਰ ਕਾਂਗਰਸ ਪਾਰਟੀ ਦੇ ਸਿਆਸੀ ਏਜੰਟ ਬਣ ਕੇ ਕੰਮ ਕਰਨਗੇ, ਉਨ੍ਹਾਂ ਨੁੰ ਹਿਸਾਬ ਦੇਣਾ ਪਵੇਗਾ।
ਜਦੋਂ ਉਨ੍ਹਾਂ ਤੋਂ ਕਾਂਗਰਸ ਸਰਕਾਰ ਵੱਲੋਂ ਗੈਰ-ਕਾਨੂੰਨੀ ਤਰੀਕੇ ਨਾਲ ਓਰਬਿਟ ਬੱਸ ਟਰਾਂਸਪੋਰਟ ਦੇ ਪਰਮਿਟ ਰੱਦ ਕਰਨ ਦੇ ਮਾਮਲੇ ਵਿਚ ਹਾਈ ਕੋਰਟ ਵੱਲੋਂ ਦਿੱਤੀ ਰਾਹਤ ਨੂੰ ਚੁਣੌਤੀ ਦਿੰਦਿਆਂ ਪੰਜਾਬ ਸਰਕਾਰ ਵੱਲੋਂ ਦਾਇਰ ਵਿਸ਼ੇਸ਼ ਲੀਵ ਪਟੀਸ਼ਨ ਯਾਨੀ ਐਸ.ਐਲ.ਪੀ. ਸੁਪਰੀਮ ਕੋਰਟ ਵਿਚ ਰੱਦ ਹੋਣ ਬਾਰੇ ਪੁੱਛਿਆ ਗਿਆ ਤਾਂ ਸਰਦਾਰ ਬਾਦਲ ਨੇ ਕਿਹਾ ਕਿ ਅਦਾਲਤ ਨੇ ਵੀ ਹੁਣ ਉਹੋ ਕਿਹਾ ਹੈ ਜੋ ਅਸੀਂ ਪਹਿਲਾਂ ਤੋਂ ਆਖ ਰਹੇ ਹਾਂ ਕਿ ਪੰਜਾਬ ਸਰਕਾਰ ਹਰ ਮਾਮਲੇ ਵਿਚ ਰਾਜਨੀਤੀ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੀ ਇਸ ਤੋਂ ਵੱਡੀ ਨਿਖੇਧੀ ਹੋਰ ਕੀ ਹੋ ਸਕਦੀ ਹੈ?
ਇਕ ਹੋਰ ਸਵਾਲ ਦੇ ਜਵਾਬ ਵਿਚ ਸਰਦਾਰ ਬਾਦਲ ਨੇ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਨੁੰ ਪੁੱਛਿਆ ਕਿ ਉਹ ਕਿਸ ਹੈਸੀਅਤ ਨਾਲ ਇਹ ਪ੍ਰਭਾਵ ਦੇਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਉਹ ਕਾਂਗਰਸ ਪਾਰਟੀ ਦੇ ਮੁੱਖ ਮੰਤਰੀ ਦੇ ਅਹੁਦੇ ਲਈ ਉਮੀਦਵਾਰ ਹਨ। ਉਨ੍ਹਾਂ ਕਿਹਾ ਕਿ ਮੈਂ ਕਾਂਗਰਸ ਪਾਰਟੀ ਨੂੰ ਚੁਣੌਤੀ ਦਿੰਦਾ ਹਾਂ ਕਿ ਉਹ ਸਪਸ਼ਟ ਕਰੇ ਕਿ ਮੁੱਖ ਮੰਤਰੀ ਦੇ ਅਹੁਦੇ ਲਈ ਕੌਣ ਉਮੀਦਵਾਰ ਹੈ ।
ਅਕਾਲੀ ਦਲ ਦੇ ਪ੍ਰਧਾਨ ਨੇ ਇਹ ਵੀ ਐਲਾਨ ਕੀਤਾ ਕਿ ਅਗਲੀ ਅਕਾਲੀ ਦਲ ਅਤੇ ਬਸਪਾ ਗਠਜੋੜ ਸਰਕਾਰ ਮਨਰੇਗਾ ਕੰਮਾਂ ਦੇ ਘੁਟਾਲੇ ਦੀ ਜਾਂਚ ਕਰਵਾਏਗੀ। ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲ ਸੂਬੇ ਭਰ ਤੋਂ ਸ਼ਿਕਾਇਤਾਂ ਆਈਆਂ ਹਨ ਕਿ ਕਾਂਗਰਸੀ ਵਿਧਾਇਕਾਂ ਨੇ ਆਪਣੀਆਂ ਹੀ ਇੰਟਰ ਲਾਕਿੰਗ ਟਾਈਲਾਂ ਦੀਆਂ ਫੈਕਟਰੀਆਂ ਖੋਲ੍ਹ ਲਈਆਂ ਤੇ ਉਨ੍ਹਾਂ ਪੰਚਾਹਿਤਾਂ ਨੂੰ ਵਧੇ ਹੋਏ ਭਾਅ ’ਤੇ ਸਮਾਨ ਖਰੀਦਣ ਲਈ ਮਜ਼ਬੂਰ ਕੀਤਾ। ਉਨ੍ਹਾਂ ਕਿਹਾ ਕਿ ਇਸ ਘੁਟਾਲੇ ਵਿਚ ਸ਼ਾਮਲ ਸਾਰੇ ਆਗੂ ਤੇ ਸਰਪੰਚਾਂ ਦੇ ਖਿਲਾਫ ਕਾਨੂੰਨ ਮੁਤਾਬਕ ਕਾਰਵਾਈ ਕੀਤੀ ਜਾਵੇਗੀ।
ਕੰਡੀ ਇਲਾਕੇ ਲਈ ਇਕ ਹੋਰ ਤੋਹਫੇ ਦਾ ਐਲਾਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਕੰਡੀ ਇਲਾਕੇ ਦੇ ਵਿਕਾਸ ਲਈ ਵਿਸ਼ੇਸ਼ ਮੰਤਰਾਲਾ ਬਣਾਉਣ ਤੋਂ ਇਲਾਵਾ ਅਗਲੀ ਅਕਾਲੀ ਦਲ ਤੇ ਬਸਪਾ ਗਠਜੋੜ ਸਕਰਾਰ ਇਲਾਕੇ ਦੇ ਨੌਜਵਾਨਾਂ ਵਾਸਤੇ ਗਰੰਟੀ ਨਾਲ ਰੋਜ਼ਗਾਰ ਦੇ ਮੌਕੇ ਪੈਦਾ ਕਰੇਗੀ। ਉਨ੍ਹਾਂ ਕਿਹਾ ਕਿ ਸਿੰਜਾਈ ਸਹੂਲਤਾਂ, ਪਹਾੜੀ ਇਲਾਕਿਆਂ ਵਿਚ ਪੀਣ ਲਈ ਢੁਕਵਾਂ ਪਾਣੀ ਅਤੇ ਖੇਤਾਂ ਨੁੰ ਜੰਗਲੀ ਜੀਵਾਂ ਤੋਂ ਬਚਾਉਣ ਲਈ ਵਾੜ੍ਹ ਲਗਾਉਣ ਸਮੇਤ ਸਾਰੇ ਲਟਕਦੇ ਮਸਲੇ ਹੱਲ ਕੀਤੇ ਜਾਣਗੇ।
ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਅਗਲੀ ਸਰਕਾਰ ਸੂਬੇ ਦੇ ਬੀ.ਪੀ.ਐਲ. ਪਰਿਵਾਰਾਂ ਵਿਚੋਂ ਪਰਿਵਾਰ ਦੀਆਂ ਮੁਖੀ ਮਹਿਲਾਵਾਂ ਨੁੰ ਹਰ ਮਹੀਨੇ 2 ਹਜ਼ਾਰ ਰੁਪਏ ਦੀ ਸਹਾਇਤਾ ਪ੍ਰਦਾਨ ਕਰੇਗੀ। ਉਨ੍ਹਾਂ ਇਹ ਵੀ ਕਿਹਾ ਕਿ ਅਸੀਂ ਪਿਛਲੀ ਵਾਰ ਪੰਜਾਬ ਨੁੰ ਬਿਜਲੀ ਸਰਪਲੱਸ ਬਣਾਇਆ ਸੀ ਅਤੇ ਇਸ ਵਾਰ ਬਿਜਲੀ ਸਸਤੀ ਕਰਾਂਗੇ। ਉਨ੍ਹਾਂ ਕਿਹਾ ਕਿ ਅਸੀਂ ਸਾਰੇ ਘਰੇਲੂ ਖਪਤਕਰਾਂ ਨੁੰ ਹਰ ਮਹੀਨੇ 400 ਯੂਨਿਟ ਬਿਜਲੀ ਮੁਫਤ ਦੇਣ ਦਾ ਵਾਅਦਾ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਗਠਜੋੜ ਸਰਕਾਰ ਵਿਦਿਆਰਥੀਆਂ ਲਈ ਸਟੂਡੈਂਟ ਲੋਨ ਅਤੇ ਸੂਬੇ ਦੇ ਕਾਲਜਾਂ ਵਿਚ ਸਰਕਾਰੀ ਸਕੁਲਾਂ ਦੇ ਬੱਚਿਆਂ ਲਈ 33 ਫੀਸਦੀ ਸੀਟਾਂ ਰਾਖਵੀਂਆਂ ਕਰੇਗੀ। ਉਨ੍ਹਾਂ ਕਿਹਾ ਕਿ ਵਪਾਰੀਆਂ ਨੁੰ 10 ਲੱਖ ਰੁਪਏ ਦਾ ਜੀਵਨ ਬੀਮਾ, ਅਗਜ਼ਨੀ ਤੋਂ ਬਚਾਅ ਅਤੇ ਮੈਡੀਕਲ ਬੀਮੇ ਦੀ ਸਹੂਲਤ ਦਿੱਤੀ ਜਾਵੇਗੀ ਤੇ ਨੌਜਵਾਨ ਉਦਮੀਆਂ ਨੂੰ 5 ਲੱਖ ਰੁਪਏ ਤੱਕ ਦਾ ਵਿਆਜ਼ ਮੁਕਤ ਕਰਜ਼ਾ ਪ੍ਰਦਾਨ ਕੀਤਾ ਜਾਵੇਗਾ। ਪਾਰਟੀ ਦੇ ਸੀਨੀਅਰ ਆਗੂ ਬਲਬੀਰ ਸਿੰਘ ਮਿਆਣੀ, ਅਰਵਿੰਦਰਪਾਲ ਸਿੰਘ ਰਸੂਲਪੁਰ, ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ, ਵਰਿੰਦਰ ਸਿੰਘ ਬਾਜਵਾ, ਸੁਭਾਸ਼ ਪਰਿਹਾਰ, ਜਤਿੰਦਰ ਸਿੰਘ ਲਾਲੀ ਬਾਜਵਾ ਤੇ ਪਿੰਕੀ ਸ਼ਰਮਾ ਵੀ ਇਸ ਮੌਕੇ ਮੌਜੂਦ ਸਨ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।