ਨਾਂਦੇੜ ਸਾਹਿਬ ਤੋਂ ਆਏ ਸ਼ਰਧਾਲੂਆਂ ਦੇ ਕੋਰੋਨਾ ਪਾਜ਼ੇਟਿਵ ਨਿਕਲਣ ''ਤੇ ਸਰਕਾਰ ਅਲਰਟ

Tuesday, Apr 28, 2020 - 08:50 PM (IST)

ਨਾਂਦੇੜ ਸਾਹਿਬ ਤੋਂ ਆਏ ਸ਼ਰਧਾਲੂਆਂ ਦੇ ਕੋਰੋਨਾ ਪਾਜ਼ੇਟਿਵ ਨਿਕਲਣ ''ਤੇ ਸਰਕਾਰ ਅਲਰਟ

ਚੰਡੀਗੜ੍ਹ (ਬਿਊਰੋ)- ਸੋਮਵਾਰ ਨੂੰ ਸ੍ਰੀ ਨਾਂਦੇੜ ਸਾਹਿਬ ਤੋਂ ਵਾਪਸ ਆਏ ਜੱਥੇ ਦੇ 8 ਸ਼ਰਧਾਲੂਆਂ ਦੇ ਕੋਰੋਨਾ ਪਾਜ਼ੇਟਿਵ ਪਾਏ ਜਾਣ ਤੋਂ ਬਾਅਦ ਪੰਜਾਬ ਸਰਕਾਰ ਨੇ ਬਾਹਰੀ ਸੂਬਿਆਂ ਤੋਂ ਆਉਣ ਵਾਲੇ ਹਰ ਨਾਗਰਿਕ ਦੀ ਮੈਡੀਕਲ ਸਕ੍ਰੀਨਿੰਗ ਕਰਨ ਦਾ ਫੈਸਲਾ ਕੀਤਾ ਹੈ। ਸੋਮਵਾਰ ਦੇਰ ਸ਼ਾਮ ਇਸ ਸਬੰਧ ਵਿਚ ਜਾਰੀ ਨੋਟੀਫਿਕੇਸ਼ਨ ਮੁਤਾਬਕ ਸੂਬੇ ਦੇ ਮਲਟੀ ਪਰਪਸ ਹੈਲਥ ਵਰਕਰ ਸੂਬੇ ਦੀਆਂ ਸਰਹੱਦਾਂ 'ਤੇ ਤਾਇਨਾਤ ਹੋਣਗੇ ਅਤੇ ਸੂਬੇ ਵਿਚ ਦਾਖਲ ਹੋਣ ਵਾਲੇ ਹਰ ਨਾਗਿਰਕ ਦੀ ਮੈਡੀਕਲ ਸਕ੍ਰੀਨਿੰਗ ਹੋਵੇਗੀ ਅਤੇ ਜੇਕਰ ਕਿਸੇ ਨਾਗਰਿਕ ਵਿਚ ਕੋਰੋਨਾ ਦੇ ਲੱਛਣ ਪਾਏ ਜਾਂਦੇ ਹਨ ਤਾਂ ਉਸ ਨੂੰ ਨਜ਼ਦੀਕੀ ਸਬ ਡਿਵੀਜ਼ਨ ਵਿਚ ਹਸਪਤਾਲ ਵਿਚ ਲਿਜਾਇਆ ਜਾਵੇਗਾ ਅਤੇ ਉਥੇ ਰੱਖ ਕੇ ਉਸ ਦੀ ਜਾਂਚ ਕਰਨ ਤੋਂ ਬਾਅਦ ਉਸ ਦੇ ਟੈਸਟ ਦੀ ਵਿਵਸਥਾ ਕੀਤੀ ਜਾਵੇਗੀ ਅਤੇ ਨਾਗਰਿਕਾਂ ਨੂੰ 14 ਦਿਨ ਨਿਗਰਾਨੀ ਵਿਚ ਰੱਖਿਆ ਜਾਵੇਗਾ।

