ਗੈਰ-ਤਸਦੀਕ ਬੀਜ਼ਾਂ ਰਾਹੀਂ ਕਿਸਾਨਾਂ ਦੇ ਹੋਏ ਨੁਕਸਾਨ ਦਾ ਸਰਕਾਰ ਦੇਵੇ ਮੁਆਵਜ਼ਾ : ਕਿਸਾਨ ਆਗੂ
Monday, May 25, 2020 - 11:20 PM (IST)
ਲੁਧਿਆਣਾ, (ਪਾਲੀ)- ਪੰਜਾਬ ਸਰਕਾਰ ਦੀ ਨਾਲਾਇਕੀ ਕਾਰਨ ਸੂਬੇ ਵਿਚ ਗੈਰ-ਤਸਦੀਕ ਖੇਤੀ ਬੀਜ਼ਾਂ ਰਾਹੀਂ ਕਿਸਾਨਾਂ ਦੀ ਹੋ ਰਹੀ ਅੰਨੀ ਲੁੱਟ-ਖਸੁੱਟ ਹੋ ਰਹੀ ਹੈ, ਜਿਸ ਖਿਲਾਫ਼ ਕਿਸਾਨ ਜਥੇਬੰਦੀਆਂ ਵਿਚਲਾ ਰੋਹ ਤੇਜ਼ ਹੁੰਦਾ ਜਾ ਰਿਹਾ ਹੈ। ਇਸ ਖਿਲਾਫ਼ ਇਥੇ ਪ੍ਰਦਰਸ਼ਨ ਕਰਦਿਆਂ ਭਾਰਤੀ ਕਿਸਾਨ ਯੂਨੀਅਨਾਂ ਦੇ ਆਗੂਆਂ ਨੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਜਲਦ ਜਾਅਲੀ ਤੇ ਗੈਰ-ਤਸਦੀਕ ਬੀਜ਼ ਵੇਚਣ ਵਾਲੀਆਂ ਕੰਪਨੀਆਂ ਤੇ ਦੁਕਾਨਾਂ ਖਿਲਾਫ਼ ਕਾਰਵਾਈ ਨਾ ਕੀਤੀ ਗਈ ਤਾਂ ਕਿਸਾਨ ਜਥੇਬੰਦੀਆਂ ਵੱਲੋਂ ਪੰਜਾਬ ਪੱਧਰੀ ਸੰਘਰਸ਼ ਵਿੱਢਿਆ ਜਾਵੇਗਾ। ਇਸ ਮੌਕੇ ਗੱਲਬਾਤ ਕਰਦਿਆਂ ਹਰਦੀਪ ਸਿੰਘ ਗਾਲਿਬ ਜ਼ਿਲ਼ਾ ਪ੍ਰਧਾਨ ਬੀਕੇਯੂ (ਡਕੌਦਾ) ਅਤੇ ਮਹਿੰਦਰ ਸਿੰਘ ਕਮਾਲਪੁਰਾ ਰਾਏਕੋਟ ਪ੍ਰਧਾਨ ਨੇ ਆਖਿਆ ਕਿ ਪੰਜਾਬ ਸਰਕਾਰ ਦੀ ਮਿਲੀਭੁਗਤ ਸਦਕਾ ਹੀ ਪਿਛਲੇ ਕਈ ਸਾਲਾਂ ਤੋਂ ਕਿਸਾਨਾਂ ਦਾ ਨਕਲੀ ਤੇ ਗੈਰ-ਤਸਕੀਦ ਬੀਜ਼ਾਂ ਰਾਹੀਂ ਆਰਥਿਕ ਸੋਸ਼ਣ ਹੁੰਦਾ ਆ ਰਿਹਾ ਹੈ। ਇਸ ਲਈ ਇਨ੍ਹਾਂ ਕੰਪਨੀਆਂ ਖਿਲਾਫ਼ ਸਖਤ ਕਾਰਵਾਈ ਕੀਤੀ ਜਾਵੇ ਅਤੇ ਕਿਸਾਨਾਂ ਦੀ ਅੰਨ੍ਹੀ ਲੁੱਟ ਕਰਨ ਵਾਲੀਆਂ ਇਨ੍ਹਾਂ ਬੀਜ਼ ਕੰਪਨੀਆਂ ਤੋਂ ਕਿਸਾਨਾਂ ਦਾ ਲੁੱਟਿਆ ਰੁਪਇਆ ਵਾਪਸ ਦਿਵਾਇਆ ਜਾਵੇ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਤੋਂ ਬਾਹਰ ਇਹ ਬੀਜ਼ ਜਾਂ ਤਕਨੀਕ ਬਾਹਰ ਕਿਵੇਂ ਆਉਂਦੀ ਹੈ, ਉਸ ਦੀ ਜਾਂਚ ਕਰਵਾਈ ਜਾਵੇ।