ਸਰਕਾਰ ਵੱਲੋਂ ਜਲੰਧਰ ਨੂੰ ਰਾਹਤ, ਕੋਵਿਡ-19 ਦੇ ਟੈਸਟ ਅੰਮ੍ਰਿਤਸਰ ''ਚ ਕਰਨ ਦੀ ਦਿੱਤੀ ਮਨਜ਼ੂਰੀ
Tuesday, Apr 28, 2020 - 11:24 PM (IST)
ਜਲੰਧਰ,(ਧਵਨ)– ਪੰਜਾਬ ਸਰਕਾਰ ਨੇ ਇਕ ਅਹਿਮ ਫੈਸਲਾ ਲੈਂਦੇ ਹੋਏ ਜਲੰਧਰ 'ਚ ਕੋਰੋਨਾ ਵਾਇਰਸ ਨੂੰ ਲੈ ਕੇ ਕੀਤੇ ਜਾਣ ਵਾਲੇ ਸੈਂਪਲਾਂ ਦੇ ਟੈਸਟ ਹੁਣ ਪਟਿਆਲਾ ਦੀ ਥਾਂ ਅੰਮ੍ਰਿਤਸਰ 'ਚ ਕਰਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਪੰਜਾਬ ਦੇ ਉੱਚ ਮੈਡੀਕਲ ਸਿੱਖਿਆ ਮੰਤਰੀ ਨੂੰ ਓ. ਪੀ. ਸੋਨੀ ਨੇ ਦੱਸਿਆ ਕਿ ਜਲੰਧਰ ਦੇ ਟੈਸਟ ਪਟਿਆਲਾ ਦੀ ਥਾਂ ਅੰਮ੍ਰਿਤਸਰ ਦੇ ਸਰਕਾਰੀ ਮੈਡੀਕਲ ਕਾਲਜ 'ਚ ਕਰਨ ਨਾਲ ਇਕ ਤਾਂ ਟੈਸਟਿੰਗ ਦੇ ਕੰਮ 'ਚ ਤੇਜ਼ੀ ਆ ਜਾਵੇਗੀ ਅਤੇ ਨਾਲ ਹੀ ਸਿਹਤ ਮਾਹਰਾਂ ਨੂੰ ਰੋਜ਼ਾਨਾ ਸੈਂਪਲਾਂ ਨੂੰ ਪਟਿਆਲਾ ਭੇਜਣ 'ਚ ਹੋਣ ਵਾਲੀਆਂ ਪ੍ਰੇਸ਼ਾਨੀਆਂ ਤੋਂ ਬਚਾਅ ਹੋਵੇਗਾ।
ਜ਼ਿਕਰਯੋਗ ਹੈ ਕਿ ਪਟਿਆਲਾ ਤੋਂ ਪਹਿਲਾਂ ਕੋਰੋਨਾ ਵਾਇਰਸ ਦੇ ਸੈਂਪਲਾਂ ਦੇ ਟੈਸਟ ਫਰੀਦਕੋਟ 'ਚ ਹੋਇਆ ਕਰਦੇ ਸਨ ਪਰ ਜਲੰਧਰ ਤੋਂ ਫਰੀਦਕੋਟ ਦੀ ਦੂਰੀ ਨੂੰ ਦੇਖਦੇ ਹੋਏ ਇਹ ਟੈਸਟ ਪਟਿਆਲਾ ਦੇ ਸਰਕਾਰੀ ਮੈਡੀਕਲ ਕਾਲਜ 'ਚ ਕਰਨ ਨੂੰ ਮਨਜ਼ੂਰੀ ਦਿੱਤੀ ਗਈ ਸੀ ਪਰ ਪਟਿਆਲਾ ਵੀ ਜਲੰਧਰ ਤੋਂ ਲਗਭਗ 3 ਘੰਟੇ ਦੀ ਦੂਰੀ 'ਤੇ ਹੋਣ ਕਾਰਣ ਸਿਹਤ ਕਰਮਚਾਰੀਆਂ ਨੂੰ ਪ੍ਰੇਸ਼ਾਨੀ ਨਾਲ ਜੂਝਣਾ ਪੈ ਰਿਹਾ ਸੀ। ਜਦੋਂ ਇਹ ਮਾਮਲਾ ਉੱਚ ਮੈਡੀਕਲ ਸਿੱਖਿਆ ਮੰਤਰੀ ਓ. ਪੀ. ਸੋਨੀ ਦੇ ਧਿਆਨ 'ਚ ਲਿਆਂਦਾ ਗਿਆ ਤਾਂ ਉਨ੍ਹਾਂ ਨੇ ਤੁਰੰਤ ਕਾਰਵਾਈ ਕਰਦੇ ਹੋਏ ਜਲੰਧਰ 'ਚ ਕੋਰੋਨਾ ਵਾਇਰਸ ਲਈ ਜਾਣ ਵਾਲੇ ਸੈਂਪਲਾਂ ਦੇ ਟੈਸਟ ਪਟਿਆਲਾ ਦੀ ਥਾਂ ਅੰਮ੍ਰਿਤਸਰ 'ਚ ਕਰਨ ਨੂੰ ਅਧਿਕਾਰਕ ਮਨਜ਼ੂਰੀ ਦੇ ਦਿੱਤੀ। ਹੁਣ ਜਲੰਧਰ ਤੋਂ ਸੈਂਪਲਾਂ ਨੂੰ ਪਟਿਆਲਾ ਦੀ ਥਾਂ ਅੰਮ੍ਰਿਤਸਰ ਭੇਜਿਆ ਜਾ ਰਿਹਾ ਹੈ ਅਤੇ ਨਾਲ ਹੀ ਹੁਣ ਸੈਂਪਲਾਂ ਦੀ ਆਉਣ ਵਾਲੀ ਰਿਪੋਰਟਾਂ ਵੀ ਤੇਜ਼ ਆਉਣਗੀਆਂ। ਸੋਨੀ ਨੇ ਦੱਸਿਆ ਕਿ ਹੌਟਸਪਾਟ ਵਾਲੇ ਖੇਤਰਾਂ 'ਚ ਸਰਕਾਰ ਨੇ ਪਹਿਲਾਂ ਹੀ ਟੈਸਟਿੰਗ ਦੀ ਗਿਣਤੀ ਨੂੰ ਵਧਾਉਣ ਦੇ ਨਿਰਦੇਸ਼ ਜਾਰੀ ਕੀਤੇ ਹੋਏ ਹਨ ਇਸ ਲਈ ਜਲੰਧਰ ਵਰਗੇ ਹੌਟਸਪਾਟ ਖੇਤਰਾਂ ਤੋਂ ਲਏ ਜਾਣ ਵਾਲੇ ਸੈਂਪਲਾਂ ਨੂੰ ਟੈਸਟਿੰਗ ਲਈ ਅੰਮ੍ਰਿਤਸਰ ਮੈਡੀਕਲ ਕਾਲਜ 'ਚ ਲਿਆਂਦਾ ਜਾਵੇਗਾ। ਦੂਜੇ ਪਾਸੇ ਸਿਹਤ ਵਿਭਾਗ ਦੇ ਡਾਕਟਰਾਂ ਅਤੇ ਸਮੁੱਚੇ ਸਟਾਫ ਨੇ ਕੈਬਨਿਟ ਮੰਤਰੀ ਸੋਨੀ ਦਾ ਧੰਨਵਾਦ ਪ੍ਰਗਟਾਉਂਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਹੁਣ ਅੰਮ੍ਰਿਤਸਰ ਸੈਂਪਲਾਂ ਨੂੰ ਭੇਜਣ 'ਚ ਕਾਫੀ ਸਹੂਲਤ ਹੋਵੇਗੀ ਅਤੇ ਰਿਪੋਰਟਾਂ ਵੀ ਛੇਤੀ ਆ ਸਕਣਗੀਆਂ।