ਮੁੱਖ ਸਕੱਤਰ ਵਲੋਂ ਇਸ ਬਾਰੇ ਇਕ ਵਿਸਤਾਰਤ ਪੱਤਰ ਸਾਰੇ ਜ਼ਿਲਿਆਂ ਦੇ ਡਿਪਟੀ ਕਮਿਸ਼ਨਰ ਅਤੇ ਸਿਹਤ ਅਧਿਕਾਰੀਆਂ ਨੂੰ ਭੇਜ ਕੇ ਇਸ ਦੀ ਤਿਆਰੀ ਕਰਨ ਨੂੰ ਕਿਹਾ ਗਿਆ ਹੈ। ਪੰਜਾਬ ਵਿਚ ਵੱਡੀ ਗਿਣਤੀ ਵਿਚ ਇੰਡਸਟਰੀ ਅਤੇ ਖੇਤੀ ਖੇਤਰ ਵਿਚ ਕੰਮ ਕਰਨ ਲਈ ਹੋਰ ਸੂਬਿਆਂ ਤੋਂ ਮਜ਼ਦੂਰ ਆਉਂਦੇ ਹਨ। ਲਿਹਾਜ਼ਾ ਸਰਕਾਰ ਹੁਣ ਇਸ ਮਾਮਲੇ ਵਿਚ ਕੋਈ ਜੋਖਮ ਨਹੀਂ ਲੈਣਾ ਚਾਹੁੰਦੀ ਅਤੇ ਪੂਰੀ ਤਰ੍ਹਾਂ ਨਾਲ ਸਕ੍ਰੀਨਿੰਗ ਹੋਣ ਤੋਂ ਬਾਅਦ ਹੀ ਪੰਜਾਬ ਵਿਚ ਲੋਕਾਂ ਨੂੰ ਐਂਟਰੀ ਮਿਲੇਗੀ। 

ਰਾਜਸਥਾਨ ਹਰਿਆਣਾ ਅਤੇ ਹਿਮਾਚਲ ਨਾਲ ਲੱਗਦੀਆਂ ਸਰਹੱਦਾਂ ਹੋਣਗੀਆਂ ਸੀਲ
ਪੰਜਾਬ ਦੀਆਂ ਸਰਹੱਦਾਂ ਹੋਸ਼ਿਆਰਪੁਰ ਅਤੇ ਆਨੰਦਪੁਰ ਸਾਹਿਬ ਵਿਚ ਹਿਮਾਚਲ ਪ੍ਰਦੇਸ਼ ਦੇ ਨਾਲ ਲੱਗਦੀਆਂ ਹਨ, ਜਦੋਂ ਕਿ ਮਾਲਵਾ ਵਿਚ ਅਬੋਹਰ ਦੀ ਸਰਹੱਦ ਗੰਗਾਨਗਰ ਵਿਚ ਰਾਜਸਥਾਨ ਦੇ ਨਾਲ ਅਤੇ ਜੀ.ਟੀ. ਰੋਡ 'ਤੇ ਮੁੱਖ ਮਾਰਗ ਹਰਿਆਣਾ ਦੇ ਨਾਲ ਲੱਗਣ ਦੇ ਨਾਲ-ਨਾਲ ਬਠਿੰਡਾ ਦੇ ਨਾਲ ਲੱਗਦੇ ਇਲਾਕੇ ਹਰਿਆਣਾ ਨਾਲ ਜੁੜੇ ਹਨ ਇਨ੍ਹਾਂ ਸਾਰੇ ਰਸਤਿਆਂ 'ਤੇ ਮੁੱਖ ਰਸਤਿਆਂ 'ਤੇ ਸਿਹਤ ਵਿਭਾਗ ਦੀਆਂ ਟੀਮਾਂ ਤਾਇਨਾਤ ਹੋਣਗੀਆਂ ਅਤੇ ਹਰ ਨਾਗਰਿਕ ਦੀ ਸਕ੍ਰੀਨਿੰਗ ਹੋਵੇਗੀ।


author

Sunny Mehra

Content Editor

Related News