ਸਰਕਾਰੀ ਅਧਿਆਪਕ ਨੇ ਲਗਾਤਾਰ ਦੂਜੇ ਸਾਲ ਵੀ ਸਾਰਾ ਸਾਲ ਸਕੂਲ ਪਹੁੰਚ ਕੇ ਕੀਤਾ ਕੀਰਤੀਮਾਨ ਸਥਾਪਤ
Saturday, Jan 02, 2021 - 12:35 PM (IST)
ਸੰਗਰੂਰ (ਵਿਜੈ ਕੁਮਾਰ ਸਿੰਗਲਾ): ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਹਥਨ ਵਿੱਚ ਬਤੌਰ ਪੰਜਾਬੀ ਮਾਸਟਰ ਵਜੋਂ ਸੇਵਾ ਨਿਭਾਅ ਰਹੇ ਕੁਲਦੀਪ ਸਿੰਘ ਮਰਾਹੜ ਨੇ ਲਗਾਤਾਰ ਦੂਜੇ ਸਾਲ ਸਾਰਾ ਸਾਲ ਸਕੂਲ ਪਹੁੰਚ ਕੇ ਸਕੂਲ ਦੀ ਦਿੱਖ ਬਦਲ ਕੇ ਨਵਾਂ ਕੀਰਤੀਮਾਨ ਸਥਾਪਤ ਕੀਤਾ ਹੈ। ਇਹ ਅਧਿਆਪਕ ਸਾਲ 2019 ਵਿੱਚ 365 ਦਿਨ ਸਕੂਲ ਪਹੁੰਚਿਆ , ਲੰਘੇ ਵਰ੍ਹੇ 2020 ਵਿੱਚ 366 ਦਿਨ ਲਗਾਤਾਰ ਸਕੂਲ ਪਹੁੰਚ ਕੇ ਦੋਵੇਂ ਵਰ੍ਹਿਆਂ ਦੇ ਲਗਾਤਾਰ 731 ਦਿਨ ਕਰਮਭੂਮੀ ਦੀ ਸੇਵਾ ਕਰਨ ਵਾਲਾ ਦੁਨੀਆਂ ਇੱਕਲੌਤਾ ਅਧਿਆਪਕ ਬਣ ਚੁੱਕਾ ਹੈ। ਇਹ ਅਧਿਆਪਕ ਸਕੂਲ ਸਮੇਂ ਵਿੱਚ ਵਿਦਿਆਰਥੀਆਂ ਨੂੰ ਪੜਾਉਣ ਵਿਚ ਰੁਝਿਆ ਰਹਿੰਦਾ ਹੈ ਅਤੇ ਸਕੂਲ ਸਮੇਂ ਤੋਂ ਬਾਅਦ ਅਤੇ ਸਾਰੇ ਛੁੱਟੀ ਵਾਲੇ ਦਿਨ ਸਕੂਲ ਭਲਾਈ ਦੇ ਕਾਰਜਾਂ ਅਤੇ ਵਿਦਿਆਰਥੀਆਂ ਦੀ ਭਲਾਈ ਦੇ ਕਾਰਜਾਂ ਵਿਚ ਰੁਝਿਆ ਰਹਿੰਦਾ ਹੈ।
ਇਹ ਵੀ ਪੜ੍ਹੋ: ਸਾਲ 2020! ਅਧਿਆਪਕਾਂ, ਵਿਦਿਆਰਥੀਆਂ ਤੇ ਹੋਰ ਜਥੇਬੰਦੀਆਂ ਦੇ ਨਿਸ਼ਾਨੇ ’ਤੇ ਰਹੀ ਸਿੱਖਿਆ ਮੰਤਰੀ ਦੀ ਰਿਹਾਇਸ਼
ਪਿ੍ੰਸੀਪਲ ਮੈਡਮ ਸੁਖਜੀਤ ਕੌਰ ਸੋਹੀ ਨੇ ਦੱਸਿਆ ਕਿ ਕੁਲਦੀਪ ਸਿੰਘ ਮਰਾਹੜ ਨੇ ਪਿਛਲੇ ਦੋਵਾਂ ਸਾਲਾਂ ਦੌਰਾਨ ਵੱਖ-ਵੱਖ ਦਾਨੀ ਸੱਜਣਾਂ ਤੋਂ ਲਗਭਗ ਸੱਤ ਲੱਖ ਰੁਪਏ ਇਕੱਠੇ ਕਰਕੇ ਸਕੂਲ ਦੀ ਨੁਹਾਰ ਬਦਲਣ ਵਿੱਚ ਅਹਿਮ ਯੋਗਦਾਨ ਪਾਇਆ। ਉਹਨਾਂ ਇਹ ਵੀ ਦੱਸਿਆ ਕਿ ਲੌਕਡਾਊਨ ਦੌਰਾਨ ਸਕੂਲ ਦੀ ਨੁਹਾਰ ਬਦਲੀ , ਝੂਲਿਆਂ ਦਾ ਪਾਰਕ, 400 ਬੂਟੇ , ਲਾਇਬ੍ਰੇਰੀ, ਆਰਟ ਰੂਮ, ਮਿਡ-ਡੇ-ਮੀਲ ਬ੍ਰਾਂਡਾਂ, ਨਵੀਂ ਸਟੇਜ ਦਾ ਨਿਰਮਾਣ ਕਰਵਾਇਆ ਗਿਆ, ਇਹਨਾਂ ਸਾਰੇ ਕਾਰਜਾਂ ਵਿਚ ਇਸ ਅਧਿਆਪਕ ਨੇ ਅਹਿਮ ਜ਼ਿੰਮੇਵਾਰੀ ਨਿਭਾਈ। ਲੈਕਚਰਾਰ ਹਿਸਟਰੀ ਲਾਭ ਸਿੰਘ ਨੇ ਦੱਸਿਆ ਕਿ ਇਹ ਅਧਿਆਪਕ ਨੇ ਸਕੂਲ ਦੀਆਂ ਦੋਵੇਂ ਬੱਸਾਂ ਲੈਣ ਅਤੇ ਉਨ੍ਹਾਂ ਦੀ ਸਾਂਭ-ਸੰਭਾਲ ਵਿਚ ਅਹਿਮ ਭੂਮਿਕਾ ਨਿਭਾ ਰਿਹਾ ਹੈ। ਪਿੰਡ ਦੇ ਸਰਪੰਚ ਰਘਬੀਰ ਸਿੰਘ ਨੇ ਕਿਹਾ ਕਿ ਇਸ ਅਧਿਆਪਕ ਦਾ ਸਕੂਲ ਅਤੇ ਵਿਦਿਆਰਥੀਆਂ ਪ੍ਰਤੀ ਮੋਹ ਸਲਾਹੁਣਯੋਗ ਕਾਰਜ ਹੈ। ਪਿੰਡ ਵਾਸੀਆਂ, ਵਿਦਿਆਰਥੀਆਂ, ਸਮੂਹ ਪੰਚਾਇਤ, ਸਕੂਲ ਮੈਨੇਜ਼ਮੈਂਟ ਕਮੇਟੀ , ਸਿੱਖਿਆ ਵਿਭਾਗ ਅਤੇ ਸਮੂਹ ਸਟਾਫ ਨੂੰ ਕੁਲਦੀਪ ਸਿੰਘ ਮਰਾਹੜ ਦੀ ਕੀਤੀ ਨਿਰਸਵਾਰਥ ਸੇਵਾ ਕਰਕੇ ਇਸ ਅਧਿਆਪਕ ਉਪਰ ਪੂਰਾ ਮਾਣ ਮਹਿਸੂਸ ਹੋ ਰਿਹਾ ਹੈ। ਇੱਕ ਜਨਵਰੀ 2021 ਨੂੰ ਸਕੂਲ ਪਹੁੰਚਣ ਤੇ ਇਸ ਅਧਿਆਪਕ ਦਾ ਪ੍ਰਿੰਸੀਪਲ ਸਮੇਤ ਸਮੂਹ ਸਟਾਫ਼ ਨੇ ਨਿੱਘਾ ਸਵਾਗਤ ਕੀਤਾ।
ਇਹ ਵੀ ਪੜ੍ਹੋ: ਦੁਖਦਾਇਕ ਖ਼ਬਰ: ਦਿੱਲੀ ਮੋਰਚੇ ’ਚ ਬੈਠੇ ਇਕ ਹੋਰ ਕਿਸਾਨ ਦੀ ਹੋਈ ਮੌਤ
ਇਸ ਮੌਕੇ ਉਪਰੋਕਤ ਸ਼ਖ਼ਸੀਅਤਾਂ ਤੋਂ ਇਲਾਵਾ ਰਮਨਦੀਪ ਕੌਰ, ਅਮਰਦੀਪ ਕੌਰ, ਗੁਰਪ੍ਰੀਤ ਕੌਰ, ਪਰਮਜੀਤ ਕੌਰ, ਰਾਜਵੀਰ ਕੌਰ, ਗੁਲਜੀਤ ਕੌਰ, ਨਵਜੀਤ ਸਿੰਘ, ਗੁਰਦੀਪ ਸਿੰਘ, ਵਿਸ਼ਨੂੰ ਕੁਮਾਰ, ਕੇਵਲ ਕਿ੍ਸ਼ਨ, ਗੁਰਪ੍ਰੀਤ ਸਿੰਘ, ਯਾਦਵਿੰਦਰ ਸਮੇਤ ਸਮੂਹ ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਸਨ।