ਸਰਕਾਰੀ ਅਧਿਆਪਕਾਂ ਵੱਲੋਂ NRI ਸਾਂਭਣ ਦੀ ਡਿਊਟੀ ਸ਼ੁਰੂ, ਜਾਣੋ ਪਹਿਲੇ ਦਿਨ ਦਾ ਹਾਲ

Thursday, Jul 16, 2020 - 02:31 PM (IST)

ਸਰਕਾਰੀ ਅਧਿਆਪਕਾਂ ਵੱਲੋਂ NRI ਸਾਂਭਣ ਦੀ ਡਿਊਟੀ ਸ਼ੁਰੂ, ਜਾਣੋ ਪਹਿਲੇ ਦਿਨ ਦਾ ਹਾਲ

ਲੁਧਿਆਣਾ (ਨਰਿੰਦਰ) : ਪੰਜਾਬ ਸਰਕਾਰ ਵੱਲੋਂ ਇੱਕ ਅਹਿਮ ਫਰਮਾਨ ਸੁਣਾਉਂਦੇ ਹੋਏ ਵਿਦੇਸ਼ਾਂ ਤੋਂ ਆ ਰਹੇ ਐੱਨ. ਆਰ. ਆਈ. ਲੋਕਾਂ ਨੂੰ ਲਿਆਉਣ ਲਈ ਲੁਧਿਆਣਾ ਦੇ ਸਰਕਾਰੀ ਅਧਿਆਪਕਾਂ ਦੀਆਂ ਡਿਊਟੀਆਂ ਲਈਆਂ ਗਈਆਂ ਹਨ। ਅਧਿਆਪਕਾਂ ਦੀ ਇਹ ਡਿਊਟੀ ਅੱਜ ਤੋਂ ਸ਼ੁਰੂ ਹੋ ਗਈ ਹੈ। ਆਪਣੀ ਡਿਊਟੀ ਦੇ ਪਹਿਲੇ ਦਿਨ ਬਾਹਰੋਂ ਆ ਰਹੇ ਵਿਦੇਸ਼ੀਆਂ ਨੂੰ ਏਅਰਪੋਰਟ ਤੋਂ ਲਿਆਉਣ ਲਈ 25 ਅਧਿਆਪਕਾਂ ਨੂੰ ਅੱਜ ਲੁਧਿਆਣਾ ਦੇ ਗਲਾਡਾ ਦਫ਼ਤਰ ਹਾਜ਼ਰੀ ਲਗਾਉਣੀ ਸੀ ਪਰ ਇਨ੍ਹਾਂ 'ਚੋਂ ਸਿਰਫ 11 ਅਧਿਆਪਕ ਹੀ ਪਹੁੰਚੇ, ਜਿਨ੍ਹਾਂ ਨੇ ਮੀਡੀਆ ਨਾਲ ਕੋਈ ਗੱਲਬਾਤ ਨਹੀਂ ਕੀਤੀ।

ਇਹ ਵੀ ਪੜ੍ਹੋ : ਪੰਜਾਬ 'ਚ ਕੋਰੋਨਾ ਨੂੰ ਲੈ ਕੇ DGP ਦਾ ਵੱਡਾ ਫ਼ੈਸਲਾ, ਪੁਲਸ ਮੁਖੀਆਂ ਨੂੰ ਹਦਾਇਤਾਂ ਜਾਰੀ

ਉਧਰ ਦੂਜੇ ਪਾਸੇ ਲੁਧਿਆਣਾ ਦੀ ਜ਼ਿਲ੍ਹਾ ਸਿੱਖਿਆ ਅਫਸਰ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਹੀ ਇਹ ਡਿਊਟੀਆਂ ਲਾਈਆਂ ਜਾਂਦੀਆਂ ਹਨ ਅਤੇ ਜੋ ਵੀ ਮੰਗ ਪ੍ਰਸ਼ਾਸਨ ਵੱਲੋਂ ਕੀਤੀ ਜਾਂਦੀ ਹੈ, ਉਹ ਉਸ ਨੂੰ ਪੂਰੀ ਕਰਦੇ ਹਨ। ਇਸ ਸਬੰਧੀ ਜਦੋਂ ਗਲਾਡਾ ਦੇ ਸਹਾਇਕ ਅਫ਼ਸਰ ਗੁਰਮੀਤ ਸਿੰਘ ਬਰਾੜ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸਿਰਫ ਸਿੱਖਿਆ ਮਹਿਕਮਾ ਹੀ ਨਹੀਂ ਸਗੋਂ ਹਰ ਮਹਿਕਮੇ ਦੇ ਅਧਿਕਾਰੀਆਂ, ਮੁਲਾਜ਼ਮਾਂ ਦੀਆਂ ਡਿਊਟੀਆਂ ਲਾਈਆਂ ਜਾ ਰਹੀਆਂ ਹਨ।

ਇਹ ਵੀ ਪੜ੍ਹੋ : ਸਰਕਾਰੀ ਅਧਿਆਪਕਾਂ ਲਈ ਨਵਾਂ ਫਰਮਾਨ, ਸਾਂਭਣੇ ਪੈਣਗੇ ਵਿਦੇਸ਼ਾਂ ਤੋਂ ਆਏ NRI ਲੋਕ

ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ 25 ਅਧਿਆਪਕਾਂ ਦੀਆਂ ਡਿਊਟੀਆਂ ਲੱਗੀਆਂ ਸਨ, ਜਿਨ੍ਹਾਂ ਚੋਂ ਅੱਜ ਸਵੇਰੇ ਉਨ੍ਹਾਂ ਕੋਲ 11 ਅਧਿਆਪਕ ਹੀ ਹਾਜ਼ਰੀ ਲਗਾਉਣ ਪਹੁੰਚੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਇਨ੍ਹਾਂ ਅਧਿਆਪਕਾਂ ਦਾ ਕਿਸੇ ਵੀ ਤਰ੍ਹਾਂ ਐੱਨ. ਆਰ. ਆਈ. ਲੋਕਾਂ ਨਾਲ ਕੋਈ ਸੰਪਰਕ ਨਹੀਂ ਹੁੰਦਾ ਕਿਉਂਕਿ ਅਧਿਆਪਕਾਂ ਵੱਲੋਂ ਸਿਰਫ ਉਨ੍ਹਾਂ ਦੀ ਗਿਣਤੀ ਕੀਤੀ ਜਾਣੀ ਹੈ ਅਤੇ ਵੱਖ-ਵੱਖ ਗੱਡੀਆਂ 'ਚ ਬਿਠਾ ਕੇ ਉਨ੍ਹਾਂ ਨੂੰ ਲਿਆਉਣਾ ਹੈ ਪਰ ਉਨ੍ਹਾਂ ਨਾਲ ਕੋਈ ਸਰੀਰਕ ਸੰਪਰਕ ਨਹੀਂ ਲਿਆਉਣਾ। ਉਨ੍ਹਾਂ ਕਿਹਾ ਕਿ ਇੱਕ ਵਾਰੀ ਅਧਿਆਪਕ ਦੀ ਡਿਊਟੀ ਲੱਗਣ ਤੋਂ ਬਾਅਦ ਉਸ ਨੂੰ 4 ਤੋਂ 5 ਦਿਨ ਲਈ ਆਰਾਮ ਵੀ ਦਿੱਤਾ ਜਾਂਦਾ ਹੈ।
ਦੂਜੇ ਪਾਸੇ ਜਦੋਂ ਲੁਧਿਆਣਾ ਦੀ ਜ਼ਿਲ੍ਹਾ ਸਿੱਖਿਆ ਅਫ਼ਸਰ ਸਵਰਨਜੀਤ ਕੌਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਜਦੋਂ ਵੀ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਮੰਗ ਕੀਤੀ ਜਾਂਦੀ ਹੈ ਤਾਂ ਉਹ ਅਧਿਆਪਕ ਮੁਹੱਈਆ ਕਰਵਾਉਂਦੇ ਹਨ ਕਿਉਂਕਿ ਅਧਿਆਪਕਾਂ ਦੀ ਡਿਊਟੀ ਕਿਸ ਕੰਮ 'ਤੇ ਲਾਉਣੀ ਹੈ, ਅੱਗੇ ਉਨ੍ਹਾਂ ਦਾ ਹੀ ਫ਼ੈਸਲਾ ਹੁੰਦਾ ਹੈ। ਉਨ੍ਹਾਂ ਕਿਹਾ ਕਿ 25 ਅਧਿਆਪਕਾਂ ਦੀ ਫਿਲਹਾਲ ਡਿਊਟੀ ਲਾਈ ਗਈ ਹੈ। ਹਾਲਾਂਕਿ ਦੋਹਾਂ ਮਹਿਕਮਿਆਂ ਦੇ ਅਫ਼ਸਰਾਂ ਵੱਲੋਂ ਸਰਕਾਰ ਦੀ ਮੰਗ ਅਤੇ ਕੋਵਿਡ ਤੋਂ ਬਚਾਅ ਦੀ ਗੱਲ ਕਹਿ ਕੇ ਆਪਣਾ ਪੱਲਾ ਜ਼ਰੂਰ ਝਾੜ ਲਿਆ ਗਿਆ। ਇਸ ਮਾਮਲੇ ਬਾਰੇ ਕੋਈ ਵੀ ਅਧਿਆਪਕ ਕੈਮਰੇ ਅੱਗੇ ਨਹੀਂ ਆਉਣਾ ਚਾਹੁੰਦਾ ਪਰ ਸਰਕਾਰੀ ਅਧਿਆਪਕਾਂ ਦੀਆਂ ਡਿਊਟੀਆਂ ਅਜਿਹੇ ਕੰਮਾਂ 'ਤੇ ਲਾਉਣ ਨੂੰ ਲੈ ਕੇ ਸਵਾਲ ਜ਼ਰੂਰ ਖੜ੍ਹੇ ਹੋ ਰਹੇ ਹਨ।
ਇਹ ਵੀ ਪੜ੍ਹੋ : ਹਸਪਤਾਲ 'ਚ ਦਾਖਲ ਨੇ ਕੋਰੋਨਾ ਪੀੜਤ ਮੰਤਰੀ 'ਬਾਜਵਾ', ਜਾਣੋ ਸਿਹਤ ਦਾ ਹਾਲ
 


author

Babita

Content Editor

Related News